IMG-LOGO
ਹੋਮ ਪੰਜਾਬ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਹੋਏ ਦੋਵੇਂ...

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਹੋਏ ਦੋਵੇਂ ਕਾਤਲਾਨਾ ਹਮਲਿਆਂ ਦੀ ਐਨ ਆਈ ਏ

ਜਾਂਚ ਕਰਵਾਈ ਜਾਵੇ: ਹਰਸਿਮਰਤ ਕੌਰ ਬਾਦਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕੀਤੀ ਅਪੀਲ

ਪੰਜਾਬ ਬਚਾਓ ਮੁਹਿੰਮ ਦੇ ਦੂਜੇ ਪੜਾਅ ਤਹਿਤ ਵਿਸ਼ਾਲ ਰੈਲੀ ਨੂੰ ਕੀਤਾ ਸੰਬੋਧਨ, ਅਕਾਲੀ ਦਲ ਦੇ ਪ੍ਰਧਾਨ ਦੀ ਗੰਭੀਰ ਜ਼ਖ਼ਮੀ ਹੋਈ ਬਾਂਹ ਦੀ ਸਰਜਰੀ ਜਿਸ ਤਹਿਤ...

Admin user - Aug 16, 2026 05:51 PM
IMG

ਜਗਦੀਸ਼ ਥਿੰਦ 
ਗੁਰੂ ਹਰਿਸਹਾਏ, 16 ਅਗਸਤ:
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ  ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ’ਤੇ ਹੋਏ ਦੋ ਕਾਤਲਾਨਾ ਹਮਲਿਆਂ ਦੀ ਕੌਮੀ ਜਾਂਚ ਏਜੰਸੀ (ਐਨ ਆਈ ਏ) ਕੋਲੋਂ ਜਾਂਚ ਕਰਵਾਈ ਜਾਵੇ ਅਤੇ ਉਹਨਾਂ ਨੇ ਇਹਨਾਂ ਹਮਲਿਆਂ ਨੂੰ ਇਕ ਡੂੰਘੀ ਸਾਜ਼ਿਸ਼ ਕਰਾਰ ਦਿੱਤਾ ਜਿਸ ਵਿਚ ਸਿਆਸਤਦਾਨ ਤੇ ਪੁਲਿਸ ਅਫਸਰ ਦੋਵੇਂ ਸ਼ਾਮਲ ਹਨ।


ਬਠਿੰਡਾ ਦੇ ਐਮ ਪੀ, ਜਿਹਨਾਂ ਨੇ ਇਥੇ ਪਾਰਟੀ ਦੀ ਪੰਜਾਬ ਬਚਾਓ ਮੁਹਿੰਮ ਦੇ ਦੂਜੇ ਪੜਾਅ ਵਜੋਂ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ, ਨੇ ਸਰਦਾਰ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਮਗਰੋਂ ਗੰਭੀਰ ਜ਼ਖ਼ਮੀ ਹੋਈ ਬਾਂਹ ਜਿਸਦੀ ਹੋਈ ਸਰਜਰੀ ਤਹਿਤ 150 ਟਾਂਕੇ ਲੱਗੇ ਹਨ ਅਤੇ ਹਮਲੇ ਵਿਚ ਹਮਲਾਵਰ ਵੱਲੋਂ ਵਰਤੀ ਗਈ ਡੇਢ ਫੁੱਟ ਲੰਬੀ ਕਿਰਚ ਦੀਆਂ ਤਸਵੀਰਾਂ ਵੀ ਮੀਡੀਆ ਨਾਲ ਸਾਂਝੀਆਂ ਕੀਤੀਆਂ। ਉਹਨਾਂ ਦੱਸਿਆ ਕਿ ਦੋਵੇਂ ਪਾਸੇ ਅਤੇ ਅੰਦਰਲੇ ਪਾਸੇ ਵੀ ਜ਼ਖ਼ਮ ਨੂੰ ਕਵਰ ਕਰਨ ਵਾਸਤੇ 150 ਤੋਂ ਜ਼ਿਆਦਾ ਟਾਂਕੇ ਲੱਗੇ ਹਨ। ਉਹਨਾਂ ਕਿਹਾ ਕਿ ਕਿਰਚ ਬਹੁਤ ਤਿੱਖੀ ਤੇ ਲੰਬੀ ਸੀ ਜਿਸ ਕਾਰਨ ਇਹ ਬਾਂਹ ਦੇ ਆਰ ਪਾਰ ਹੋ ਗਈ।


