IMG-LOGO
ਹੋਮ ਪੰਜਾਬ : ਪੰਜਾਬ ਪੁਲੀਸ ਦੇ 68 ਇੰਸਪੈਕਟਰ ਪ੍ਰਮੋਟ ਹੋ ਕੇ ਬਣੇ DSP

ਪੰਜਾਬ ਪੁਲੀਸ ਦੇ 68 ਇੰਸਪੈਕਟਰ ਪ੍ਰਮੋਟ ਹੋ ਕੇ ਬਣੇ DSP

8 ਹੋਰ ਇੰਸਪੈਕਟਰਾਂ ਦੇ ਕੇਸ ਸੀਲਡ ਕਵਰ ਵਿੱਚ ਰੱਖੇ; ਲੈਵਲ-18 ਦਾ ਤਨਖ਼ਾਹ ਸਕੇਲ ਮਿਲੇਗਾ

.

Admin user - Nov 01, 2026 11:36 AM
IMG

ਜਗਦੀਸ਼ ਥਿੰਦ

ਚੰਡੀਗੜ੍ਹ 01 ਨਵੰਬਰ 2026
 ਪੰਜਾਬ ਸਰਕਾਰ ਨੇ ਸੂਬੇ ਦੇ ਪੁਲੀਸ ਪ੍ਰਸ਼ਾਸਨ ਵਿੱਚ ਵੱਡਾ ਕਦਮ ਚੁੱਕਦਿਆਂ ਵੱਖ-ਵੱਖ ਕਾਡਰਾਂ ਦੇ 68 ਇੰਸਪੈਕਟਰਾਂ ਨੂੰ ਉਪ ਕਪਤਾਨ ਪੁਲੀਸ (ਡੀ.ਐੱਸ.ਪੀ.) ਵਜੋਂ ਪਦਉੱਨਤ ਕਰਨ ਦਾ ਐਲਾਨ ਕੀਤਾ ਹੈ। ਗ੍ਰਹਿ ਮਾਮਲੇ ਵਿਭਾਗ (ਗ੍ਰਹਿ-3 ਸ਼ਾਖਾ) ਵੱਲੋਂ ਜਾਰੀ ਅਧਿਕਾਰਤ ਹੁਕਮਾਂ ਅਨੁਸਾਰ ਵਿਭਾਗੀ ਤਰੱਕੀ ਕਮੇਟੀ (ਡੀ.ਪੀ.ਸੀ.) ਦੀ ਮਿਤੀ 29 ਅਕਤੂਬਰ ਨੂੰ ਹੋਈ ਮੀਟਿੰਗ ਵਿੱਚ ਕੀਤੀਆਂ ਗਈਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਪੰਜਾਬ ਦੇ ਰਾਜਪਾਲ ਨੇ ਇਨ੍ਹਾਂ ਤਰੱਕੀਆਂ ਨੂੰ ਪ੍ਰਵਾਨਗੀ ਦਿੱਤੀ ਹੈ। ਪੰਜਾਬ ਸਰਕਾਰ ਦੇ ਵਧੀਕ ਮੁੱਖ ਸਕੱਤਰ ਆਲੋਕ ਸ਼ੇਖਰ ਦੇ ਦਸਤਖ਼ਤਾਂ ਹੇਠ ਜਾਰੀ ਇਸ ਹੁਕਮ ਤਹਿਤ ਪਦਉੱਨਤ ਹੋਏ ਸਾਰੇ ਅਧਿਕਾਰੀਆਂ ਨੂੰ ਛੇਵੇਂ ਤਨਖ਼ਾਹ ਕਮਿਸ਼ਨ ਰਾਹੀਂ ਸੋਧੇ ਤਨਖ਼ਾਹ ਸਕੇਲਾਂ ਤਹਿਤ ਲੈਵਲ-18 (56,100 ਤੋਂ 1,77,500 ਰੁਪਏ) ਦਿੱਤਾ ਜਾਵੇਗਾ।
