>
ਤਾਜਾ ਖਬਰਾਂ
ਜਗਦੀਸ਼ ਥਿੰਦ
ਚੰਡੀਗੜ੍ਹ, 6 ਅਗਸਤ:
ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਦੀ ਸੈਕਟਰ-2, ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਵਿਖੇ 'ਤੀਆਂ ਦਾ ਤਿਉਹਾਰ' ਬਹੁਤ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਰੰਗਾ-ਰੰਗ ਸੱਭਿਆਚਾਰਕ ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਆਪਣੀ ਧਰਮਪਤਨੀ ਸ਼੍ਰੀਮਤੀ ਅਨੀਤਾ ਕਟਾਰੀਆ ਨਾਲ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।
ਸਮਾਗਮ ਦੌਰਾਨ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ, ਲੋਕ ਪਰੰਪਰਾਵਾਂ ਅਤੇ ਪਾਰਿਵਾਰਿਕ ਮੁੱਲਾਂ ਦੀ ਝਲਕ ਦੇਖਣ ਨੂੰ ਮਿਲੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਤੀਆਂ ਦਾ ਪਵਿੱਤਰ ਤਿਉਹਾਰ ਸਾਡੇ ਅਮੀਰ ਵਿਰਸੇ, ਭਾਈਚਾਰਕ ਸਾਂਝ ਅਤੇ ਸੱਭਿਆਚਾਰਕ ਰੰਗਾਂ ਦਾ ਪ੍ਰਤੀਕ ਹੈ, ਜੋ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੋੜੀ ਰੱਖਦਾ ਹੈ।
ਇਸ ਖਾਸ ਮੌਕੇ 'ਤੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ, ਕੈਬਨਿਟ ਮੰਤਰੀ ਅਮਨ ਅਰੋੜਾ, ਰਾਜਪਾਲ ਦੇ ਐਸ.ਡੀ.ਐਮ.-2 ਸ਼੍ਰੀ ਰਣਧੀਰ ਕੁਮਾਰ (IPS) ਤੋਂ ਇਲਾਵਾ ਵੱਖ-ਵੱਖ ਖੇਤਰਾਂ ਨਾਲ ਸਬੰਧਤ ਅਨੇਕਾਂ ਪ੍ਰਮੁੱਖ ਹਸਤੀਆਂ ਨੇ ਆਪਣੀ ਹਾਜ਼ਰੀ ਲਗਵਾਈ। ਸਮਾਗਮ ਵਿੱਚ ਪਹੁੰਚੀਆਂ ਸਾਰੀਆਂ ਸ਼ਖਸੀਅਤਾਂ ਨੇ ਇੱਕ-ਦੂਜੇ ਨੂੰ ਤੀਆਂ ਦੇ ਤਿਉਹਾਰ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ।
Get all latest content delivered to your email a few times a month.