>
ਤਾਜਾ ਖਬਰਾਂ
ਜਗਦੀਸ਼ ਥਿੰਦ
ਮੋਹਾਲੀ (ਐਸਏਐਸ ਨਗਰ), 12 ਅਗਸਤ 2026:
ਪੰਜਾਬ ਪੁਲਿਸ ਨਾ ਸਿਰਫ਼ ਅਪਰਾਧੀਆਂ ਤੋਂ ਸੂਬੇ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾ ਰਹੀ ਹੈ, ਸਗੋਂ ਆਪਣੀ ਪ੍ਰਮੁੱਖ ਪਹਿਲਕਦਮੀ ‘ਸੜਕ ਸੁਰੱਖਿਆ ਫੋਰਸ’ (ਐਸਐਸਐਫ) ਰਾਹੀਂ ਸੜਕ ਸੁਰੱਖਿਆ ਦੇ ਖੇਤਰ ਵਿੱਚ ਵੀ ਨਵੇਂ ਮਾਪਦੰਡ ਕਾਇਮ ਕਰ ਰਹੀ ਹੈ। ਯਾਤਰੀਆਂ ਦੀਆਂ ਜਾਨਾਂ ਬਚਾਉਣ ਲਈ ਸਮਰਪਿਤ ਇਹ ਹਾਈਵੇ ਪੈਟਰੋਲ ਫੋਰਸ ਡਰੋਨ, ਸੈਟੇਲਾਈਟ ਇਮੇਜਰੀ ਅਤੇ ਏਆਈ-ਅਧਾਰਿਤ ਭਵਿੱਖਬਾਣੀ ਪ੍ਰਣਾਲੀਆਂ ਨੂੰ ਏਕੀਕ੍ਰਿਤ ਕਰਕੇ ਪੰਜਾਬ ਪੁਲਿਸ ਨੂੰ ਭਾਰਤ ਦੀ ਪਹਿਲੀ 3ਡੀ ਪੁਲਿਸ ਫੋਰਸ ਬਣਾਉਣ ਦੀ ਦਿਸ਼ਾ ਵਿੱਚ ਅੱਗੇ ਵਧ ਰਹੀ ਹੈ।
ਸਮਰਪਿਤ ਹਾਈਵੇ ਪੈਟਰੋਲ ਫੋਰਸ ਦਾ ਪ੍ਰਭਾਵ ਉਨ੍ਹਾਂ ਸੜਕਾਂ ’ਤੇ ਸਪੱਸ਼ਟ ਤੌਰ ’ਤੇ ਦਿਖਾਈ ਦੇ ਰਿਹਾ ਹੈ, ਜਿਨ੍ਹਾਂ ’ਤੇ ਇਸ ਦੀ ਤਾਇਨਾਤੀ ਕੀਤੀ ਗਈ ਹੈ। ਫਰਵਰੀ 2024 ਤੋਂ ਜਨਵਰੀ 2026 ਤੱਕ ਐਸਐਸਐਫ ਨੇ 43,983 ਸੜਕ ਹਾਦਸਿਆਂ ਵਿੱਚ ਪਹੁੰਚ ਕਰਦਿਆਂ ਕੁੱਲ 47,386 ਲੋਕਾਂ ਨੂੰ ਸਹਾਇਤਾ ਪ੍ਰਦਾਨ ਕੀਤੀ। ਇਨ੍ਹਾਂ ਕਾਰਵਾਈਆਂ ਦੌਰਾਨ 19,973 ਲੋਕਾਂ ਨੂੰ ਮੌਕੇ ’ਤੇ ਮੁੱਢਲੀ ਸਹਾਇਤਾ ਦਿੱਤੀ ਗਈ, ਜਦਕਿ 27,413 ਜ਼ਖ਼ਮੀ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਨਾਲ ਤੁਰੰਤ ਐਮਰਜੈਂਸੀ ਸਹਾਇਤਾ ਅਤੇ ਡਾਕਟਰੀ ਮਦਦ ਰਾਹੀਂ ਲੋਕਾਂ ਦੀਆਂ ਜਾਨਾਂ ਬਚਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਗਿਆ।
ਹਾਈਵੇ ਸੁਰੱਖਿਆ ਲਈ ਸਮਰਪਿਤ ਫੋਰਸ ਵਜੋਂ ਸਥਾਪਤ ਪੰਜਾਬ ਐਸਐਸਐਫ ਦਾ ਧਿਆਨ ਖ਼ਾਸ ਤੌਰ ’ਤੇ ਨਿਰਧਾਰਤ ਹਾਈਵੇ ਅਤੇ ਪ੍ਰਮੁੱਖ ਸੜਕਾਂ ’ਤੇ ਗਸ਼ਤ ਕਰਨ ’ਤੇ ਕੇਂਦਰਿਤ ਹੈ। ਰਵਾਇਤੀ ਪੁਲਿਸ ਪ੍ਰਬੰਧ ਦੇ ਉਲਟ, ਐਸਐਸਐਫ ਦੇ ਜਵਾਨਾਂ ਨੂੰ ਨਿਯਮਤ ਕਾਨੂੰਨ-ਵਿਵਸਥਾ ਦੀਆਂ ਡਿਊਟੀਆਂ ਲਈ ਨਹੀਂ ਲਗਾਇਆ ਜਾਂਦਾ। ਉਨ੍ਹਾਂ ਦੀ ਮੁੱਖ ਜ਼ਿੰਮੇਵਾਰੀ ਸੜਕ ਸੁਰੱਖਿਆ, ਤੁਰੰਤ ਕਾਰਵਾਈ ਅਤੇ ਹਾਦਸਾ ਪੀੜਤਾਂ ਦੀ ਮਦਦ ਕਰਨਾ ਹੈ।
ਇਸ ਫੋਰਸ ਕੋਲ 144 ਹਾਈ-ਟੈਕ ਵਾਹਨ ਅਤੇ 1,600 ਤੋਂ ਵੱਧ ਵਿਸ਼ੇਸ਼ ਤੌਰ ’ਤੇ ਸਿਖਲਾਈ ਪ੍ਰਾਪਤ ਕਰਮਚਾਰੀ ਹਨ, ਜਿਨ੍ਹਾਂ ਵਿੱਚ ਲਗਭਗ 28 ਫ਼ੀਸਦੀ ਮਹਿਲਾ ਪੁਲਿਸ ਕਰਮਚਾਰੀ ਹਨ। ਟੀਮਾਂ ਨੂੰ ਮਹੱਤਵਪੂਰਨ ਰਾਸ਼ਟਰੀ ਅਤੇ ਰਾਜ ਮਾਰਗਾਂ ਅਤੇ ਪ੍ਰਮੁੱਖ ਜ਼ਿਲ੍ਹਾ ਸੜਕਾਂ ਦੇ 4,100 ਕਿਲੋਮੀਟਰ ਖੇਤਰ ਵਿੱਚ ਹਰ 30 ਕਿਲੋਮੀਟਰ ’ਤੇ ਰਣਨੀਤਕ ਤੌਰ ’ਤੇ ਤਾਇਨਾਤ ਕੀਤਾ ਗਿਆ ਹੈ। ਐਸਐਸਐਫ ਦੀਆਂ ਟੀਮਾਂ ਹਾਦਸਿਆਂ ’ਤੇ ਔਸਤਨ 6 ਤੋਂ 10 ਮਿੰਟ ਵਿੱਚ ਕਾਰਵਾਈ ਕਰਦੀਆਂ ਹਨ, ਜੋ ਵਿਸ਼ਵ ਪੱਧਰੀ ਮਾਪਦੰਡਾਂ ਦੇ ਮੁਕਾਬਲੇ ਕਾਫ਼ੀ ਤੇਜ਼ ਹੈ।
‘ਪਲੈਟੀਨਮ 10 ਮਿੰਟ’ ਦੇ ਸਿਧਾਂਤ ’ਤੇ ਆਧਾਰਿਤ ਐਸਐਸਐਫ ਕਰਮਚਾਰੀਆਂ ਦਾ ਟੀਚਾ ਹਾਦਸਾ ਪੀੜਤਾਂ ਤੱਕ ਛੇ ਤੋਂ ਅੱਠ ਮਿੰਟਾਂ ਦੇ ਅੰਦਰ ਪਹੁੰਚਣਾ ਹੈ, ਤਾਂ ਜੋ ਐਂਬੂਲੈਂਸ ਜਾਂ ਹਸਪਤਾਲ ਦੀ ਡਾਕਟਰੀ ਸਹਾਇਤਾ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਜਾ ਸਕੇ। ਐਸਐਸਐਫ ਦੇ ਵਾਹਨਾਂ ਵਿੱਚ ਸਪੀਡ ਗਨ, ਐਲਕੋਮੀਟਰ (ਬ੍ਰੇਥਲਾਈਜ਼ਰ), ਈ-ਚਲਾਨ ਮਸ਼ੀਨਾਂ, ਡੈਸ਼ ਕੈਮ ਅਤੇ ਮੁੱਢਲੀ ਸਹਾਇਤਾ ਕਿੱਟਾਂ ਵਰਗੀਆਂ ਸਹੂਲਤਾਂ ਉਪਲੱਬਧ ਹਨ।
