ਤਾਜਾ ਖਬਰਾਂ
ਜਗਦੀਸ਼ ਥਿੰਦ
ਫਿਰੋਜ਼ਪੁਰ, 26 ਅਗਸਤ 2026 ,
ਪੰਜਾਬੀ ਫਿਲਮ ‘ਬੋਲ ਭਾਵੇਂ ਨਾ ਬੋਲ’ ਦੀ ਟੀਮ ਅੱਜ ਫਿਲਮ ਦੇ ਪ੍ਰਚਾਰ ਲਈ ਫਿਰੋਜ਼ਪੁਰ ਪਹੁੰਚੀ। ਟੀਮ ਵੱਲੋਂ ਸ਼ਹਿਰ ਦੇ ਵੱਖ-ਵੱਖ ਕਾਲਜਾਂ ਦਾ ਦੌਰਾ ਕਰਕੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਗਈ ਅਤੇ ਫਿਲਮ ਦੀ ਕਹਾਣੀ, ਕਿਰਦਾਰਾਂ ਅਤੇ ਇਸ ਨਾਲ ਜੁੜੇ ਤਜਰਬਿਆਂ ਬਾਰੇ ਗੱਲਬਾਤ ਕੀਤੀ ਗਈ। ਇਸ ਤੋਂ ਬਾਅਦ ਫਿਲਮ ਦੀ ਟੀਮ ਫਿਰੋਜ਼ਪੁਰ ਦੇ ਸਤਲੁਜ ਪ੍ਰੈਸ ਕਲੱਬ ਵਿਖੇ ਪਹੁੰਚੀ, ਜਿੱਥੇ ਮੀਡੀਆ ਨਾਲ ਰੂਬਰੂ ਹੁੰਦਿਆਂ ਫਿਲਮ ਸਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਮੌਕੇ ਫਿਲਮ ਦੇ ਮੁੱਖ ਅਦਾਕਾਰ ਸਿਦਕ ਗਿੱਲ ਨੇ ਕਿਹਾ ਕਿ 4 ਸਤੰਬਰ ਨੂੰ ਰਿਲੀਜ ਹੋ ਰਹੀ ਇਹ ਫਿਲਮ “ਬੋਲ ਭਾਵੇਂ ਨਾ ਬੋਲ’ ਉਨ੍ਹਾਂ ਲਈ ਬੇਹੱਦ ਖਾਸ ਫਿਲਮ ਹੈ, ਕਿਉਂਕਿ ਉਹ ਪਹਿਲੀ ਵਾਰ ਬਤੌਰ ਹੀਰੋ ਵੱਡੇ ਪਰਦੇ ’ਤੇ ਨਜ਼ਰ ਆਉਣਗੇ। ਹਾਲਾਂਕਿ ਇਸ ਤੋਂ ਪਹਿਲਾਂ ਉਹ ਅੱਧੀ ਦਰਜਨ ਤੋਂ ਵੱਧ ਪੰਜਾਬੀ ਫਿਲਮਾਂ ਵਿੱਚ ਅਸਿਸਟੈਂਟ ਡਾਇਰੈਕਟਰ ਵਜੋਂ ਕੰਮ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਸਿਸਟੈਂਟ ਡਾਇਰੈਕਟਰ ਵਜੋਂ ਫਿਲਮਮੇਕਿੰਗ ਨੂੰ ਨੇੜਿਓਂ ਸਮਝਣ ਤੋਂ ਬਾਅਦ ਬਤੌਰ ਮੁੱਖ ਅਦਾਕਾਰ ਵੱਡੇ ਪਰਦੇ ’ਤੇ ਆਉਣਾ ਉਨ੍ਹਾਂ ਲਈ ਇੱਕ ਨਵਾਂ ਅਤੇ ਯਾਦਗਾਰ ਤਜਰਬਾ ਹੈ।
ਫਿਲਮ ਦੀ ਮੇਨ ਲੀਡ ਅਦਾਕਾਰਾ ਜਾਨਿਆ ਜੋਸ਼ੀ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ‘ਬੋਲ ਭਾਵੇਂ ਨਾ ਬੋਲ’ ਉਨ੍ਹਾਂ ਦੀ ਬਤੌਰ ਹੀਰੋਇਨ ਪਹਿਲੀ ਪੰਜਾਬੀ ਫਿਲਮ ਹੈ। ਉਨ੍ਹਾਂ ਕਿਹਾ ਕਿ ਇਸ ਫਿਲਮ ਰਾਹੀਂ ਪੰਜਾਬੀ ਸਿਨੇਮਾ ਦਾ ਹਿੱਸਾ ਬਣਨਾ ਅਤੇ ਦਰਸ਼ਕਾਂ ਦੇ ਸਾਹਮਣੇ ਆਉਣਾ ਉਨ੍ਹਾਂ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ। “ਰਿਦਮ ਬੁਆਏਜ ਇੰਟਰਟੇਨਮੈਂਟ” ਦੇ ਬੈਨਰ ਹੇਠ ਬਣੀ ਇਸ ਫਿਲਮ ਨੂੰ ਡਾਇਰੈਕਟ ਰਾਕੇਸ਼ ਧਵਨ ਨੇ ਕੀਤਾ ਹੈ, ਫ਼ਿਲਮ ਦੀ ਕਹਾਣੀ ਵੀ ਉਨ੍ਹਾਂ ਨੇ ਹੀ ਲਿਖੀ ਹੈ। ਇਸ ਫਿਲਮ ਵਿੱਚ ਸਿਦਕ ਗਿੱਲ ਤੇ ਜਾਨਿਆ ਜੋਸ਼ੀ ਤੋਂ ਇਲਾਵਾ ਪਰਮਜੀਤ ਪੁਰੇਵਾਲ, ਹਰਦੀਪ ਗਿੱਲ, ਕਾਕਾ, ਪਵਨ ਮਲਹੋਤਰਾ ਅਤੇ ਜਸਪਾਲ ਦਿਓਲ ਸਮੇਤ ਕਈ ਹੋਰ ਚਿਹਰੇ ਨਜ਼ਰ ਆੳੇਂਣਗੇ। ਨਿਰਮਾਤਾ ਕਾਰਜ ਗਿੱਲ ਅਤੇ ਦਰਸ਼ਨ ਸ਼ਰਮਾ ਦੀ ਇਹ ਫਿਲਮ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਦਾ ਦਮ ਰੱਖਦੀ ਹੈ। ਫਿਲਮ ਦੀ ਟੀਮ ਨੇ ਕਿਹਾ ਕਿ ‘ਬੋਲ ਭਾਵੇਂ ਨਾ ਬੋਲ’ ਸਿਰਫ਼ ਇੱਕ ਫਿਲਮ ਨਹੀਂ, ਸਗੋਂ ਨਵੀਂ ਪੀੜ੍ਹੀ ਦੇ ਕਲਾਕਾਰਾਂ ਅਤੇ ਨਵੇਂ ਵਿਚਾਰਾਂ ਨੂੰ ਪੰਜਾਬੀ ਸਿਨੇਮਾ ਵਿੱਚ ਮੌਕਾ ਦੇਣ ਦੀ ਇੱਕ ਕੋਸ਼ਿਸ਼ ਹੈ। ਟੀਮ ਨੂੰ ਉਮੀਦ ਹੈ ਕਿ ਦਰਸ਼ਕ ਇਸ ਨਵੀਂ ਕੋਸ਼ਿਸ਼ ਨੂੰ ਭਰਪੂਰ ਪਿਆਰ ਅਤੇ ਸਮਰਥਨ ਦੇਣਗੇ।
Get all latest content delivered to your email a few times a month.