ਤਾਜਾ ਖਬਰਾਂ
ਜਗਦੀਸ਼ ਥਿੰਦ, ਬਿਊਰੋ ਚੀਫ਼, ਬੋਲਦਾ ਪੰਜਾਬ ਡਾਟ ਕਾਮ
ਗੁਰੂ ਹਰ ਸਹਾਏ / ਗੋਲੂ ਕਾ ਮੋੜ : ਡੇਰਾ ਸ੍ਰੀ ਭਜਨਗੜ੍ਹ ਸਾਹਿਬ ਗੋਲੂ ਕਾ ਮੋੜ ਵਿਖੇ ਡੇਰੇ ਦੇ ਸਮੂਹ ਬ੍ਰਹਮਲੀਨ ਗੱਦੀ ਨਸ਼ੀਨ ਸੰਤਾਂ-ਮਹਾਂਪੁਰਖਾਂ ਦੀ ਸਾਲਾਨਾ ਬਰਸੀ ਬੜੀ ਸ਼ਰਧਾ, ਸਤਿਕਾਰ ਅਤੇ ਧਾਰਮਿਕ ਉਤਸ਼ਾਹ ਨਾਲ ਮਨਾਈ ਗਈ। ਡੇਰੇ ਦੇ ਮੌਜੂਦਾ ਗੱਦੀ ਨਸ਼ੀਨ ਉਸਤਾਦ ਸੰਤ ਬਾਬਾ ਰਜਿੰਦਰ ਸਿੰਘ ਜੀ ਦੀ ਅਗਵਾਈ ਹੇਠ ਕਰਵਾਏ ਗਏ ਇਸ ਵਿਸ਼ਾਲ ਧਾਰਮਿਕ ਸਮਾਗਮ ਵਿੱਚ ਇਲਾਕੇ ਤੋਂ ਇਲਾਵਾ ਦੂਰ-ਦੁਰਾਡੇ ਦੇ ਪਿੰਡਾਂ ਅਤੇ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਹਾਜ਼ਰੀ ਭਰੀ।
ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਜਾਇਆ ਮਹਾਨ ਕੀਰਤਨ ਦਰਬਾਰ
ਬਰਸੀ ਸਮਾਗਮ ਨੂੰ ਸਮਰਪਿਤ ਪਹਿਲੀ ਮੱਘਰ ਤੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਆਰੰਭ ਕੀਤੀ ਗਈ ਸੀ, ਜਿਸ ਦੇ ਸਵੇਰੇ 11 ਵਜੇ ਭੋਗ ਪਾਏ ਗਏ। ਇਸ ਉਪਰੰਤ ਮਹਾਨ ਕੀਰਤਨ ਦਰਬਾਰ ਸਜਾਇਆ ਗਿਆ, ਜਿਸ ਦੀ ਆਰੰਭਤਾ ਗੱਦੀ ਨਸ਼ੀਨ ਸੰਤ ਬਾਬਾ ਰਜਿੰਦਰ ਸਿੰਘ ਜੀ ਨੇ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਅਤੇ ਕਥਾ-ਵਿਚਾਰਾਂ ਨਾਲ ਜੋੜ ਕੇ ਕੀਤੀ।
ਸੰਤ ਬਾਬਾ ਰਜਿੰਦਰ ਸਿੰਘ ਜੀ ਨੇ ਕਥਾ ਦੌਰਾਨ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਮਨੁੱਖਤਾ ਦੇ ਸਰਬ ਸਾਂਝੇ ਗੁਰੂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਪਿਛੋਕੜਾਂ ਨਾਲ ਸਬੰਧਿਤ ਗੁਰੂ ਸਾਹਿਬਾਨ, ਭਗਤਾਂ, ਭੱਟਾਂ ਅਤੇ ਗੁਰਸਿੱਖਾਂ ਦੀ ਬਾਣੀ ਦਰਜ ਹੈ, ਜੋ ਸਮੁੱਚੀ ਮਨੁੱਖਤਾ ਨੂੰ ਆਪਸੀ ਭਾਈਚਾਰੇ, ਪ੍ਰੇਮ, ਬਰਾਬਰਤਾ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੰਦੀ ਹੈ।
ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਰਾਗੀ, ਢਾਡੀ ਜਥਿਆਂ ਅਤੇ ਕਥਾਵਾਚਕਾਂ ਨੇ ਗੁਰਬਾਣੀ ਕੀਰਤਨ ਅਤੇ ਗੁਰ ਇਤਿਹਾਸ ਰਾਹੀਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ।
ਧਾਰਮਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਨੇ ਭਰੀ ਹਾਜ਼ਰੀ
ਇਸ ਧਾਰਮਿਕ ਸਮਾਗਮ ਵਿੱਚ ਬਾਬਾ ਬਲਜੀਤ ਸਿੰਘ ਠਾਠ ਸ਼ੇਰ ਮੁਹੰਮਦ, ਬਾਬਾ ਰਾਧੇ ਸ਼ਾਮ ਬਾਜੇ ਕੇ, ਬਾਬਾ ਅਮਰਜੀਤ ਪਿੰਡੀ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਅਤੇ ਕਾਂਗਰਸੀ ਆਗੂ ਸ਼ਿਵ ਤਰਪਾਲ ਕੇ ਸਮੇਤ ਵੱਖ-ਵੱਖ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਪਹੁੰਚ ਕੇ ਹਾਜ਼ਰੀ ਭਰੀ।
ਇਸ ਮੌਕੇ ਗੱਦੀ ਨਸ਼ੀਨ ਸੰਤ ਬਾਬਾ ਰਜਿੰਦਰ ਸਿੰਘ ਜੀ ਵੱਲੋਂ ਸਮਾਗਮ ਵਿੱਚ ਪਹੁੰਚੇ ਸੰਤਾਂ-ਮਹਾਂਪੁਰਖਾਂ ਅਤੇ ਰਾਜਨੀਤਿਕ ਤੇ ਸਮਾਜਿਕ ਆਗੂਆਂ ਨੂੰ ਸਿਰੋਪਾਓ ਦੀ ਬਖ਼ਸ਼ਿਸ਼ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਸਾਰਾ ਦਿਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਡੇਰਾ ਸ੍ਰੀ ਭਜਨਗੜ੍ਹ ਸਾਹਿਬ ਦਾ ਗੌਰਵਮਈ ਇਤਿਹਾਸ
ਜ਼ਿਕਰਯੋਗ ਹੈ ਕਿ ਡੇਰਾ ਸ੍ਰੀ ਭਜਨਗੜ੍ਹ ਸਾਹਿਬ ਦੇ ਸੰਸਥਾਪਕ ਸੰਤ ਬਾਬਾ ਬਚਨ ਸਿੰਘ ਜੀ ਨੇ ਬਚਪਨ ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਨੀ ਆਰੰਭ ਕਰ ਦਿੱਤੀ ਸੀ। ਉਨ੍ਹਾਂ ਨੇ ਪਿੰਡ ਲਾਲੇ ਵਾਲਾ, ਜ਼ਿਲ੍ਹਾ ਓਕਾੜਾ (ਮੌਜੂਦਾ ਪਾਕਿਸਤਾਨ) ਵਿਖੇ ਡੇਰਾ ਸ੍ਰੀ ਭਜਨਗੜ੍ਹ ਸਾਹਿਬ ਦੀ ਸਥਾਪਨਾ ਕੀਤੀ ਸੀ।
ਸੰਤ ਬਾਬਾ ਬਚਨ ਸਿੰਘ ਜੀ ਨੇ ਆਪਣਾ ਸਮੁੱਚਾ ਜੀਵਨ ਗੁਰੂ ਘਰ ਦੀ ਸੇਵਾ, ਗਊਆਂ ਅਤੇ ਗ਼ਰੀਬਾਂ ਦੀ ਰੱਖਿਆ ਅਤੇ ਮਨੁੱਖਤਾ ਦੀ ਭਲਾਈ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਨਾਲ ਜੁੜਨ ਅਤੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ 'ਤੇ ਚੱਲਣ ਦਾ ਸੰਦੇਸ਼ ਦਿੱਤਾ।
ਡੇਰੇ ਦੀ ਪਰੰਪਰਾ ਅਨੁਸਾਰ ਸੰਤ ਬਾਬਾ ਬਚਨ ਸਿੰਘ ਜੀ ਨੇ ਸੰਤ ਬਾਬਾ ਸੰਤ ਸਿੰਘ ਜੀ ਨੂੰ ਗੱਦੀ ਦੀ ਸੇਵਾ ਸੌਂਪਣ ਉਪਰੰਤ ਸੰਗਤਾਂ ਨੂੰ ਆਪਣੇ ਚੋਲਾ ਤਿਆਗਣ ਬਾਰੇ ਜਾਣੂ ਕਰਵਾਇਆ ਸੀ। ਇਸ ਉਪਰੰਤ ਸੰਗਤਾਂ ਵੱਲੋਂ ਪਹਿਲੀ ਮੱਘਰ ਤੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਆਰੰਭ ਕੀਤੀ ਗਈ ਅਤੇ 11 ਮੱਘਰ ਨੂੰ ਸੰਤ ਬਾਬਾ ਬਚਨ ਸਿੰਘ ਜੀ ਜੋਤੀ ਜੋਤ ਸਮਾ ਗਏ ਸਨ।
ਮਹਾਂਪੁਰਖਾਂ ਨੇ ਪੀੜ੍ਹੀ ਦਰ ਪੀੜ੍ਹੀ ਨਿਭਾਈ ਗੁਰੂ ਘਰ ਦੀ ਸੇਵਾ
