ਤਾਜਾ ਖਬਰਾਂ
ਜਗਦੀਸ਼ ਥਿੰਦ
ਫ਼ਿਰੋਜ਼ਪੁਰ, 21 ਨਵੰਬਰ:
ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਸੁਨੀਤਾ ਰਾਣੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਫ਼ਿਰੋਜ਼ਪੁਰ ਕੋਮਲ ਅਰੋੜਾ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਲੂੰਬੜੀਵਾਲਾ ਵਿਖੇ ਬਲਾਕ ਸਤੀਏਵਾਲਾ ਦੇ ਬਲਾਕ ਪੱਧਰੀ ਵਿਦਿਅਕ ਅਤੇ ਸਹਿ-ਵਿਦਿਅਕ ਮੁਕਾਬਲੇ ਬੜੇ ਉਤਸ਼ਾਹ, ਉਮੰਗ ਅਤੇ ਸ਼ਾਨੋ-ਸ਼ੌਕਤ ਨਾਲ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਬਲਾਕ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਪੂਰੇ ਜੋਸ਼ ਨਾਲ ਸ਼ਮੂਲੀਅਤ ਕਰਦਿਆਂ ਆਪਣੀ ਕਲਾ, ਪ੍ਰਤਿਭਾ ਅਤੇ ਸਿਰਜਣਾਤਮਕ ਯੋਗਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁਕਾਬਲਿਆਂ ਦਾ ਪ੍ਰਬੰਧ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਤੀਏਵਾਲਾ ਦਲਜੀਤ ਕੌਰ ਅਤੇ ਸੀਐਚਟੀਜ਼ ਜੀਵਨ ਸ਼ਰਮਾ, ਰੀਤੂ ਬਾਲਾ, ਗੁਣਵੰਤ ਕੌਰ, ਕੁਲਵੰਤ ਸਿੰਘ, ਸਵਰਨ ਸਿੰਘ, ਨਵਦੀਪ ਕੁਮਾਰ ਅਤੇ ਸਕੂਲ ਮੁਖੀ ਹਰਜਿੰਦਰ ਕੌਰ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਸੁਭਾਸ਼ ਚੰਦਰ ਜ਼ਿਲ੍ਹਾ ਰਿਸੋਰਸ ਪਰਸਨ ਫ਼ਿਰੋਜ਼ਪੁਰ ਅਤੇ ਪਰਮਜੀਤ ਸਿੰਘ ਬੀਆਰਸੀ ਫ਼ਿਰੋਜ਼ਪੁਰ-2, ਜਸਵਿੰਦਰ ਸਿੰਘ ਬੀਆਰਸੀ ਘੱਲਖੁਰਦ ਉਚੇਚੇ ਤੌਰ ਤੇ ਸ਼ਾਮਿਲ ਹੋਏ। ਮੁਕਾਬਲਿਆਂ ਨੂੰ ਵਿਦਿਆਰਥੀਆਂ ਦੀ ਉਮਰ ਅਤੇ ਜਮਾਤਾਂ ਦੇ ਆਧਾਰ ’ਤੇ ਦੋ ਵਰਗਾਂ ਵਿੱਚ ਵੰਡਿਆ ਗਿਆ ਸੀ। ਪਹਿਲੇ ਵਰਗ ਵਿੱਚ ਪ੍ਰੀ-ਪ੍ਰਾਇਮਰੀ ਤੋਂ ਦੂਜੀ ਜਮਾਤ ਤੱਕ ਅਤੇ ਦੂਜੇ ਵਰਗ ਵਿੱਚ ਤੀਜੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਦੌਰਾਨ ਸੁੰਦਰ ਲਿਖਾਈ, ਪਹਾੜੇ, ਲੋਕ ਗੀਤ, ਕਵਿਤਾ ਗਾਇਨ, ਬਾਲ ਗੀਤ, ਪੇਂਟਿੰਗ ਅਤੇ ਬੈਸਟ ਆਊਟ ਆਫ ਵੇਸਟ ਸਮੇਤ ਵੱਖ-ਵੱਖ ਦਿਲਚਸਪ ਮੁਕਾਬਲੇ ਕਰਵਾਏ ਗਏ। ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਨੇ ਆਪਣੀ ਕਲਾਤਮਕ ਸੂਝ, ਯਾਦਦਾਸ਼ਤ, ਭਾਸ਼ਾਈ ਮੁਹਾਰਤ ਅਤੇ ਰਚਨਾਤਮਕ ਸੋਚ ਦਾ ਬਾਖੂਬੀ ਪ੍ਰਗਟਾਵਾ ਕੀਤਾ। ਬੱਚਿਆਂ ਦੀਆਂ ਪੇਸ਼ਕਾਰੀਆਂ ਨੇ ਹਾਜ਼ਰ ਅਧਿਆਪਕਾਂ ਅਤੇ ਪ੍ਰਬੰਧਕਾਂ ਦਾ ਮਨ ਮੋਹ ਲਿਆ। ਇਸ ਮੌਕੇ ਅਧਿਆਪਕਾਂ ਲਈ ਵੀ ਸੁੰਦਰ ਲਿਖਾਈ ਦਾ ਵਿਸ਼ੇਸ਼ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਮੁਕਾਬਲਿਆਂ ਦੀ ਸਮਾਪਤੀ ਉਪਰੰਤ ਬੀਪੀਈਓ ਦਲਜੀਤ ਕੌਰ ਵੱਲੋਂ ਵੱਖ-ਵੱਖ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਜੇਤੂ ਰਹੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸਿੱਖਿਆ ਦਾ ਮਕਸਦ ਕੇਵਲ ਕਿਤਾਬੀ ਗਿਆਨ ਦੇਣਾ ਹੀ ਨਹੀਂ, ਸਗੋਂ ਬੱਚਿਆਂ ਦੀਆਂ ਅੰਦਰੂਨੀ ਪ੍ਰਤਿਭਾਵਾਂ ਨੂੰ ਪਛਾਣ ਕੇ ਉਨ੍ਹਾਂ ਦਾ ਸਰਵਪੱਖੀ ਵਿਕਾਸ ਕਰਨਾ ਵੀ ਹੈ। ਅਜਿਹੇ ਮੁਕਾਬਲੇ ਬੱਚਿਆਂ ਵਿੱਚ ਆਤਮ-ਵਿਸ਼ਵਾਸ, ਮੁਕਾਬਲੇ ਦੀ ਭਾਵਨਾ, ਸਿਰਜਣਾਤਮਕ ਸੋਚ ਅਤੇ ਆਪਣੀ ਕਲਾ ਨੂੰ ਪੇਸ਼ ਕਰਨ ਦੀ ਯੋਗਤਾ ਪੈਦਾ ਕਰਦੇ ਹਨ। ਉਨ੍ਹਾਂ ਜੇਤੂ ਬੱਚਿਆਂ ਨੂੰ ਵਧਾਈ ਦਿੰਦਿਆਂ ਉਮੀਦ ਪ੍ਰਗਟਾਈ ਕਿ ਇਹ ਵਿਦਿਆਰਥੀ ਆਉਣ ਵਾਲੇ ਸਮੇਂ ਵਿੱਚ ਜ਼ਿਲ੍ਹਾ ਅਤੇ ਸੂਬਾ ਪੱਧਰ ’ਤੇ ਵੀ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਣਗੇ ਅਤੇ ਆਪਣੇ ਸਕੂਲ ਤੇ ਬਲਾਕ ਦਾ ਨਾਮ ਰੌਸ਼ਨ ਕਰਨਗੇ। ਮੁਕਾਬਲਿਆਂ ਦੌਰਾਨ ਜੱਜਾਂ ਵਜੋਂ ਨਿਯੁਕਤ ਅਧਿਆਪਕਾਂ ਨੇ ਪੂਰੀ ਨਿਰਪੱਖਤਾ ਅਤੇ ਪਾਰਦਰਸ਼ਤਾ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ। ਅੰਤ ਵਿੱਚ ਸਮੂਹ ਪ੍ਰਬੰਧਕਾਂ ਨੇ ਮੁਕਾਬਲਿਆਂ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦੇਣ ਵਾਲੇ ਸਮੂਹ ਅਧਿਆਪਕਾਂ ਦਾ ਧੰਨਵਾਦ ਕੀਤਾ। ਸਮੂਹ ਅਧਿਆਪਕਾਂ ਦੇ ਸਾਂਝੇ ਯਤਨਾਂ ਅਤੇ ਸਹਿਯੋਗ ਸਦਕਾ ਇਹ ਸਮਾਗਮ ਯਾਦਗਾਰੀ ਹੋ ਨਿਬੜਿਆ। ਇਸ ਮੌਕੇ ਸੁਖਜਿੰਦਰ ਸਿੰਘ ਖਾਨਪੁਰ, ਕੁਲਵੰਤ ਸਿੰਘ, ਸਰਬਜੀਤ ਸਿੰਘ ਭਾਵੜਾ, ਤਲਵਿੰਦਰ ਸਿੰਘ ਖਾਲਸਾ, ਸਰਬਜੀਤ ਸਿੰਘ ਧਾਲੀਵਾਲ, ਸੁਰਿੰਦਰ ਸਿੰਘ ਗਿੱਲ, ਹਰੀਸ਼ ਕੁਮਾਰ, ਸੰਦੀਪ ਚੌਧਰੀ, ਰੇਸ਼ਮ ਸਿੰਘ, ਹਰਿੰਦਰ ਸਿੰਘ ਭੁੱਲਰ,ਮਹਿਲਾਵ ਸਿੰਘ ਭਾਂਗਰ, ਕਮਲਜੀਤ ਸਿੰਘ, ਮਹਿਲ ਸਿੰਘ, ਜਤਿੰਦਰ ਸਿੰਘ, ਗੁਰਬਚਨ ਲਾਲ, ਕਸ਼ਮੀਰ ਸਿੰਘ, ਅਵਤਾਰ ਸਿੰਘ, ਪਰਮਜੀਤ ਸਿੰਘ ਪੰਮਾ, ਪਰਮਜੀਤ ਕੌਰ, ਅਨੰਦਪਰੀਤ ਕੌਰ, ਸੁਖਵਿੰਦਰ ਕੌਰ ਸਿਮਕ, ਸ੍ਰਿਸ਼ਟੀ ਹਰਮਨ, ਸੁਖਜੀਤ ਕੌਰ ਆਦਿ ਹਾਜ਼ਰ ਸਨ
Get all latest content delivered to your email a few times a month.