ਤਾਜਾ ਖਬਰਾਂ
ਜਗਦੀਸ਼ ਥਿੰਦ
ਤਲਵਾੜਾ, 30 ਸਤੰਬਰ:
ਭਾਖੜਾ ਬਿਆਸ ਪ੍ਰਬੰਧ ਬੋਰਡ, ਤਲਵਾੜਾ
ਭਾਖੜਾ ਬਿਆਸ ਪ੍ਰਬੰਧ ਬੋਰਡ ਵੱਲੋਂ ਅੱਜ ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਦੇ ਮਾਰਗ ਦਰਸ਼ਨ ਹੇਠ 'ਪ੍ਰੀਵੈਂਟਿਵ ਵਿਜੀਲੈਂਸ (ਅਗਾਉਂ ਚੌਕਸੀ) 'ਤੇ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਡਿਪਟੀ ਚੀਫ਼ ਵਿਜੀਲੈਂਸ ਅਫ਼ਸਰ ਇੰਜੀਨੀਅਰ ਜ਼ਿਲੇ ਸਿੰਘ ਨੇ ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।
ਇਸ ਪ੍ਰੋਗਰਾਮ ਦੌਰਾਨ ਡਿਪਟੀ ਚੀਫ ਇੰਜੀਨੀਅਰ ਵਿਮਲ ਕੁਮਾਰ ਮੀਨਾ ਨੇ ਵਰਸ਼ਾਪ ਦੀ ਪ੍ਰਧਾਨਗੀ ਕਰਦਿਆਂ ਆਖਿਆ ਕਿ ਅਗਾਉਂ ਚੌਕਸੀ ਕਿਸੇ ਵੀ ਸੰਸਥਾਨ ਦੀ ਕਾਰਜਕੁਸ਼ਲਤਾ ਵਿਚ ਵਾਧਾ ਕਰਨ ਵਿਚ ਵੱਡੀ ਸਹਾਇਕ ਸਿੱਧ ਹੁੰਦੀ ਹੈ।
ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਡਿਪਟੀ ਚੀਫ਼ ਵਿਜੀਲੈਂਸ ਅਫ਼ਸਰ ਇੰਜੀਨੀਅਰ ਜ਼ਿਲੇ ਸਿੰਘ ਨੇ ਪ੍ਰੀਵੈਂਟਿਵ ਵਿਜੀਲੈਂਸ ਦੇ ਮੁੱਖ ਪਹਿਲੂਆਂ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਵਿਜੀਲੈਂਸ ਦਾ ਮਕਸਦ ਸਿਰਫ਼ ਕਾਰਵਾਈ ਕਰਨਾ ਹੀ ਨਹੀਂ, ਸਗੋਂ ਨਿਯਮਾਂ ਦੀ ਸਹੀ ਜਾਣਕਾਰੀ ਦੇ ਕੇ ਭ੍ਰਿਸ਼ਟਾਚਾਰ ਅਤੇ ਗਲਤੀਆਂ ਦੀ ਗੁੰਜਾਇਸ਼ ਨੂੰ ਸ਼ੁਰੂਆਤੀ ਦੌਰ ਵਿੱਚ ਹੀ ਖ਼ਤਮ ਕਰਨਾ ਹੈ। ਉਨ੍ਹਾਂ ਟੈਂਡਰ ਪ੍ਰਕਿਰਿਆ, ਸੈਂਟਰਲ ਵਿਜੀਲੈਂਸ ਕਮਿਸ਼ਨ ਦੀਆਂ ਹਦਾਇਤਾਂ, ਪਾਰਦਰਸ਼ੀ ਖਰੀਦ ਪ੍ਰਣਾਲੀ ਅਤੇ ਕੰਟਰੈਕਟ ਮੈਨੇਜਮੈਂਟ ਵਿੱਚ ਆਉਣ ਵਾਲੀਆਂ ਚੁਣੌਤੀਆਂ ਨੂੰ ਨਿਯਮਾਂ ਅਨੁਸਾਰ ਹੱਲ ਕਰਨ ਦੇ ਨੁਕਤੇ ਸਾਂਝੇ ਕੀਤੇ। ਇਸੇ ਤਰਾਂ ਉਨ੍ਹਾਂ ਨੇ ਸ਼ਿਕਾਇਤਾਂ ਦੇ ਸਮੇਂ ਸਿਰ ਨਿਪਟਾਰੇ ਅਤੇ ਦਫ਼ਤਰੀ ਕਾਰਜਕੁਸ਼ਲਤਾ ਨੂੰ ਉੱਚ ਦਿਆਨਤਦਾਰੀ ਨਾਲ ਅੱਗੇ ਵਧਾਉਣ ਤੇ ਜੋ਼ਰ ਦਿੱਤਾ।
ਨਿਗਰਾਨ ਇੰਜਨੀਅਰ ਮਨਵੀਨ ਚੌਧਰੀ ਨੇ ਇਸ ਮੌਕੇ ਇਸ ਵਰਕਸ਼ਾਪ ਲਈ ਇੱਥੇ ਆਉਣ ਲਈ ਡਿਪਟੀ ਚੀਫ਼ ਵਿਜੀਲੈਂਸ ਅਫ਼ਸਰ ਜ਼ਿਲੇ ਸਿੰਘ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਏਡੀਈ ਗਗਨ ਸਿੰਘ ਦਾ ਸਵਾਗਤ ਕੀਤਾ।
ਵਰਕਸ਼ਾਪ ਦੌਰਾਨ ਅਧਿਕਾਰੀਆਂ ਦੇ ਸ਼ੰਕਿਆਂ ਅਤੇ ਸਵਾਲਾਂ ਦੇ ਜਵਾਬ ਦਿੱਤੇ ਗਏ।
ਇਸ ਮੌਕੇ ਹੋਰਨਾ ਤੋਂ ਇਲਾਵਾ ਨਿਗਰਾਨ ਇੰਜਨੀਅਰ ਅਜੀਤ ਕੁਮਾਰ, ਵਧੀਕ ਨਿਗਰਾਨ ਇੰਜਨੀਅਰ ਵਿਨੈ ਕੁਮਾਰ, ਕਾਰਜਕਾਰੀ ਇੰਜਨੀਅਰ ਹਰਪ੍ਰੀਤ ਸਿੰਘ ਤੇ ਗੌਰਵ ਲਾਂਬਾ ਤੋਂ ਇਲਾਵਾ ਬਿਆਸ ਡੈਮ ਪ੍ਰੋਜੈਕਟ ਦੇ ਵੱਖ-ਵੱਖ ਵਿਭਾਗਾਂ ਦੇ ਇੰਜੀਨੀਅਰਾਂ ਅਤੇ ਅਧਿਕਾਰੀਆਂ ਨੇ ਭਾਗ ਲਿਆ। ਵਰਕਸ਼ਾਪ ਦਾ ਮੁੱਖ ਉਦੇਸ਼ ਸਰਕਾਰੀ ਕੰਮਕਾਜ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਕੰਮ ਦੀ ਗੁਣਵੱਤਾ ਨੂੰ ਯਕੀਨੀ ਬਣਾਉਣਾ ਸੀ।
Get all latest content delivered to your email a few times a month.