>
ਤਾਜਾ ਖਬਰਾਂ
BOLDA PUNJAB
ਲਾਲੜੂ (ਐੱਸ.ਏ.ਐੱਸ. ਨਗਰ), 4 ਅਗਸਤ:
ਡੇਰਾਬੱਸੀ ਹਲਕੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਕਮਿਊਨਿਟੀ ਹੈਲਥ ਸੈਂਟਰ (ਸੀ.ਐੱਚ.ਸੀ.) ਲਾਲੜੂ ਵਿਖੇ ਹੁਣ 24 ਘੰਟੇ ਸਿਹਤ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਐਲਾਨ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਡੇਰਾਬੱਸੀ ਦੇ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਵੱਲੋਂ ਉਠਾਏ ਗਏ ਸਵਾਲ ਦੇ ਜਵਾਬ ਵਿੱਚ ਕੀਤਾ।
ਵਿਧਾਨ ਸਭਾ ਵਿੱਚ ਮੁੱਦਾ ਉਠਾਉਂਦਿਆਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਸੀ.ਐੱਚ.ਸੀ. ਲਾਲੜੂ ਵਿੱਚ ਬੁਨਿਆਦੀ ਸਹੂਲਤਾਂ ਹੋਣ ਦੇ ਬਾਵਜੂਦ ਡਾਕਟਰਾਂ ਦੀ ਘਾਟ ਕਾਰਨ ਹਸਪਤਾਲ ਵਿੱਚ ਸਿਹਤ ਸੇਵਾਵਾਂ ਦੁਪਹਿਰ 3 ਵਜੇ ਤੋਂ ਬਾਅਦ ਬੰਦ ਹੋ ਜਾਂਦੀਆਂ ਸਨ। ਇਸ ਕਾਰਨ 50 ਤੋਂ ਵੱਧ ਪਿੰਡਾਂ, ਲਾਲੜੂ ਅਤੇ ਹੰਡੇਸਰਾ ਦੇ 17 ਵਾਰਡਾਂ ਅਤੇ ਆਸ-ਪਾਸ ਦੇ ਕਸਬਿਆਂ ਦੇ ਲੋਕਾਂ ਨੂੰ ਐਮਰਜੈਂਸੀ ਇਲਾਜ ਲਈ ਡੇਰਾਬੱਸੀ, ਅੰਬਾਲਾ ਅਤੇ ਚੰਡੀਗੜ੍ਹ ਜਾਣਾ ਪੈਂਦਾ ਸੀ।
ਜਵਾਬ ਦਿੰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸੀ.ਐੱਚ.ਸੀ. ਲਾਲੜੂ ਵਿਖੇ ਹੁਣ 24×7 ਸਿਹਤ ਸੇਵਾਵਾਂ ਵਿਧੀਵਤ ਤੌਰ 'ਤੇ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਮੈਡੀਕਲ ