ਤਾਜਾ ਖਬਰਾਂ
ਜਗਦੀਸ਼ ਥਿੰਦ
ਅੰਮ੍ਰਿਤਸਰ, 30 ਸਤੰਬਰ 2026:
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਯੁਵਕ ਮੇਲੇ ਦੇ ਦੂਜੇ ਦਿਨ ਵਿਦਿਆਰਥੀਆਂ ਨੇ ਆਪਣੀ ਕਲਾਤਮਕ ਪ੍ਰਤਿਭਾ, ਸਿਰਜਣਾਤਮਕਤਾ ਅਤੇ ਸੱਭਿਆਚਾਰਕ ਵਿਰਸੇ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ। ਪਵਿੱਤਰ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ 450ਵੀਂ ਵਰ੍ਹੇਗੰਢ ਨੂੰ ਸਮਰਪਿਤ ਇਸ ਯੁਵਕ ਮੇਲੇ ਦੌਰਾਨ ਅੱਜ ਵੱਖ-ਵੱਖ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।
ਯੁਵਕ ਭਲਾਈ ਵਿਭਾਗ ਦੇ ਇੰਚਾਰਜ ਪ੍ਰੋ. (ਡਾ.) ਅਮਨਦੀਪ ਸਿੰਘ ਨੇ ਦੱਸਿਆ ਕਿ ਦੂਜੇ ਦਿਨ ਦਸ਼ਮੇਸ਼ ਆਡੀਟੋਰੀਅਮ, ਗੋਲਡਨ ਜੁਬਲੀ ਕਨਵੈਨਸ਼ਨ ਸੈਂਟਰ, ਸੰਗਤ ਹਾਲ ਅਤੇ ਕਾਨਫਰੰਸ ਹਾਲ ਸਮੇਤ ਵੱਖ-ਵੱਖ ਸਥਾਨਾਂ ’ਤੇ ਕਾਸਟਿਊਮ ਪਰੇਡ, ਮਾਈਮ, ਮਿਮਿਕਰੀ, ਸਕਿੱਟ ਅਤੇ ਵਨ ਐਕਟ ਪਲੇਅ ਦੇ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਆਪਣੀ ਅਦਾਕਾਰੀ ਅਤੇ ਪੇਸ਼ਕਾਰੀ ਰਾਹੀਂ ਵੱਖ-ਵੱਖ ਸਮਾਜਿਕ, ਸੱਭਿਆਚਾਰਕ ਅਤੇ ਸਮਕਾਲੀ ਵਿਸ਼ਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ।
ਇਸੇ ਤਰ੍ਹਾਂ ਗਰੁੱਪ ਸ਼ਬਦ ਭਜਨ, ਗਰੁੱਪ ਸੌਂਗ, ਵਾਰ ਸਿੰਗਿੰਗ ਅਤੇ ਕਵੀਸ਼ਰੀ ਦੇ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਸੰਗੀਤਕ ਅਤੇ ਸੱਭਿਆਚਾਰਕ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਰੰਗੋਲੀ, ਪੋਸਟਰ ਮੇਕਿੰਗ, ਕਲੇ ਮਾਡਲਿੰਗ ਅਤੇ ਮਹਿੰਦੀ ਦੇ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਦੀ ਸਿਰਜਣਾਤਮਕਤਾ ਅਤੇ ਕਲਾਤਮਕ ਸੋਚ ਦੇਖਣ ਨੂੰ ਮਿਲੀ।
ਐਲੋਕਿਊਸ਼ਨ ਅਤੇ ਡਿਬੇਟ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਆਪਣੇ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦਿਆਂ ਭਾਸ਼ਣ ਅਤੇ ਤਰਕ ਦੀ ਕਲਾ ਦਾ ਪ੍ਰਦਰਸ਼ਨ ਕੀਤਾ। ਵੱਖ-ਵੱਖ ਮੁਕਾਬਲਿਆਂ ਨੂੰ ਦੇਖਣ ਲਈ ਵਿਦਿਆਰਥੀਆਂ ਵਿੱਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਪ੍ਰੋ. ਅਮਨਦੀਪ ਸਿੰਘ ਨੇ ਕਿਹਾ ਕਿ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਯੁਵਕ ਮੇਲੇ ਨੂੰ ਪਵਿੱਤਰ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ 450ਵੀਂ ਵਰ੍ਹੇਗੰਢ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਰਾਹੀਂ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਮੰਚ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਸ਼ਹਿਰ ਦੀ ਇਤਿਹਾਸਕ, ਸੱਭਿਆਚਾਰਕ ਅਤੇ ਵਿਰਾਸਤੀ ਮਹੱਤਤਾ ਨਾਲ ਜੋੜਨ ਦਾ ਯਤਨ ਕੀਤਾ ਜਾ ਰਿਹਾ ਹੈ।
ਯੁਵਕ ਮੇਲੇ ਦੇ ਆਖਰੀ ਦਿਨ 1 ਅਕਤੂਬਰ ਨੂੰ ਕੋਰੀਓਗ੍ਰਾਫੀ, ਰਵਾਇਤੀ ਅਤੇ ਲੋਕ ਕਲਾਵਾਂ ਨਾਲ ਸਬੰਧਤ ਮੁਕਾਬਲੇ, ਜਨਰਲ ਡਾਂਸ, ਵੈਸਟਰਨ ਵੋਕਲ ਸੋਲੋ, ਵੈਸਟਰਨ ਗਰੁੱਪ ਸੌਂਗ, ਵੈਸਟਰਨ ਇੰਸਟਰੂਮੈਂਟਲ ਸੋਲੋ, ਫੁਲਕਾਰੀ, ਪੱਖੀ ਬਣਾਉਣਾ, ਛਿੱਕੂ ਬਣਾਉਣਾ, ਪੀੜ੍ਹੀ ਬਣਾਉਣਾ, ਪੋਇਟਿਕਲ ਸਿੰਪੋਜ਼ੀਅਮ ਅਤੇ ਕੁਇਜ਼ ਦੇ ਮੁਕਾਬਲੇ ਕਰਵਾਏ ਜਾਣਗੇ।
Get all latest content delivered to your email a few times a month.