ਜਾਰੀ ਸੂਚੀ ਅਨੁਸਾਰ ਸਭ ਤੋਂ ਵੱਧ ਤਰੱਕੀਆਂ ਜ਼ਿਲ੍ਹਾ ਕਾਡਰ ਵਿੱਚ ਹੋਈਆਂ ਹਨ, ਜਿੱਥੋਂ 42 ਇੰਸਪੈਕਟਰਾਂ ਨੂੰ ਡੀ.ਐੱਸ.ਪੀ. ਬਣਾਇਆ ਗਿਆ ਹੈ। ਇਸੇ ਤਰ੍ਹਾਂ ਆਰਮਡ ਕਾਡਰ ਵਿੱਚੋਂ 16 ਅਤੇ ਤਕਨੀਕੀ ਸੇਵਾਵਾਂ ਕਾਡਰ (ਟੀ.ਐੱਸ.ਐੱਸ.) ਵਿੱਚੋਂ 10 ਇੰਸਪੈਕਟਰਾਂ ਨੂੰ ਤਰੱਕੀ ਦਿੱਤੀ ਗਈ ਹੈ। ਤਰੱਕੀ ਪਾਉਣ ਵਾਲੇ ਜ਼ਿਲ੍ਹਾ ਕਾਡਰ ਦੇ ਪ੍ਰਮੁੱਖ ਅਧਿਕਾਰੀਆਂ ਵਿੱਚ ਮੁਖ਼ਤਿਆਰ ਸਿੰਘ, ਬਲਜੀਤ ਸਿੰਘ, ਰਣਦੀਪ ਕੁਮਾਰ, ਗੁਰਬਿੰਦਰ ਸਿੰਘ, ਵੀਰ ਇੰਦਰ ਸਿੰਘ, ਹਰਿੰਦਰ ਸਿੰਘ, ਪ੍ਰੇਮ ਨਾਥ, ਜਸਵੀਰ ਸਿੰਘ, ਰਵੀ ਕੁਮਾਰ, ਕੁਲਦੀਪ ਸੈਣੀ, ਕੁਲਵੰਤ ਕੌਰ, ਰਾਜਨੀਸ਼ ਕੁਮਾਰ ਅਤੇ ਪਰਮਜੀਤ ਕੌਰ ਸਮੇਤ ਹੋਰ ਨਾਮ ਸ਼ਾਮਲ ਹਨ। ਆਰਮਡ ਕਾਡਰ ਵਿੱਚੋਂ ਵਿਕਰਾਂਤ ਸਲਾਰੀਆ, ਰਾਜਿੰਦਰ ਪ੍ਰਸ਼ਾਦ, ਗੁਰਪ੍ਰੀਤ ਸਿੰਘ, ਭੀਮ ਸਿੰਘ, ਕ੍ਰਿਸ਼ਨ ਕੁਮਾਰ ਅਤੇ ਵਿਕਾਸ ਅਬਰੋਲ ਜਦਕਿ ਤਕਨੀਕੀ ਸੇਵਾਵਾਂ ਕਾਡਰ ਵਿੱਚੋਂ ਹੀਰਾ ਲਾਲ, ਸੰਜੀਵ ਕੁਮਾਰ, ਅਨਿਲ ਕੁਮਾਰ, ਸੁਖਮਿੰਦਰ ਸਿੰਘ ਅਤੇ ਮਨਜਿੰਦਰ ਸਿੰਘ ਸਮੇਤ ਹੋਰ ਸੀਨੀਅਰ ਅਧਿਕਾਰੀਆਂ ਨੇ ਤਰੱਕੀ ਹਾਸਲ ਕੀਤੀ।
ਸਰਕਾਰ ਨੇ ਹੁਕਮਾਂ ਵਿੱਚ ਸਪੱਸ਼ਟ ਸ਼ਰਤਾਂ ਲਗਾਈਆਂ ਹਨ ਕਿ ਇਹ ਸਾਰੀਆਂ ਤਰੱਕੀਆਂ ਵੱਖ-ਵੱਖ ਮਾਨਯੋਗ ਅਦਾਲਤਾਂ ਵਿੱਚ ਚੱਲ ਰਹੇ ਕੇਸਾਂ ਦੇ ਅੰਤਮ ਫ਼ੈਸਲਿਆਂ ਅਤੇ ਭਵਿੱਖ ਵਿੱਚ ਇੰਸਪੈਕਟਰਾਂ ਦੀ ਸੀਨੀਆਰਤਾ ਸੂਚੀ ਵਿੱਚ ਹੋਣ ਵਾਲੀ ਕਿਸੇ ਵੀ ਤਬਦੀਲੀ ਦੇ ਅਧਾਰ ’ਤੇ ਸੋਧਣਯੋਗ ਹੋਣਗੀਆਂ। ਇਸ ਤੋਂ ਇਲਾਵਾ ਪਦਉੱਨਤ ਹੋਏ ਅਧਿਕਾਰੀਆਂ ਲਈ ਇੱਕ ਸਾਲ ਦਾ ਪਰਖਕਾਲ (ਪ੍ਰੋਬੇਸ਼ਨ ਪੀਰੀਅਡ) ਲਾਗੂ ਹੋਵੇਗਾ ਅਤੇ ਉਨ੍ਹਾਂ ਨੂੰ ਵਿੱਤੀ ਲਾਭ ਨਵਾਂ ਕਾਰਜਭਾਰ ਸੰਭਾਲਣ ਦੀ ਮਿਤੀ ਤੋਂ ਮਿਲਣਯੋਗ ਹੋਣਗੇ। ਵਿਭਾਗ ਵੱਲੋਂ ਇਸ ਹੁਕਮ ਦੀਆਂ ਕਾਪੀਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਅਤੇ ਪ੍ਰਧਾਨ ਮਹਾਂਲੇਖਾਕਾਰ (ਏ.ਜੀ. ਪੰਜਾਬ) ਨੂੰ ਲੋੜੀਂਦੀ ਅਗਲੇਰੀ ਕਾਰਵਾਈ ਲਈ ਭੇਜ ਦਿੱਤੀਆਂ ਗਈਆਂ ਹਨ। ਵਿਭਾਗੀ ਤਰੱਕੀ ਕਮੇਟੀ ਨੇ ਜ਼ਿਲ੍ਹਾ ਕਾਡਰ ਦੇ 8 ਅਜਿਹੇ ਇੰਸਪੈਕਟਰਾਂ ਦੇ ਕੇਸਾਂ ਨੂੰ ਸੀਲਡ ਕਵਰ (ਸੀਲਬੰਦ ਲਿਫ਼ਾਫ਼ੇ) ਵਿੱਚ ਰੱਖਿਆ ਹੈ, ਜਿਨ੍ਹਾਂ ਵਿਰੁੱਧ ਵੱਖ-ਵੱਖ ਅਦਾਲਤਾਂ ਵਿੱਚ ਕੇਸ ਜਾਂ ਵਿਭਾਗੀ ਜਾਂਚ ਲੰਬਿਤ ਚੱਲ ਰਹੀ ਹੈ। ਇਨ੍ਹਾਂ ਵਿੱਚ ਤੇਜਿੰਦਰ ਸਿੰਘ, ਪੁਸ਼ਪਿੰਦਰ ਸਿੰਘ, ਸਤਵੰਤ ਸਿੰਘ, ਜਤਿੰਦਰ ਸਿੰਘ, ਕੁਲਵੰਤ ਸਿੰਘ, ਜਸਵੀਰ ਸਿੰਘ, ਨਵਦੀਪ ਸਿੰਘ ਅਤੇ ਗੁਰਿੰਦਰਜੀਤ ਸਿੰਘ ਸ਼ਾਮਲ ਹਨ।

ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਤਰੱਕੀ ਪ੍ਰਾਪਤ ਕਰਨ ਵਾਲਿਆਂ ਵਿੱਚ ਜ਼ਿਲ੍ਹਾ ਕਾਡਰ ਦੇ ਸਭ ਤੋਂ ਵੱਧ 42 ਇੰਸਪੈਕਟਰ ਸ਼ਾਮਲ ਹਨ। ਇਸ ਤੋਂ ਇਲਾਵਾ ਆਰਮਡ ਕਾਡਰ ਦੇ 16 ਅਤੇ ਤਕਨੀਕੀ ਸੇਵਾਵਾਂ ਕਾਡਰ ਦੇ 10 ਇੰਸਪੈਕਟਰਾਂ ਨੂੰ ਵੀ ਡੀਐੱਸਪੀ ਵਜੋਂ ਤਰੱਕੀ ਦਿੱਤੀ ਗਈ ਹੈ।

 

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.