ਸਰਦਾਰਨੀ ਬਾਦਲ ਨੇ ਨਾਂਦੇੜ ਸਾਹਿਬ ਦੇ ਨਾਲ-ਨਾਲ 4 ਦਸੰਬਰ 2024 ਨੂੰ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਹੋਏ ਹਮਲੇ ਨੂੰ ਸਰਦਾਰ ਬਾਦਲ ਨੂੰ ਜਾਨੋਂ ਮਾਰਨ ਅਤੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਡੂੰਘੀ ਸਾਜ਼ਿਸ਼ ਕਰਾਰ ਦਿੱਤਾ। ਉਹਨਾਂ ਕਿਹਾ ਕਿ ਇਸੇ ਵਾਸਤੇ ਮੈਂ ਕੇਂਦਰੀ ਗ੍ਰਹਿ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਇਸ ਸਾਰੇ ਮਾਮਲੇ ਤੇ ਦੋਵਾਂ ਘਟਨਾਵਾਂ ਦੀ ਐਨ ਆਈ ਏ ਕੋਲੋਂ ਜਾਂਚ ਕਰਵਾਈ ਜਾਵੇ। ਉਹਨਾਂ ਕਿਹਾ ਕਿ ਅਜਿਹਾ ਇਸ ਕਰ ਕੇ ਕਰਨਾ ਪਵੇਗਾ ਕਿਉਂਕਿ ਜਿਸ ਵਿਅਕਤੀ ਨੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਅਕਾਲੀ ਦਲ ਪ੍ਰਧਾਨ ’ਤੇ ਹਮਲਾ ਕੀਤਾ, ਉਹ ਆਈ ਐਸ ਆਈ ਦਾ ਏਜੰਟ ਹੈ ਤੇ ਇਕ ਐਸ ਪੀ ਰੈਂਕ ਦਾ ਅਫਸਰ ਉਸਦੀ ਮਦਦ ਕਰ ਰਿਹਾ ਸੀ ਤੇ ਇਸ ਘਿਨੌਣੇ ਅਪਰਾਧ ਦੇ ਤਿੰਨ ਮਹੀਨਿਆਂ ਵਿਚ ਹੀ ਉਸਨੂੰ ਜ਼ਮਾਨਤ ਮਿਲ ਗਈ।


ਉਹਨਾਂ ਦੱਸਿਆ ਕਿ ਜਦੋਂ ਨਾਂਦੇੜ ਸਾਹਿਬ ਵਿਖੇ ਹੋਏ ਹਮਲੇ ਵੇਲੇ ਸਰਦਾਰ ਬਾਦਲ ਗੁਰਦੁਆਰਾ ਮਾਤਾ ਸਾਹਿਬ ਦੀਵਾਨ ਜੀ ਦੀਆਂ ਪੌੜੀਆਂ ਉਤਰ ਰਹੇ ਸਨ ਤਾਂ ਹਮਲਾਵਰ ਜੋ ਨਿਹੰਗ ਬਣ ਕੇ ਆਇਆ ਸੀ, ਨੇ ਪਹਿਲਾਂ ਉਹਨਾਂ ਦੇ ਨਾਲ ਤੁਰਨ ਦਾ ਡਰਾਮਾ ਕੀਤਾ ਤੇ ਫਿਰ ਅਚਨਚੇਤ ਹੀ ਹਮਲਾ ਬੋਲ ਦਿੱਤਾ। ਉਹਨਾਂ ਕਿਹਾ ਕਿ ਅਜਿਹਾ ਘਿਨੌਣਾ ਕੰਮ ਕੋਈ ਸੱਚਾ ਗੁਰੂ ਦਾ ਸਿੱਖ ਨਹੀਂ ਕਰ ਸਕਦਾ ਅਤੇ ਸਾਰੇ ਮਾਮਲੇ ਦੀ ਐਨ ਆਈ ਏ ਕੋਲੋਂ ਜਾਂਚ ਕਰਵਾਉਣ ਦੀ ਜ਼ਰੂਰਤ ਹੈ ਤਾਂ ਜੋ ਇਹਨਾਂ ਹਮਲਿਆਂ ਦੀ ਤਹਿ ਤੱਕ ਜਾਇਆ ਜਾ ਸਕੇ ਤੇ ਉਹ ਵਿਅਕਤੀ ਵੀ ਪਛਾਣੇ ਜਾ ਸਕਣ ਜਿਹਨਾਂ ਨੇ ਇਹ ਹਮਲੇ ਕਰਵਾਏ।