ਇਸ ਸਬੰਧੀ, ਪੰਜਾਬ ਦੇ ਡੀਜੀਪੀ (ਡਾਇਰੈਕਟਰ ਜਨਰਲ ਆਫ਼ ਪੁਲਿਸ) ਗੌਰਵ ਯਾਦਵ ਨੇ ਕਿਹਾ, “ਕਰਮਚਾਰੀਆਂ ਨੂੰ ਕਰੈਸ਼ ਇਨਵੈਸਟੀਗੇਸ਼ਨ ਅਤੇ ਐਮਰਜੈਂਸੀ ਮੈਡੀਕਲ ਰਿਸਪਾਂਸ ਸਮੇਤ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਪਿਛਲੇ ਦੋ ਸਾਲਾਂ ਦੀਆਂ ਰਿਪੋਰਟਾਂ ਲਗਾਤਾਰ ਦਰਸਾਉਂਦੀਆਂ ਹਨ ਕਿ ਐਸਐਸਐਫ ਦੀ ਨਿਗਰਾਨੀ ਵਾਲੇ ਵਿਸ਼ੇਸ਼ ਹਾਈਵੇ ਮਾਰਗਾਂ ’ਤੇ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ 45-48 ਫ਼ੀਸਦੀ ਦੀ ਵੱਡੀ ਕਮੀ ਆਈ ਹੈ। ਐਸਐਸਐਫ ਦੀ ਤਾਇਨਾਤੀ ਵਾਲੇ ਇਨ੍ਹਾਂ ਮਾਰਗਾਂ ’ਤੇ ਮੌਤਾਂ ਦੀ ਗਿਣਤੀ 2023 ਵਿੱਚ 1,955 ਤੋਂ ਘਟ ਕੇ 2024 ਵਿੱਚ 1,016 ਰਹਿ ਗਈ। ਇਸ ਦਾ ਮਤਲਬ ਹੈ ਕਿ ਲਗਭਗ ਇੱਕ ਸਾਲ ਵਿੱਚ ਇਨ੍ਹਾਂ ਵਿਸ਼ੇਸ਼ ਮਾਰਗਾਂ ’ਤੇ ਕਰੀਬ 940 ਲੋਕਾਂ ਦੀ ਜਾਨ ਬਚਾਈ ਗਈ।”
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 27 ਜਨਵਰੀ 2024 ਨੂੰ ਜਲੰਧਰ ਵਿੱਚ ਐਸਐਸਐਫ ਦੀ ਰਸਮੀ ਸ਼ੁਰੂਆਤ ਕੀਤੀ ਸੀ। ਪੰਜਾਬ ਵਿੱਚ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਉੱਚ ਦਰ ਨੂੰ ਦੇਖਦਿਆਂ ਇਸ ਫੋਰਸ ਦਾ ਗਠਨ ਕੀਤਾ ਗਿਆ ਸੀ, ਜਿੱਥੇ ਹਰ ਰੋਜ਼ ਔਸਤਨ 17-18 ਲੋਕਾਂ ਦੀ ਸੜਕ ਹਾਦਸਿਆਂ ਵਿੱਚ ਮੌਤ ਹੋ ਰਹੀ ਸੀ।
ਸੜਕ ਸੁਰੱਖਿਆ ਤੋਂ ਇਲਾਵਾ, ਐਸਐਸਐਫ ਦੀਆਂ ਟੀਮਾਂ ਨੇ ਪੁਲਿਸ ਐਨਫੋਰਸਮੈਂਟ ਅਤੇ ਲੋਕਾਂ ਦੀ ਮਦਦ ਵਿੱਚ ਵੀ ਯੋਗਦਾਨ ਪਾਇਆ ਹੈ। ਟੀਮਾਂ ਨੇ 6 ਕਿਲੋਗ੍ਰਾਮ ਅਫ਼ੀਮ ਅਤੇ ਚੋਰੀ ਕੀਤੇ ਵਾਹਨ ਬਰਾਮਦ ਕੀਤੇ ਹਨ ਅਤੇ ਨਕਦੀ ਅਤੇ ਸੋਨਾ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਵਾਪਸ ਪਹੁੰਚਾਉਣ ਵਿੱਚ ਵੀ ਮਦਦ ਕੀਤੀ ਹੈ। ਟੀਮਾਂ ਨੇ 12 ਤੋਂ ਵੱਧ ਵਿਅਕਤੀਆਂ ਨੂੰ ਖੁਦਕੁਸ਼ੀ ਕਰਨ ਤੋਂ ਰੋਕਣ, ਸਕੂਲੀ ਬੱਚਿਆਂ ਦੀ ਮਦਦ ਕਰਨ ਅਤੇ ਦੇਰ ਰਾਤ ਯਾਤਰਾ ਕਰਨ ਵਾਲੀਆਂ ਮਹਿਲਾਵਾਂ ਅਤੇ ਸੈਲਾਨੀਆਂ ਦੀ ਸਹਾਇਤਾ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਫੇਜ਼-II ਵਿੱਚ ਐਸਐਸਐਫ ਦਾ ਵਿਸਥਾਰ
ਇਸ ਦੌਰਾਨ, ਫੇਜ਼-II ਤਹਿਤ ਐਸਐਸਐਫ ਦੀ ਕਵਰੇਜ ਮੌਜੂਦਾ 5,500 ਕਿਲੋਮੀਟਰ ਤੋਂ ਵਧਾ ਕੇ 6,000 ਕਿਲੋਮੀਟਰ ਰਾਜ ਸੜਕਾਂ ਤੱਕ ਕੀਤੀ ਜਾਵੇਗੀ। ‘ਵਿਜ਼ਨ ਐਸਐਸਐਫ-2047’ ਦੀ ਲੰਬੀ ਮਿਆਦ ਦੀ ਯੋਜਨਾ ਦਾ ਉਦੇਸ਼ ਸੈਟੇਲਾਈਟ ਡੇਟਾ, ਆਰਟੀਫਿਸ਼ੀਅਲ ਇੰਟੈਲੀਜੈਂਸ, ਡਰੋਨ ਅਤੇ ਜੀਓਸਪੇਸ਼ਲ ਤਕਨਾਲੋਜੀਆਂ ਨੂੰ ਏਕੀਕ੍ਰਿਤ ਕਰਕੇ ਇੱਕ ਸਮੁੱਚਾ ਸੜਕ ਸੁਰੱਖਿਆ ਤੰਤਰ ਵਿਕਸਤ ਕਰਨਾ ਹੈ।
ਪ੍ਰਸਤਾਵਿਤ 3ਡੀ ਪੁਲਿਸਿੰਗ ਮਾਡਲ ਵਿੱਚ ਡਰੋਨ, ਸੈਟੇਲਾਈਟ ਇਮੇਜਰੀ ਅਤੇ ਏਆਈ-ਅਧਾਰਿਤ ਭਵਿੱਖਬਾਣੀ ਪ੍ਰਣਾਲੀਆਂ ਨੂੰ ਏਕੀਕ੍ਰਿਤ ਕੀਤਾ ਜਾਵੇਗਾ, ਜਿਸ ਨਾਲ ਅਸਲ ਸਮੇਂ ਵਿੱਚ ਸਥਿਤੀ ਦੀ ਜਾਣਕਾਰੀ ਪ੍ਰਾਪਤ ਕਰਨ, ਸੰਭਾਵਿਤ ਖ਼ਤਰਿਆਂ ਦਾ ਪਹਿਲਾਂ ਤੋਂ ਅਨੁਮਾਨ ਲਗਾਉਣ ਅਤੇ ਪੁਲਿਸ ਦੀ ਤੁਰੰਤ ਕਾਰਵਾਈ ਵਿੱਚ ਮਦਦ ਮਿਲੇਗੀ। ਇਸ ਨਾਲ ਟ੍ਰੈਫਿਕ ਅਤੇ ਸੜਕ ਸੁਰੱਖਿਆ ਪੁਲਿਸਿੰਗ ਨੂੰ ਹੋਰ ਵਿਆਪਕ ਅਤੇ ਪ੍ਰਭਾਵਸ਼ਾਲੀ ਬਣਾਉਣ ਵਿੱਚ ਮਦਦ ਮਿਲੇਗੀ।
