ਤਾਜਾ ਖਬਰਾਂ
ਜਗਦੀਸ਼ ਥਿੰਦ
ਫਾਜ਼ਿਲਕਾ, 14 ਸਤੰਬਰ: ਫਾਜ਼ਿਲਕਾ ਪੁਲਿਸ ਨੇ ਥਾਣਾ ਸਿਟੀ ਜਲਾਲਾਬਾਦ ਵਿਖੇ ਹੋਏ ਗ੍ਰੇਨੇਡ ਹਮਲੇ ਦੇ ਮਾਮਲੇ ਨੂੰ ਟਰੇਸ ਕਰਦਿਆਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਕੀ ਹੈ ਪੂਰਾ ਮਾਮਲਾ?
ਮਿਤੀ 13 ਸਤੰਬਰ 2026 ਨੂੰ ਥਾਣਾ ਸਿਟੀ ਜਲਾਲਾਬਾਦ ਦੇ ਅੰਦਰ ਮੇਨ ਗੇਟ ਤੋਂ ਸਾਂਝ ਕੇਂਦਰ ਵੱਲ ਜਾਂਦੇ ਕੱਚੇ ਰਸਤੇ 'ਤੇ ਖੜ੍ਹੇ ਮਾਲ-ਮੁਕੱਦਮਾ ਨਾਲ ਸਬੰਧਤ ਪੁਰਾਣੇ ਵਾਹਨਾਂ ਦੇ ਸ਼ੀਸ਼ੇ ਟੁੱਟੇ ਹੋਏ ਮਿਲੇ ਸਨ। ਵਾਹਨਾਂ ਵਿੱਚ ਨੁਕੀਲੀਆਂ ਚੀਜ਼ਾਂ ਦੇ ਨਿਸ਼ਾਨ ਅਤੇ ਮੋਰੀਆਂ ਦੇਖ ਕੇ ਬਲਾਸਟ ਹੋਣ ਦਾ ਸ਼ੱਕ ਜਤਾਇਆ ਗਿਆ ਸੀ।
ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਮੁਕੱਦਮਾ ਨੰਬਰ 177, ਮਿਤੀ 13-09-2026, ਧਾਰਾ 3, 4, 5 (The Explosive Substances Act) ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਗਈ ਸੀ।
ਪੁਲਿਸ ਦੀ ਕਾਰਵਾਈ ਅਤੇ ਗ੍ਰਿਫ਼ਤਾਰੀ
ਸ੍ਰੀ ਸਤਿੰਦਰ ਕੁਮਾਰ (ਕਪਤਾਨ ਪੁਲਿਸ ਇਨਵੈਸਟੀਗੇਸ਼ਨ ਫਾਜ਼ਿਲਕਾ) ਅਤੇ ਸ੍ਰੀ ਲਵਦੀਪ ਸਿੰਘ (ਡੀ.ਐੱਸ.ਪੀ. ਸਥਾਨਿਕ/ਵਾਧੂ ਚਾਰਜ ਜਲਾਲਾਬਾਦ) ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ। ਇੰਸਪੈਕਟਰ ਸੁਨੀਲ ਕੁਮਾਰ (ਇੰਚਾਰਜ ਸੀ.ਆਈ.ਏ. ਫਾਜ਼ਿਲਕਾ) ਅਤੇ ਇੰਸਪੈਕਟਰ ਮੋਹਿਤ ਪਵਨ (ਮੁੱਖ ਅਫਸਰ ਥਾਣਾ ਸਿਟੀ ਜਲਾਲਾਬਾਦ) ਦੀ ਅਗਵਾਈ ਵਿੱਚ ਟੈਕਨੀਕਲ ਸਪੋਰਟ ਯੂਨਿਟ ਦੀ ਮਦਦ ਨਾਲ ਸ਼ੱਕੀ ਵਿਅਕਤੀਆਂ ਨੂੰ ਟਰੇਸ ਕਰਕੇ ਗ੍ਰਿਫ਼ਤਾਰ ਕੀਤਾ ਗਿਆ।
ਗ੍ਰਿਫ਼ਤਾਰ ਕੀਤੇ ਗਏ ਦੋਸ਼ੀ:
ਗੁਰਪ੍ਰੀਤ ਸਿੰਘ, ਪੁੱਤਰ ਗੁਰਬਖਸ਼ ਸਿੰਘ, ਵਾਸੀ ਹਜ਼ਾਰਾ ਰਾਮ ਸਿੰਘ ਵਾਲਾ (ਥਾਣਾ ਸਦਰ ਜਲਾਲਾਬਾਦ)।
ਮਨਪ੍ਰੀਤ ਸਿੰਘ, ਪੁੱਤਰ ਜੋਗਿੰਦਰ ਸਿੰਘ, ਵਾਸੀ ਘੁਬਾਇਆ (ਥਾਣਾ ਸਦਰ ਜਲਾਲਾਬਾਦ)।
ਅਗਲੇਰੀ ਤਫ਼ਤੀਸ਼ ਜਾਰੀ
ਪੁਲਿਸ ਅਧਿਕਾਰੀਆਂ ਅਨੁਸਾਰ ਮਾਮਲੇ ਦੀ ਅਗਲੇਰੀ ਜਾੰਚ ਬਾਰੀਕੀ ਨਾਲ ਕੀਤੀ ਜਾ ਰਹੀ ਹੈ। ਫਾਜ਼ਿਲਕਾ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
Get all latest content delivered to your email a few times a month.