ਤਾਜਾ ਖਬਰਾਂ
ਜਗਦੀਸ਼ ਥਿੰਦ, ਬਿਊਰੋ ਚੀਫ਼, ਬੋਲਦਾ ਪੰਜਾਬ ( boldapunjab.com)
ਗੁਰੂ ਹਰ ਸਹਾਏ, 28 ਨਵੰਬਰ 2026: ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਵਿਧਾਨ ਸਭਾ ਹਲਕਾ ਗੁਰੂ ਹਰ ਸਹਾਏ ਤੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੇ ਸੰਭਾਵੀ ਉਮੀਦਵਾਰ ਅਤੇ ਸੀਨੀਅਰ ਅਕਾਲੀ ਆਗੂ ਸਰਦਾਰ ਵਰਦੇਵ ਸਿੰਘ ਨੋਨੀ ਮਾਨ ਨੇ ਇਲਾਕੇ ਦੀ ਪ੍ਰਮੁੱਖ ਧਾਰਮਿਕ ਸੰਸਥਾ ਡੇਰਾ ਸ੍ਰੀ ਭਜਨਗੜ੍ਹ ਸਾਹਿਬ, ਗੋਲੂ ਕਾ ਮੋੜ ਵਿਖੇ ਸੰਤਾਂ ਦੀ ਪਵਿੱਤਰ ਯਾਦ ਵਿੱਚ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਨਤਮਸਤਕ ਹੋਏ। ਡੇਰਾ ਸ੍ਰੀ ਭਜਨਗੜ੍ਹ ਸਾਹਿਬ ਦੇ ਮੌਜੂਦਾ ਗੱਦੀਨਸ਼ੀਨ ਸੰਤ ਬਾਬਾ ਰਜਿੰਦਰ ਸਿੰਘ ਜੀ ਵੱਲੋਂ ਸਰਦਾਰ ਵਰਦੇਵ ਸਿੰਘ ਨੋਨੀ ਮਾਨ ਨੂੰ ਸਿਰੋਪਾਓ ਦੀ ਬਖ਼ਸ਼ਿਸ਼ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਆਸ਼ੀਰਵਾਦ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਸਰਦਾਰ ਵਰਦੇਵ ਸਿੰਘ ਨੋਨੀ ਮਾਨ ਦੇ ਸਤਿਕਾਰਯੋਗ ਪਿਤਾ ਅਤੇ ਮਰਹੂਮ ਮੈਂਬਰ ਪਾਰਲੀਮੈਂਟ ਸਰਦਾਰ ਜੋਰਾ ਸਿੰਘ ਮਾਨ ਦੇ ਕਾਰਜਕਾਲ ਤੋਂ ਹੀ ਮਾਨ ਪਰਿਵਾਰ ਦੀ ਇਸ ਧਾਰਮਿਕ ਸੰਸਥਾ ਨਾਲ ਗੂੜ੍ਹੀ ਸਾਂਝ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਵੀ ਮਾਨ ਪਰਿਵਾਰ ਨੂੰ ਇਸ ਧਾਰਮਿਕ ਸੰਸਥਾ ਨਾਲ ਜੁੜ ਕੇ ਅਨੇਕਾਂ ਮੌਕਿਆਂ ’ਤੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।