ਡੀਜੀਪੀ ਨੇ ਕਿਹਾ, “ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਸੈਟੇਲਾਈਟ ਡੇਟਾ ਨੂੰ ਡਿਜੀਟਲ ਐਨਫੋਰਸਮੈਂਟ ਨਾਲ ਏਕੀਕ੍ਰਿਤ ਕਰਨ ਦੇ ਉਦੇਸ਼ ਨਾਲ ‘ਵਿਜ਼ਨ ਐਸਐਸਐਫ-2047’ ਵਿੱਚ ਸੜਕ ਹਾਦਸਿਆਂ ਨੂੰ ਘੱਟੋ-ਘੱਟ ਪੱਧਰ ’ਤੇ ਲਿਆਉਣਾ, ਪੂਰੀ ਤਰ੍ਹਾਂ ਹਰੇ-ਭਰੇ ਮੋਬਿਲਿਟੀ ਕੌਰੀਡੋਰ ਵਿਕਸਤ ਕਰਨਾ ਅਤੇ ਪੰਜਾਬ ਰੋਡ ਸੇਫਟੀ ਐਂਡ ਟ੍ਰੈਫਿਕ ਰਿਸਰਚ ਸੈਂਟਰ (ਪੀਆਰਐਸਟੀਆਰਸੀ) ਅਧੀਨ ਖੇਤਰੀ ਖੋਜ ਕੇਂਦਰ ਸਥਾਪਤ ਕਰਨਾ ਸ਼ਾਮਲ ਹੈ।”
ਡੀਜੀਪੀ ਨੇ ਕਿਹਾ, “ਇਸ ਪ੍ਰਾਜੈਕਟ ਦਾ ਇੱਕੋ-ਇੱਕ ਟੀਚਾ ਵਿਗਿਆਨ, ਪ੍ਰਣਾਲੀਆਂ ਅਤੇ ਆਪਸੀ ਤਾਲਮੇਲ ਰਾਹੀਂ ਪੰਜਾਬ ਨੂੰ ਭਾਰਤ ਦਾ ਰੋਡ ਸੇਫਟੀ ਹੱਬ ਬਣਾਉਣਾ ਹੈ। ਪੰਜਾਬ ਪੁਲਿਸ ਘਟਨਾ ਮੈਪਿੰਗ, ਟ੍ਰੈਫਿਕ ਜਾਮ ਦੀ ਭਵਿੱਖਬਾਣੀ ਅਤੇ ਆਫ਼ਤ ਪ੍ਰਬੰਧਨ ਲਈ ਸੈਟੇਲਾਈਟ ਸੰਚਾਰ ਅਤੇ ਜੀਓਸਪੇਸ਼ਲ ਡੇਟਾ ਦੀ ਵਰਤੋਂ ਕਰੇਗੀ। ਐਸਐਸਐਫ ਪਹਿਲਾਂ ਹੀ ਭਾਰਤ ਦੀ ਹਾਈਵੇ ਸੁਰੱਖਿਆ ਲਈ ਸਮਰਪਿਤ ਪਹਿਲੀ ਫੋਰਸ ਬਣ ਚੁੱਕੀ ਹੈ।”
ਉਨ੍ਹਾਂ ਅੱਗੇ ਕਿਹਾ, “ਪੰਜਾਬ ਸਰਕਾਰ ਦੀ ਅਗਵਾਈ ਹੇਠ ਸੂਬੇ ਨੇ ਹਾਈਵੇ ਸੁਰੱਖਿਆ ਲਈ ਭਾਰਤ ਦੀ ਪਹਿਲੀ ਵਿਸ਼ੇਸ਼ ਫੋਰਸ ਸਥਾਪਤ ਕੀਤੀ ਅਤੇ ਸੜਕ ਸੁਰੱਖਿਆ ਯਕੀਨੀ ਬਣਾਉਣ ਦੇ ਢੰਗ ਨੂੰ ਬਦਲ ਦਿੱਤਾ। ਅਸੀਂ ਤੁਰੰਤ ਕਾਰਵਾਈ, ਪੇਸ਼ੇਵਰ ਸਿਖਲਾਈ ਅਤੇ ਸੇਵਾ-ਪਹਿਲਾਂ ਪਹੁੰਚ ’ਤੇ ਭਰੋਸਾ ਕਰਦੇ ਹਾਂ। ਅਸੀਂ ਇਸ ਨੂੰ ਆਪਣੇ ਜਿਓਸਿੰਕ੍ਰੋਨਸ ਨੈਨੋ ਜਾਂ ਮਾਈਕ੍ਰੋ ਸੈਟੇਲਾਈਟ ਨਾਲ ਏਕੀਕ੍ਰਿਤ ਕਰਨ ਦੀਆਂ ਸੰਭਾਵਨਾਵਾਂ ਵੀ ਤਲਾਸ਼ ਰਹੇ ਹਾਂ।”