ਸੰਤ ਬਾਬਾ ਬਚਨ ਸਿੰਘ ਜੀ ਤੋਂ ਬਾਅਦ ਸੰਤ ਬਾਬਾ ਸੰਤ ਸਿੰਘ ਜੀ, ਸੰਤ ਬਾਬਾ ਬਲਵੰਤ ਸਿੰਘ ਜੀ, ਸੰਤ ਬਾਬਾ ਈਸ਼ਰ ਸਿੰਘ ਜੀ, ਸੰਤ ਬਾਬਾ ਅਮੋਲਕ ਸਿੰਘ ਜੀ ਅਤੇ ਸੰਤ ਬਾਬਾ ਮੁਖਤਿਆਰ ਸਿੰਘ ਜੀ ਨੇ ਡੇਰਾ ਸ੍ਰੀ ਭਜਨਗੜ੍ਹ ਸਾਹਿਬ ਦੇ ਗੱਦੀ ਨਸ਼ੀਨ ਵਜੋਂ ਸੇਵਾਵਾਂ ਨਿਭਾਉਂਦਿਆਂ ਦੇਸ਼ਾਂ-ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ ਗੁਰਬਾਣੀ ਅਤੇ ਗੁਰੂ ਘਰ ਨਾਲ ਜੋੜੀ ਰੱਖਿਆ।
ਇਨ੍ਹਾਂ ਮਹਾਂਪੁਰਖਾਂ ਵੱਲੋਂ ਚਲਾਈ ਗਈ ਧਾਰਮਿਕ ਅਤੇ ਸੇਵਾ ਦੀ ਪਰੰਪਰਾ ਅੱਜ ਵੀ ਡੇਰਾ ਸ੍ਰੀ ਭਜਨਗੜ੍ਹ ਸਾਹਿਬ ਵਿਖੇ ਨਿਰੰਤਰ ਜਾਰੀ ਹੈ।
ਗੁਰਮਤਿ ਸੰਗੀਤ ਵਿਦਿਆਲਾ ਰਾਹੀਂ ਨਵੀਂ ਪੀੜ੍ਹੀ ਨੂੰ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ
ਮੌਜੂਦਾ ਗੱਦੀ ਨਸ਼ੀਨ ਉਸਤਾਦ ਸੰਤ ਬਾਬਾ ਰਜਿੰਦਰ ਸਿੰਘ ਜੀ ਜਿੱਥੇ ਡੇਰੇ ਦੀਆਂ ਧਾਰਮਿਕ ਅਤੇ ਸਮਾਜਿਕ ਸੇਵਾਵਾਂ ਨਿਭਾ ਰਹੇ ਹਨ, ਉੱਥੇ ਹੀ ਗੁਰਮਤਿ ਸੰਗੀਤ ਵਿਦਿਆਲਾ ਰਾਹੀਂ ਨਵੀਂ ਪੀੜ੍ਹੀ ਨੂੰ ਸਿੱਖ ਵਿਰਸੇ ਅਤੇ ਗੁਰਬਾਣੀ ਨਾਲ ਜੋੜਨ ਲਈ ਵੀ ਵਿਸ਼ੇਸ਼ ਉਪਰਾਲੇ ਕਰ ਰਹੇ ਹਨ।
ਇਸ ਵਿਦਿਆਲੇ ਵਿੱਚ ਸਿਖਿਆਰਥੀਆਂ ਨੂੰ ਗੁਰਬਾਣੀ ਦੀ ਸ਼ੁੱਧ ਸੰਥਿਆ ਦੇ ਨਾਲ-ਨਾਲ ਗੁਰਮਤਿ ਸੰਗੀਤ ਅਤੇ ਕੀਰਤਨ ਦੀ ਸਿੱਖਿਆ ਵੀ ਦਿੱਤੀ ਜਾਂਦੀ ਹੈ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਅਮੀਰ ਧਾਰਮਿਕ ਵਿਰਾਸਤ ਨਾਲ ਜੁੜੀਆਂ ਰਹਿਣ।
ਸਮੁੱਚਾ ਬਰਸੀ ਸਮਾਗਮ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਭਰਪੂਰ ਰਿਹਾ। ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੇ ਗੁਰਬਾਣੀ ਕੀਰਤਨ ਸਰਵਣ ਕਰਦਿਆਂ ਸੰਤਾਂ-ਮਹਾਂਪੁਰਖਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਸਮਾਗਮ ਵਿੱਚ ਹਾਜ਼ਰੀ ਭਰੀ। ਇਸ ਮੌਕੇ ਅਸ਼ੋਕ ਕੰਬੋਜ ਸ਼ੇਖੜਾਂ, ਪ੍ਰੇਮ ਚੰਦ ਪ੍ਰਧਾਨ, ਇਕਬਾਲ ਪਾਲਾ ਬੱਟੀ, ਮੁਖਤਿਆਰ ਕੰਬੋਜ ਤੋਂ ਇਲਾਵਾ ਦੇਸ਼ ਵਿਦੇਸ਼ ਵਿੱਚੋਂ ਭਾਰੀ ਗਿਣਤੀ ਸੰਗਤਾਂ ਨੇ ਗੁਰੂ ਦੇ ਦਰਸ਼ਨ ਦੀਦਾਰੇ ਕੀਤੇ ।
BOLDA PUNJAB.COM
– ਹਰ ਖ਼ਬਰ ਤੇ ਨਜ਼ਰ –
Get all latest content delivered to your email a few times a month.