ਤਾਜਾ ਖਬਰਾਂ
ਜਗਦੀਸ਼ ਥਿੰਦ
ਸ੍ਰੀ ਮੁਕਤਸਰ ਸਾਹਿਬ, 21 ਨਵੰਬਰ
ਪ੍ਰਿੰਸੀਪਲ ਸੈਂਸਸ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਜਨਗਣਨਾ-2027 ਦੇ ਦੂਜੇ ਪੜਾਅ ਤਹਿਤ ਸਵੈ-ਗਣਨਾ ਦੀ ਪ੍ਰਕਿਰਿਆ 16 ਨਵੰਬਰ ਤੋਂ ਸ਼ੁਰੂ ਹੋ ਚੁੱਕੀ ਹੈ, ਜੋ ਕਿ 30 ਨਵੰਬਰ 2026 ਤੱਕ ਚਲਾਈ ਜਾਵੇਗੀ। ਇਸ ਦੌਰਾਨ ਨਾਗਰਿਕਾਂ ਨੂੰ ਆਪਣੇ ਪਰਿਵਾਰ ਅਤੇ ਘਰ ਸਬੰਧੀ ਵੇਰਵੇ ਖੁਦ ਆਨਲਾਈਨ ਪੋਰਟਲ https://se.census.gov.in/ 'ਤੇ ਭਰਨ ਦੀ ਸਹੂਲਤ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਵੈ-ਜਨਗਣਨਾ ਇੱਕ ਬਹੁਤ ਹੀ ਸਰਲ, ਸੁਰੱਖਿਅਤ ਅਤੇ ਸਮਾਂ ਬਚਾਉਣ ਵਾਲੀ ਪ੍ਰਕਿਰਿਆ ਹੈ। ਇਸ ਤਹਿਤ ਨਾਗਰਿਕ ਸਰਕਾਰ ਵੱਲੋਂ ਜਾਰੀ ਅਧਿਕਾਰਤ ਵੈੱਬ ਪੋਰਟਲ ਜਾਂ ਮੋਬਾਈਲ ਐਪਲੀਕੇਸ਼ਨ 'ਤੇ ਲੌਗਇਨ ਕਰਕੇ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਵੇਰਵਾ ਖੁਦ ਭਰ ਸਕਦੇ ਹਨ। ਜਾਣਕਾਰੀ ਸਬਮਿਟ ਕਰਨ ਉਪਰੰਤ ਇੱਕ ਵਿਲੱਖਣ 'ਸੈਲਫ਼-ਐਨੂਮਰੇਸ਼ਨ ਆਈ.ਡੀ.ਜਨਰੇਟ ਹੋਵੇਗੀ, ਉਨ੍ਹਾਂ ਵਿਸ਼ੇਸ਼ ਤੌਰ 'ਤੇ ਹਦਾਇਤ ਕੀਤੀ ਕਿ ਆਨਲਾਈਨ ਫਾਰਮ ਭਰਨ ਉਪਰੰਤ (ਸੈਲਫ ਐਨੂਮਰੇਸ਼ਨ ਆਈ.ਡੀ.) ਨੂੰ ਸੰਭਾਲ ਕੇ ਰੱਖਿਆ ਜਾਵੇ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਉਪਰੰਤ 01 ਦਸੰਬਰ 2026 ਤੋਂ 04 ਜਨਵਰੀ 2027 ਦੌਰਾਨ ਗਿਣਤੀਕਾਰ ਅਤੇ ਸੁਪਰਵਾਈਜ਼ਰ ਘਰ-ਘਰ ਜਾ ਕੇ ਜਨਗਣਨਾ ਦਾ ਕੰਮ ਕਰਨਗੇ। ਜਿਨ੍ਹਾਂ ਨਾਗਰਿਕਾਂ ਨੇ ਸਵੈ-ਗਣਨਾ ਕੀਤੀ ਹੋਵੇਗੀ, ਉਹ ਘਰ ਆਉਣ ਵਾਲੇ ਗਿਣਤੀਕਾਰ ਜਾਂ ਸੁਪਰਵਾਈਜ਼ਰ ਨੂੰ ਆਪਣੀ 'ਸੈਲਫ਼-ਐਨੂਮਰੇਸ਼ਨ ਉਪਲਬਧ ਕਰਵਾਉਣਗੇ ਤਾਂ ਜੋ ਡਾਟਾ ਦੀ ਪੁਸ਼ਟੀ ਕੀਤੀ ਜਾ ਸਕੇ। ਜੇਕਰ ਸਵੈ-ਗਣਨਾ ਦੌਰਾਨ ਕੋਈ ਵਿਅਕਤੀ ਜਾਣਕਾਰੀ ਦਰਜ ਕਰਨ ਤੋਂ ਰਹਿ ਗਿਆ ਹੋਵੇ, ਤਾਂ ਉਹ ਘਰ-ਘਰ ਗਣਨਾ ਦੌਰਾਨ ਆਪਣਾ ਡਾਟਾ ਦਰਜ ਕਰਵਾ ਸਕਦਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਉਪ ਅਰਥ ਅਤੇ ਅੰਕੜਾ ਸਲਾਹਕਾਰ ਸ੍ਰੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਡਾਇਰੈਕਟੋਰੇਟ ਆਫ਼ ਸੈਂਸਸ ਆਪ੍ਰੇਸ਼ਨਜ਼ ਪੰਜਾਬ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿੱਚ ਚਲਾਈ ਜਾ ਰਹੀ ਜਨਗਣਨਾ ਜਾਗਰੂਕਤਾ ਡਿਜੀਟਲ ਵੈਨ ਰਾਹੀਂ ਜ਼ਿਲ੍ਹੇ ਵਿੱਚ ਪਹੁੰਚ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਇਸੇ ਲੜੀ ਤਹਿਤ ਮਿਤੀ 20 ਨਵੰਬਰ 2026 ਨੂੰ ਜ਼ਿਲ੍ਹੇ ਦੇ ਪਿੰਡ ਥੇੜ੍ਹੀ, ਦਾਨੇਵਾਲਾ ਅਤੇ ਨਾਲ ਲੱਗਦੇ ਹੋਰ ਪਿੰਡਾਂ ਵਿੱਚ ਜਾਗਰੂਕਤਾ ਵੈਨ ਰਾਹੀਂ ਲੋਕਾਂ ਨੂੰ ਜਨਗਣਨਾ 2027 ਦੇ ਦੂਜੇ ਪੜਾਅ ਬਾਰੇ ਜਾਗਰੂਕ ਕੀਤਾ ਗਿਆ।
Get all latest content delivered to your email a few times a month.