ਐਸਐਸਐਫ ਪ੍ਰਾਜੈਕਟ ਵੱਖ-ਵੱਖ ਇਕਾਈਆਂ ਰਾਹੀਂ ਚਲਾਇਆ ਜਾ ਰਿਹਾ ਹੈ, ਜਿਸ ਵਿੱਚ ਇੰਟੈਲੀਜੈਂਟ ਟਰਾਂਸਪੋਰਟ ਮੈਨੇਜਮੈਂਟ ਸਿਸਟਮ (ਆਈਟੀਐਮਐਸ) ਤਕਨੀਕੀ ਆਧਾਰ ਵਜੋਂ ਕੰਮ ਕਰਦਾ ਹੈ। ਇਹ ਏਆਈ, ਆਈਓਟੀ ਸੈਂਸਰਾਂ ਅਤੇ ਰੀਅਲ-ਟਾਈਮ ਐਨਾਲਿਟਿਕਸ ਨੂੰ ਏਕੀਕ੍ਰਿਤ ਕਰਕੇ ਆਟੋਮੈਟਿਕ ਐਨਫੋਰਸਮੈਂਟ, ਸਮਾਰਟ ਸਰਵੇਲੈਂਸ ਅਤੇ ਡੇਟਾ-ਅਧਾਰਿਤ ਟ੍ਰੈਫਿਕ ਪਲੈਨਿੰਗ ਨੂੰ ਸਮਰੱਥ ਬਣਾਉਂਦਾ ਹੈ।
ਆਟੋਮੈਟਿਕ ਨੰਬਰ ਪਲੇਟ ਰਿਕੋਗਨੀਸ਼ਨ (ਏਐਨਪੀਆਰ) ਅਧਾਰਿਤ ਐਨਫੋਰਸਮੈਂਟ, ਪ੍ਰਿਡਿਕਟਿਵ ਐਨਾਲਿਟਿਕਸ ਅਤੇ ਮੋਬਾਈਲ ਇੰਟਰਸੈਪਟਰਾਂ ਰਾਹੀਂ ਪੁਲਿਸ ਨੇ ਹਾਦਸਿਆਂ ’ਤੇ ਕਾਰਵਾਈ ਕਰਨ ਦਾ ਔਸਤ ਸਮਾਂ ਸੱਤ ਮਿੰਟ ਤੋਂ ਘੱਟ ਕਰ ਲਿਆ ਹੈ। ‘ਰੋਡ ਸੇਫਟੀ ਪੰਜਾਬ’ ਵਿਜ਼ਨ ਤਹਿਤ 7E ਫਰੇਮਵਰਕ—ਇੰਜੀਨੀਅਰਿੰਗ, ਐਨਫੋਰਸਮੈਂਟ, ਐਜੂਕੇਸ਼ਨ, ਇਲੈਕਟ੍ਰਾਨਿਕਸ, ਐਮਰਜੈਂਸੀ ਕੇਅਰ, ਐਂਗੇਜਮੈਂਟ ਅਤੇ ਇਵੈਲੂਏਸ਼ਨ—ਰਾਹੀਂ ਟ੍ਰੈਫਿਕ ਪ੍ਰਬੰਧਨ ਵਿੱਚ ਬਦਲਾਅ ਲਿਆਂਦਾ ਜਾ ਰਿਹਾ ਹੈ। ਇਹ ਰਣਨੀਤੀ ਸਹਿਜ ਅਨੁਮਾਨ-ਅਧਾਰਿਤ ਪ੍ਰਬੰਧਨ ਤੋਂ ਹਟ ਕੇ ਸਬੂਤ-ਆਧਾਰਿਤ ਅਤੇ ਤਕਨਾਲੋਜੀ-ਆਧਾਰਿਤ ਪਹੁੰਚ ਵੱਲ ਬਦਲਾਅ ਨੂੰ ਦਰਸਾਉਂਦੀ ਹੈ।