ਸਰਦਾਰ ਵਰਦੇਵ ਸਿੰਘ ਨੋਨੀ ਮਾਨ ਵੱਲੋਂ ਵੀ ਆਪਣੇ ਪਿਤਾ ਦੇ ਸਮੇਂ ਤੋਂ ਚੱਲੀ ਆ ਰਹੀ ਇਸ ਧਾਰਮਿਕ ਸਾਂਝ ਨੂੰ ਬਰਕਰਾਰ ਰੱਖਿਆ ਜਾ ਰਿਹਾ ਹੈ।
ਵੱਡੀ ਗਿਣਤੀ ਵਿੱਚ ਪਤਵੰਤੇ ਰਹੇ ਹਾਜ਼ਰ
ਇਸ ਮੌਕੇ ਸਰਦਾਰ ਵਰਦੇਵ ਸਿੰਘ ਨੋਨੀ ਮਾਨ ਦੇ ਨਾਲ ਸਾਬਕਾ ਸਰਪੰਚ ਤਿਲਕ ਰਾਜ, ਸੀਨੀਅਰ ਅਕਾਲੀ ਆਗੂ ਅਸ਼ੋਕ ਕੁਮਾਰ ਸਰਪੰਚ ਸ਼ੇਖੜਾ, ਸੁਰਿੰਦਰ ਕੁਮਾਰ ਨੰਦਾ, ਸ਼ੇਰ ਚੰਦ ਬੂੰਗੀ, ਅਸ਼ੋਕ ਕੁਮਾਰ ਸਾਬਕਾ ਸਰਪੰਚ ਸੈਦੇ ਕੇ ਮੋਹਨ ਤੋਂ ਇਲਾਵਾ ਇਲਾਕੇ ਦੀਆਂ ਹੋਰ ਵੀ ਪਤਵੰਤੀਆਂ ਸ਼ਖ਼ਸੀਅਤਾਂ ਮੌਜੂਦ ਸਨ।
ਪੰਜਾਬ ਵਿਧਾਨ ਸਭਾ ਚੋਣਾਂ 2027 ਦੇ ਮੱਦੇਨਜ਼ਰ ਹਲਕਾ ਗੁਰੂ ਹਰ ਸਹਾਏ ਵਿੱਚ ਸਿਆਸੀ ਸਰਗਰਮੀਆਂ ਦਰਮਿਆਨ ਨੋਨੀ ਮਾਨ ਦੀ ਇਸ ਧਾਰਮਿਕ ਸਮਾਗਮ ਵਿੱਚ ਸ਼ਮੂਲੀਅਤ ਵੀ ਚਰਚਾ ਦਾ ਵਿਸ਼ਾ ਬਣ ਸਕਦੀ ਹੈ। ਹਾਲਾਂਕਿ ਉਨ੍ਹਾਂ ਦੀ ਉਮੀਦਵਾਰੀ ਨੂੰ ਅਜੇ ਸੰਭਾਵੀ ਉਮੀਦਵਾਰੀ ਵਜੋਂ ਹੀ ਦੇਖਿਆ ਜਾ ਰਿਹਾ ਹੈ। ਭਜਨਗੜ੍ਹ ਸਾਹਿਬ ਤੋਂ ਸਰੋਪਾਓ ਰੂਪੀ ਅਸ਼ੀਰਵਾਦ ਮਿਲਣਾ ਬੜੇ ਮਾਣ ਵਾਲੀ ਗੱਲ ਕਰਾਰ ਦਿੱਤੀ ਜਾਂਦੀ ਹੈ।
ਗੁਰਦੁਆਰਾ ਸਾਹਿਬ ਤੋਂ ਬਾਹਰ ਆ ਕੇ ਮੀਡੀਆ ਅਦਾਰਾ ਬੋਲਦਾ ਪੰਜਾਬ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਦਿਆਂ ਸਰਦਾਰ ਬਲਦੇਵ ਸਿੰਘ ਮਾਨ ਨੇ ਭਰੋਸਾ ਪ੍ਰਗਟ ਕੀਤਾ ਕਿ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ 27 ਦੀਆਂ ਚੋਣਾਂ ਵਿੱਚ ਆਪਣੀ ਸਰਕਾਰ ਬਣਾਵੇਗਾ। ਇਸ ਸਰਕਾਰ ਬਣਨ ਨਾਲ ਪੰਜਾਬ ਅੰਦਰ ਤਰੱਕੀ ਦੀਆਂ ਨਵੀਆਂ ਬੁਲੰਦੀਆਂ ਛੂਹਣ ਦੇ ਪ੍ਰੋਗਰਾਮ ਇੱਕ ਵਾਰ ਫਿਰ ਤੋਂ ਪੰਜਾਬ ਅੰਦਰ ਲਾਗੂ ਹੁੰਦੇ ਦਿਖਾਈ ਦੇਣਗੇ।
Get all latest content delivered to your email a few times a month.