ਸਰਦਾਰਨੀ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਗੁਰੂ ਦੋਖੀ ਤੇ ਦੇਸ਼ ਵਿਰੋਧੀ ਅਨਸਰ ਪੰਜਾਬ ਦੀ ਮਿਹਨਤ ਨਾਲ ਕਮਾਈ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ ਪਰ ਇਹਨਾਂ ਵੰਡ ਪਾਊ ਕਾਰਵਾਈਆਂ ਨਾਲ ਕਦੇ ਵੀ ਅਕਾਲੀ ਦਲ ਨਹੀਂ ਡਰੇਗਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਪਹਿਲਾਂ ਨਾਲੋਂ ਵੀ ਮਜ਼ਬੂਤ  ਹੋ ਕੇ ਨਿਤਰਣਗੇ। ਉਹਨਾਂ ਦੱਸਿਆ ਕਿ ਅਕਾਲੀ ਦਲ ਦੇ ਪ੍ਰਧਾਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤੇ ਉਹ ਪੂਰੀ ਚੜ੍ਹਦੀਕਲਾ ਵਿਚ ਹਨ ਤੇ ਉਹਨਾਂ ਇਹ ਵੀ ਦੱਸਿਆ ਕਿ ਇਕ ਬਾਜ ਉਹਨਾਂ ਦੇ ਹਸਪਤਾਲ ਦੀ ਖਿੜਕੀ ਦੇ ਗੇੜੇ ਲਗਾ ਰਿਹਾ ਸੀ ਜਿਸਨੂੰ ਵੇਖ ਕੇ ਉਹਨਾਂ ਦੀ ਪੰਥ ਦੀ ਸੇਵਾ ਦੀ ਭਾਵਨਾ ਹੋਰ ਮਜ਼ਬੂਤ ਹੋਈ ਹੈ।
ਸਰਦਾਰਨੀ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਕੋਈਵੀ  ਤਾਕਤ ਅਕਾਲੀ ਦਲ ਨੂੰ ਇਸੇ ਰਾਹ ਤੋਂ ਪਾਸੇ ਨਹੀਂ ਕਰ ਸਕਦੀ। ਉਹਨਾਂ ਕਿਹਾ ਕਿ ਸਾਡੀ ਤਾਕਤ, ਸਾਡੀ ਮਜ਼ਬੂਤੀ ਸਾਡਾ ਸਭ ਕੁਝ ਸਾਡੇ ਗੁਰੂ ਸਾਹਿਬ ਹਨ। ਇਸ ਲਈ ਮੈਂ ਇਹਨਾਂ ਵੰਡ ਪਾਊ ਤਾਕਤਾਂ ਨੂੰ ਚੁਣੌਤੀ ਦਿੰਦੀਹਾਂ  ਕਿ ਜਿੰਨਾ ਤੁਸੀਂ ਸਾਡੇ ’ਤੇ ਹਮਲੇ ਬੋਲੋਗੇ ਅਸੀਂ ਉਨੇ ਹੋਰ ਮਜ਼ਬੂਤ ਹੋ ਕੇ ਨਿਤਰਾਂਗੇ।


ਸਰਦਾਰਨੀ ਬਾਦਲ ਨੇ ਵਿਸ਼ਾਲ ਇਕੱਠ ਵੱਲੋਂ ਅਕਾਲੀ ਦਲ ਪ੍ਰਧਾਨ ਦੇ ਹੱਕ ਵਿਚ ਜ਼ੋਰਦਾਰ ਨਾਅਰੇਬਾਜ਼ੀ ਕਰਨ ਵੇਲੇ ਕੀਤੇ ਸੰਬੋਧਨ ਵਿਚ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਣ ਲੈਣ ਕਿ ਸਿਰਫ ਪੰਜਾਬੀ ਹੀ ਪੰਜਾਬ ’ਤੇ ਰਾਜ ਕਰਨਗੇ ਅਤੇ ਸੂਬੇ ਦੇ ਖ਼ਜ਼ਾਨੇ ਪੰਜਾਬੀਆਂ ਦੀ ਇੱਛਾ ਪੂਰਤੀ ’ਤੇ ਲੱਗਣਗੇ ਨਾ ਕਿ ਬਾਹਰਲਿਆਂ ਦੇ ਖ਼ਜ਼ਾਨੇ ਭਰਨ ਵਾਸਤੇ ਵਰਤੇ ਜਾਣਗੇ।


ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦ੍ਰਿੜ੍ਹ ਨਿਸ਼ਚਾ ਕਰਨ ਕਿ ਸਰਕਾਰੀ ਨੌਕਰੀਆਂ ਸਿਰਫ ਪੰਜਾਬੀਆਂ ਨੂੰ ਮਿਲਣ ਨਾ ਕਿ ਬਾਹਰਲਿਆਂ ਨੂੰ ਮਿਲਣ। ਉਹਨਾਂ ਕਿਹਾ ਕਿ ਅਸੀਂ ਇਹਵੀ  ਪ੍ਰਣ ਲਈਏ ਕਿ ਆਮ ਆਦਮੀ ਪਾਰਟੀ ਸਰਕਾਰ ਵਿਚ ਜਿਹੜਾ ਗੈਂਗਸਟਰਾਂ ਦਾ ਰਾਜ ਚਲ ਰਿਹਾ ਹੈ, ਉਸਦਾ ਅਸੀਂ ਖ਼ਾਤਮਾ ਕਰਾਂਗੇ। ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀਆਂ ’ਤੇ ਅਤੇ ਰਾਜਧਾਨੀ ਸ਼ਹਿਰ ਚੰਡੀਗੜ੍ਹ ’ਤੇ ਪੰਜਾਬ ਦਾ ਹੱਕ ਕਮਜ਼ੋਰ ਨਹੀਂ ਪੈਣਾ ਚਾਹੀਦਾ।


ਸਰਦਾਰਨੀ ਹਰਸਿਮਰਤ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਧਰਮ ਦੀ ਆੜ ਵਿਚ ਨਫਰਤ ਦੀ ਰਾਜਨੀਤੀ ਕਰਨ ਤੇ ਸਮਾਜ ਵਿਚ ਵੰਡੀਆਂ ਪਾਉਣ ਵਾਲਿਆਂ ਤੋਂ ਸੁਚੇਤ ਰਹਿਣ। ਉਹਨਾਂ ਕਿਹਾ ਕਿ ਸਾਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਕਸ਼ੇ ਕਦਮ ’ਤੇ ਚੱਲਣਾ ਚਾਹੀਦਾ ਹੈ ਤੇ ਸੂਬੇ ਵਿਚ ਅਮਨ ਸ਼ਾਂਤੀ  ਤੇ ਆਪਸੀ ਭਾਈਚਾਰਕ ਸਾਂਝ ਨੂੰ ਆਪਣੀ ਨੀਤੀ ਦਾ ਮੁੱਖ ਧੁਰਾ ਬਣਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸੇ ਨੀਤੀ ਦੀ ਬਦੌਲਤ ਪਹਿਲਾਂ ਵੀ ਤੇਜ਼ ਰਫਤਾਰ ਵਿਕਾਸ ਤੇ ਤਰੰਕੀ ਹੋਈ ਤੇ ਫਿਰ ਤੋਂ ਰਾਜ ਹਨੇਰੇ ਵਿਚੋਂ ਬਾਹਰ ਆ ਸਕਣਗੇ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਖੇਤਰੀ ਪਾਰਟੀ ਦੀ ਹਮਾਇਤ ਕਰਨ ਅਤੇ ਜ਼ੋਰ ਦੇ ਕੇ ਕਿਹਾ ਕਿ ਪਹਿਲਾਂ ਗੁਟਕਾ ਸਾਹਿਬ (ਕਾਂਗਰਸ) ਦੀ ਝੂਠੀ ਸਹੁੰ ਖਾਣ ਵਾਲਿਆਂ ਤੇ ਬਦਲਾਅ (ਆਪ) ਵਾਲਿਆਂ ਨੇ ਲੋਕਾਂ ਨਾਲ ਧੋਖਾ ਕੀਤਾ ਹੈ।