ਦੂਜੇ ਪਾਸੇ, ਪੀਆਰਐਸਟੀਆਰਸੀ ਖੋਜ, ਸਲਾਹ-ਮਸ਼ਵਰੇ ਅਤੇ ਸਿਖਲਾਈ ਦੀ ਅਗਵਾਈ ਕਰਦਾ ਹੈ। ਇਸ ਨੂੰ ਸਿੱਖਿਆ ਜਗਤ, ਉਦਯੋਗ ਅਤੇ ਸਿਵਲ ਸੁਸਾਇਟੀ ਨਾਲ ਜੁੜੇ ਰਿਸਰਚ ਐਡਵਾਈਜ਼ਰੀ ਗਰੁੱਪਸ (ਆਰਏਜੀ) ਦਾ ਸਹਿਯੋਗ ਪ੍ਰਾਪਤ ਹੈ। ਆਈਆਈਟੀਜ਼, ਐਨਆਈਟੀਜ਼, ਪਲਾਕਸ਼ਾ ਯੂਨੀਵਰਸਿਟੀ, ਜੀਐਨਡੀਈਸੀ ਲੁਧਿਆਣਾ ਅਤੇ ਜੀਐਨਡੀਯੂ ਅੰਮ੍ਰਿਤਸਰ ਵਰਗੀਆਂ ਪ੍ਰਮੁੱਖ ਸਿੱਖਿਆ ਸੰਸਥਾਵਾਂ ਨਾਲ ਸਰਗਰਮ ਸਹਿਯੋਗ ਰਾਹੀਂ ਪੀਆਰਐਸਟੀਆਰਸੀ ਖੇਤਰੀ ਉੱਤਮਤਾ ਕੇਂਦਰਾਂ ਲਈ ਇੱਕ ਅੰਬਰੇਲਾ ਸੰਸਥਾ ਵਜੋਂ ਕੰਮ ਕਰ ਰਿਹਾ ਹੈ। ਇਹ ਸਾਂਝੇ ਡੇਟਾ, ਸਾਂਝੇ ਪ੍ਰਾਜੈਕਟਾਂ ਅਤੇ ਇੰਟਰਨਸ਼ਿਪਾਂ ਰਾਹੀਂ ਨਵੀਆਂ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰ ਰਿਹਾ ਹੈ।
ਹੋਰ ਰਾਜਾਂ ਦੇ ਮੁਕਾਬਲੇ ਉਪਲੱਬਧ ਅੰਕੜੇ ਦਰਸਾਉਂਦੇ ਹਨ ਕਿ ਹਾਈਵੇ ਸੁਰੱਖਿਆ, ਤਕਨਾਲੋਜੀ ਦੀ ਵਰਤੋਂ ਅਤੇ ਜਨਤਕ ਜਵਾਬਦੇਹੀ ਦੇ ਤੰਤਰ ਨੂੰ ਲੈ ਕੇ ਰਾਜਾਂ ਦੀ ਪਹੁੰਚ ਵਿੱਚ ਮਹੱਤਵਪੂਰਨ ਅੰਤਰ ਹੈ। ਐਸਐਸਐਫ ਦੀ ਬਣਤਰ ਹੋਰ ਰਾਜਾਂ ਦੇ ਮਾਡਲਾਂ ਤੋਂ ਵੱਖਰੀ ਹੈ। ਉਦਾਹਰਨ ਵਜੋਂ, ਮਹਾਰਾਸ਼ਟਰ ਹਾਈਵੇ ਪੁਲਿਸ ਮੌਜੂਦਾ ਰਾਜ ਪੁਲਿਸ ਦੀ ਇੱਕ ਆਧੁਨਿਕ ਅਤੇ ਪ੍ਰਭਾਵਸ਼ਾਲੀ ਸ਼ਾਖਾ ਹੈ, ਨਾ ਕਿ ਇੱਕ ਵੱਖਰੀ ਫੋਰਸ।
ਡੀਜੀਪੀ ਨੇ ਕਿਹਾ, “ਸਫ਼ਲਤਾ ਸਿਰਫ਼ ਨਵੇਂ ਵਾਹਨਾਂ ਕਰਕੇ ਨਹੀਂ ਹੈ, ਸਗੋਂ ਇਹ ਐਨਫੋਰਸਮੈਂਟ ਤੋਂ ਸੇਵਾ ਵੱਲ ਸੋਚ ਵਿੱਚ ਆਏ ਬਦਲਾਅ ਦਾ ਨਤੀਜਾ ਹੈ।”
ਇਸ ਦੌਰਾਨ, ਐਸਡੀਜੀਪੀ (ਟ੍ਰੈਫਿਕ ਅਤੇ ਰੋਡ ਸੇਫਟੀ, ਪੰਜਾਬ) ਅਮਰਦੀਪ ਸਿੰਘ ਰਾਏ ਨੇ ਕਿਹਾ, “ਨਿਯਮਤ ਪੁਲਿਸ ਕਰਮਚਾਰੀਆਂ ਨੂੰ ਕਾਨੂੰਨ-ਵਿਵਸਥਾ ਲਈ ਸਿਖਲਾਈ ਦਿੱਤੀ ਜਾਂਦੀ ਹੈ, ਜਿਸ ਲਈ ਵੱਖਰੇ ਅਤੇ ਵਿਆਪਕ ਹੁਨਰਾਂ ਦੀ ਲੋੜ ਹੁੰਦੀ ਹੈ। ਦੂਜੇ ਪਾਸੇ, ਐਸਐਸਐਫ ਨੂੰ ਇੱਕ ਸਪੱਸ਼ਟ ਅਤੇ ਗੈਰ-ਸਮਝੌਤਾਯੋਗ ਤਰਜੀਹ—ਲੋਕਾਂ ਦੀਆਂ ਜਾਨਾਂ ਬਚਾਉਣਾ—ਨੂੰ ਧਿਆਨ ਵਿੱਚ ਰੱਖਦੇ ਹੋਏ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਐਸਐਸਐਫ ਕਰਮਚਾਰੀਆਂ ਨੂੰ ਐਮਰਜੈਂਸੀ ਰਿਸਪਾਂਸ ਅਤੇ ਮੁੱਢਲੀ ਸਹਾਇਤਾ ਲਈ ਵਿਸ਼ੇਸ਼ ਸਿਖਲਾਈ ਮਾਡਿਊਲਾਂ ਰਾਹੀਂ ਸਿਖਲਾਈ ਦਿੱਤੀ ਗਈ ਹੈ, ਜਿਸ ਵਿੱਚ ਰੈੱਡ ਕਰਾਸ ਵੱਲੋਂ ਦਿੱਤੀ ਗਈ ਸਿਖਲਾਈ ਵੀ ਸ਼ਾਮਲ ਹੈ ਅਤੇ ਉਨ੍ਹਾਂ ਨੂੰ ‘ਕਰੈਸ਼ ਇਨਵੈਸਟੀਗੇਸ਼ਨ’ ਦੀ ਸਿਖਲਾਈ ਵੀ ਦਿੱਤੀ ਗਈ ਹੈ। ਪੂਰੀ ਫੋਰਸ ਇੱਕੋ ਧਾਰਨਾ—‘ਪਲੈਟੀਨਮ 10 ਮਿੰਟ’—ਦੇ ਆਲੇ-ਦੁਆਲੇ ਬਣਾਈ ਗਈ ਹੈ, ਜਿਸ ਤਹਿਤ ਹਾਦਸਾ ਪੀੜਤ ਤੱਕ ਛੇ ਤੋਂ ਅੱਠ ਮਿੰਟਾਂ ਦੇ ਅੰਦਰ ਪਹੁੰਚ ਕੇ ਐਂਬੂਲੈਂਸ ਜਾਂ ਹਸਪਤਾਲ ਦੀ ਸਹਾਇਤਾ ਪਹੁੰਚਣ ਤੋਂ ਪਹਿਲਾਂ ਉਸ ਨੂੰ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕਰਨਾ ਯਕੀਨੀ ਬਣਾਇਆ ਜਾਂਦਾ ਹੈ।”
ਉਨ੍ਹਾਂ ਅੱਗੇ ਕਿਹਾ, “ਇਸ ਤੋਂ ਇਲਾਵਾ, ਐਸਐਸਐਫ ਕਰਮਚਾਰੀਆਂ ਨੂੰ ਵੀਆਈਪੀ ਡਿਊਟੀ ਲਈ ਨਹੀਂ ਲਗਾਇਆ ਜਾਂਦਾ ਅਤੇ ਨਾ ਹੀ ਸਥਾਨਕ ਕਾਨੂੰਨ-ਵਿਵਸਥਾ ਨਾਲ ਸਬੰਧਤ ਕੰਮਾਂ ਲਈ ਉਨ੍ਹਾਂ ਦੀ ਡਿਊਟੀ ਬਦਲੀ ਜਾਂਦੀ ਹੈ। ਉਨ੍ਹਾਂ ਦਾ ਇੱਕੋ-ਇੱਕ ਮੁੱਖ ਕਾਰਗੁਜ਼ਾਰੀ ਸੂਚਕ (ਕੇਪੀਆਈ) ਸੜਕ ਸੁਰੱਖਿਆ ਅਤੇ ਪੀੜਤਾਂ ਦੀ ਸਹਾਇਤਾ ਕਰਨਾ ਹੈ।”
Get all latest content delivered to your email a few times a month.