ਤਾਜਾ ਖਬਰਾਂ
ਜਗਦੀਸ਼ ਥਿੰਦ
ਅੰਮ੍ਰਿਤਸਰ, 5 ਨਵੰਬਰ 2026 :
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਹੇਠ ਯੂਨੀਵਰਸਿਟੀ ਬਿਜ਼ਨਸ ਸਕੂਲ ਵੱਲੋਂ ਵਿਸ਼ੇਸ਼ ਅਲੂਮਨੀ ਮੀਟ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਵੱਖ-ਵੱਖ ਸਾਲਾਂ ਦੇ ਸਾਬਕਾ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦਿਆਂ ਆਪਣੀ ਪੁਰਾਣੀ ਸੰਸਥਾ ਨਾਲ ਜੁੜੀਆਂ ਯਾਦਾਂ ਤਾਜ਼ਾ ਕੀਤੀਆਂ ਅਤੇ ਇੱਕ-ਦੂਜੇ ਨਾਲ ਆਪਣੇ ਤਜਰਬੇ ਸਾਂਝੇ ਕੀਤੇ। ਇਸ ਮਿਲਣੀ ਦਾ ਮਕਸਦ ਸਾਬਕਾ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਵਿਚਕਾਰ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਸੀ।
ਇਸ ਮੌਕੇ ਡੀਨ ਅਲੂਮਨੀ ਪ੍ਰੋ. ਅਤੁਲ ਖੰਨਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਰੀਜਨਲ ਕੈਂਪਸ ਗੁਰਦਾਸਪੁਰ ਤੋਂ ਪ੍ਰੋ. (ਡਾ.) ਰਿਸ਼ੀ ਰਾਜ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਇਹ ਸਮਾਗਮ ਸਕੂਲ ਦੇ ਮੁਖੀ ਅਤੇ ਪ੍ਰਬੰਧਕੀ ਸਕੱਤਰ ਪ੍ਰੋ. ਵਿਕਰਮ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਇਆ ਗਿਆ। ਅਲੂਮਨੀ ਕੋਆਰਡੀਨੇਟਰ ਡਾ. ਪਵਲੀਨ ਸੋਨੀ ਅਤੇ ਡਾ. ਦਿਵਿਆ ਮਹਾਜਨ ਨੇ ਸਮਾਗਮ ਦੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਨਿਭਾਈ।
ਇਸ ਮਿਲਣੀ ਵਿੱਚ ਉੱਤਰੀ ਭਾਰਤ ਅਤੇ ਆਸ-ਪਾਸ ਦੇ ਖੇਤਰਾਂ ਤੋਂ ਨਾਮਵਰ ਉਦਯੋਗਪਤੀਆਂ ਅਤੇ ਪੇਸ਼ੇਵਰਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਖਾਸ ਗੱਲ ਇਹ ਰਹੀ ਕਿ ਸਮਾਗਮ ਦੇ ਕਈ ਸਪਾਂਸਰ ਵੀ ਯੂਨੀਵਰਸਿਟੀ ਬਿਜ਼ਨਸ ਸਕੂਲ ਦੇ ਹੀ ਸਾਬਕਾ ਵਿਦਿਆਰਥੀ ਸਨ, ਜੋ ਅੱਜ ਆਪਣੇ ਕਾਰੋਬਾਰ ਅਤੇ ਸਟਾਰਟਅੱਪ ਸਫਲਤਾਪੂਰਵਕ ਚਲਾ ਰਹੇ ਹਨ। ਇਹ ਗੱਲ ਸੰਸਥਾ ਵੱਲੋਂ ਵਿਦਿਆਰਥੀਆਂ ਅੰਦਰ ਉੱਦਮੀ ਸੋਚ ਅਤੇ ਕਾਰੋਬਾਰੀ ਹੁਨਰ ਵਿਕਸਿਤ ਕਰਨ ਦੀ ਪ੍ਰਤੀਬੱਧਤਾ ਨੂੰ ਵੀ ਦਰਸਾਉਂਦੀ ਹੈ।
ਪ੍ਰੋ. ਵਿਕਰਮ ਸੰਧੂ ਨੇ ਸਮਾਗਮ ਦੀ ਸਫਲਤਾ ਲਈ ਡਾ. ਦਿਵਿਆ ਮਹਾਜਨ ਵੱਲੋਂ ਕੀਤੇ ਗਏ ਅਣਥੱਕ ਯਤਨਾਂ ਦੀ ਵਿਸ਼ੇਸ਼ ਤੌਰ 'ਤੇ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਦੇ ਅਧਿਆਪਕਾਂ ਨੇ ਵੀ ਸਰਗਰਮੀ ਨਾਲ ਹਿੱਸਾ ਲਿਆ। ਸਮਾਗਮ ਦੌਰਾਨ ਮਨੋਰੰਜਕ ਗਤੀਵਿਧੀਆਂ, ਦਿਲਚਸਪ ਖੇਡਾਂ, ਸੰਗੀਤਕ ਪੇਸ਼ਕਾਰੀਆਂ ਅਤੇ ਕੇਕ ਕੱਟਣ ਦੀ ਰਸਮ ਨੇ ਮਾਹੌਲ ਨੂੰ ਹੋਰ ਵੀ ਖੁਸ਼ਗਵਾਰ ਬਣਾ ਦਿੱਤਾ। ਸਾਬਕਾ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇੱਕ-ਦੂਜੇ ਨਾਲ ਮਿਲ ਕੇ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਇਹ ਸਮਾਗਮ ਖੁਸ਼ਨੁਮਾ ਮਾਹੌਲ ਵਿੱਚ ਸੰਪੰਨ ਹੋਇਆ ਅਤੇ ਇਸ ਨੇ ਸਾਬਤ ਕੀਤਾ ਕਿ ਵਿੱਦਿਅਕ ਸੰਸਥਾ ਨਾਲ ਜੁੜਿਆ ਰਿਸ਼ਤਾ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਵੀ ਜ਼ਿੰਦਗੀ ਭਰ ਕਾਇਮ ਰਹਿੰਦਾ ਹੈ।*
Get all latest content delivered to your email a few times a month.