ਪਾਰਟੀ ਦੇ ਹਲਕਾ ਇੰਚਾਰਜ ਤੇ ਸੀਨੀਅਰ ਆਗੂ ਵਰਦੇਵ ਸਿੰਘ ਮਾਨ ਨੇ ਦੱਸਿਆ ਕਿ ਕਿਵੇਂ ਪਿਛਲੀ ਅਕਾਲੀ ਦਲ ਦੀ ਸਰਕਾਰ ਵੇਲੇ ਇਥੇ ਨਵੇਂ ਸੀਵਰੇਜ ਸਿਸਟਮ ਵਾਸਤੇ 75 ਕਰੋੜ ਰੁਪਏ ਅਲਾਟ ਹੋਏ ਸਨ ਪਰ ਫਿਰ ਕਾਂਗਰਸ ਸਰਕਾਰ ਬਣ ਗਈ ਜਿਸਨੇ ਪੈਸੇ ਹੀ ਜਾਰੀ ਨਹੀਂ ਕੀਤੇ ਤੇ ਸ਼ਹਿਰ ਨਰਕ ਬਣ ਗਿਆ। ਉਹਨਾਂ ਨੇ ਨਵੇਂ ਸੀਵਰੇਜ ਸਿਸਟਮ ਦੀ ਮੰਗ ਕਰਦਿਆਂ ਇਹ ਵੀ ਮੰਗ ਕੀਤੀ ਕਿ  ਸਤਲੁਜ ਦਰਿਆ ਦੇ ਨਾਲ ਲੱਗਦੀ ਜ਼ਮੀਨ ਵਾਹੁਣ ਵਾਲੇ ਕਿਸਾਨਾਂ ਨੂੰ ਮਾਲਕਾਨਾਂ ਹੱਕ ਦਿੱਤੇ ਜਾਣ ਜੋ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੇ ਸਨ ਪਰ ਬਾਅਦ ਵਿਚ ਉਹ ਵਾਪਸ ਲੈ ਲਏ ਗਏ। ਉਹਨਾਂ ਮੰਗ ਕੀਤੀ ਕਿ ਇਹ ਬਹਾਲ ਕੀਤੇ ਜਾਣ। ਉਹਨਾਂ ਨੇ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਹਲਕੇ ਵਿਚ ਇਕ ਗਰਲਜ਼ ਕਾਲਜ ਤੇ ਹਸਪਤਾਲ ਬਣਾਉਣ ਦੀ ਮੰਗ ਵੀ ਕੀਤੀ।


ਇਸ ਮੌਕੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਜਨਮੇਜਾ ਸਿੰਘ ਸੇਖੋਂ, ਸਿਕੰਦਰ ਸਿੰਘ ਮਲੂਕਾ, ਡਾ. ਦਲਜੀਤ ਸਿੰਘ ਚੀਮਾ, ਨਰਦੇਵ ਸਿੰਘ ਮਾਨ, ਜੋਗਿੰਦਰ ਸਿੰਘ ਜਿੰਦੂ, ਸੁਖਪਾਲ ਨੰਨੂ, ਰਾਜ ਕੁਮਾਰ ਡਿੱਬੀਪੁਰਾ, ਹਰਪ੍ਰੀਤ ਸਿੰਘ ਹੀਰੋ ਅਤੇ ਐਸ ਓ ਆਈ ਪ੍ਰਧਾਨ ਰਣਬੀਰ ਸਿੰਘ ਢਿੱਲੋਂ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ। ਨਰਦੇਵ ਸਿੰਘ ਬੌਬੀ ਮਾਨ , ਗੁਰਸੇਵਕ ਸਿੰਘ ਕੈਸ਼ ਮਾਨ , ਸਰਦਾਰਨੀ  ਨਰਿੰਦਰ ਕੌਰ ਮਾਨ , ਹਰਪਿੰਦਰ ਸਿੰਘ ਮਾਨ , ਗੁਰਬਾਜ਼ ਸਿੰਘ ਦੋਸਾਂਝ ,  ਅਸ਼ੋਕ ਕੁਮਾਰ ਕੰਬੋਜ ਸ਼ੇਖੜਾਂ , ਜੋਗਾ ਸਿੰਘ ਮੁਰਕ ਵਾਲਾ , ਜਸਬੀਰ ਸਿੰਘ ਰਾਜੂ ਸਰਪੰਚ ਲਾਲਚੀਆਂ ਹਰਪਾਲ ਸਿੰਘ ਬੇਦੀ , ਮੇਜਰ ਸਿੰਘ ਸੋਢੀਵਾਲਾ ਤੋਂ ਇਲਾਵਾ ਹੋਰ ਵੀ ਸੀਨੀਅਰ ਲੀਡਰਸ਼ਿੱਪ ਮੌਜੂਦ ਸੀ ।

 

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.