ਤਾਜਾ ਖਬਰਾਂ
ਜਗਦੀਸ਼ ਥਿੰਦ
ਫ਼ਿਰੋਜ਼ਪੁਰ, 5 ਨਵੰਬਰ —
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਅਤੇ ਸਿਵਲ ਸਰਜਨ ਡਾ. ਪਰਮਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਵੱਲੋਂ ਓਟ ਸੈਂਟਰ ਫਿਰੋਜ਼ਸ਼ਾਹ ਅਤੇ ਤਲਵੰਡੀ ਭਾਈ ਵਿਖੇ ਵਿਸ਼ੇਸ਼ ਡਰੱਗ ਅਵੇਅਰਨੈੱਸ ਕੈਂਪ ਲਗਾਏ ਗਏ।
ਕੈਂਪਾਂ ਦੌਰਾਨ ਸਿਹਤ ਵਿਭਾਗ ਦੇ ਮਾਹਿਰਾਂ ਅਤੇ ਕਾਊਂਸਲਰਾਂ ਵੱਲੋਂ ਲੋਕਾਂ ਨੂੰ ਨਸ਼ਿਆਂ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਮਾੜੇ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਿਹਤਮੰਦ ਜੀਵਨ ਜਿਊਣ ਅਤੇ ਆਪਣੇ ਪਰਿਵਾਰਕ ਮੈਂਬਰਾਂ ਤੇ ਆਸ-ਪਾਸ ਦੇ ਲੋਕਾਂ ਨੂੰ ਵੀ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਦਾ ਸੁਨੇਹਾ ਦਿੱਤਾ।
ਇਸ ਮੌਕੇ ਡਾ. ਪਰਵੀਨ ਮੈਡੀਕਲ ਅਫ਼ਸਰ ਨੇ ਕਿਹਾ ਕਿ ਨਸ਼ਾ ਸਿਰਫ਼ ਵਿਅਕਤੀ ਦੀ ਸਿਹਤ ਨੂੰ ਹੀ ਪ੍ਰਭਾਵਿਤ ਨਹੀਂ ਕਰਦਾ, ਸਗੋਂ ਇਸ ਦਾ ਮਾੜਾ ਪ੍ਰਭਾਵ ਪੂਰੇ ਪਰਿਵਾਰ ਅਤੇ ਸਮਾਜ ’ਤੇ ਪੈਂਦਾ ਹੈ। ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਲਈ ਸਰਕਾਰ ਦੇ ਯਤਨਾਂ ਦੇ ਨਾਲ-ਨਾਲ ਸਮਾਜ ਦੇ ਹਰ ਵਰਗ ਦਾ ਸਹਿਯੋਗ ਵੀ ਬਹੁਤ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਨਸ਼ੇ ਦੀ ਲਤ ਤੋਂ ਪੀੜਤ ਵਿਅਕਤੀਆਂ ਨੂੰ ਨਫ਼ਰਤ ਕਰਨ ਦੀ ਬਜਾਏ ਉਨ੍ਹਾਂ ਨਾਲ ਹਮਦਰਦੀ ਅਪਣਾਉਂਦਿਆਂ ਇਲਾਜ ਅਤੇ ਮੁੜ ਵਸੇਬੇ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ, ਤਾਂ ਜੋ ਨਸ਼ੇ ਦੀ ਦਲਦਲ ਵਿੱਚ ਫਸੇ ਲੋਕਾਂ ਨੂੰ ਮੁੜ ਸਮਾਜ ਦੀ ਮੁੱਖ ਧਾਰਾ ਨਾਲ ਜੋੜਿਆ ਜਾ ਸਕੇ।
ਇਸ ਦੌਰਾਨ ਹਾਜ਼ਰ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਅਤੇ ਨਸ਼ਿਆਂ ਦੀ ਅਲਾਮਤ ਨੂੰ ਖਤਮ ਕਰਨ ਲਈ ਸਰਕਾਰ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਨ। ਉਨ੍ਹਾਂ ਲੋਕਾਂ ਨੂੰ ਨਸ਼ੇ ਨਾਲ ਸਬੰਧਤ ਕਿਸੇ ਵੀ ਸਮੱਸਿਆ ਦੀ ਸੂਰਤ ਵਿੱਚ ਨੇੜਲੇ ਓਟ ਸੈਂਟਰ ਨਾਲ ਸੰਪਰਕ ਕਰਕੇ ਇਲਾਜ ਅਤੇ ਕਾਊਂਸਲਿੰਗ ਦੀਆਂ ਸਹੂਲਤਾਂ ਦਾ ਲਾਭ ਲੈਣ ਲਈ ਵੀ ਪ੍ਰੇਰਿਤ ਕੀਤਾ।
ਇਸ ਦੌਰਾਨ ਰਾਜਵਿੰਦਰ ਕੌਰ ਕਾਉੰਸਲਰ, ਆਸ਼ਾ ਵਰਕਰ ਰਮਨਦੀਪ ਕੌਰ, ਸਰੋਜ ਰਾਣੀ ਅਤੇ ਵੀਨਾ ਰਾਣੀ ਆਦਿ ਹਾਜ਼ਰ ਸਨ।
Get all latest content delivered to your email a few times a month.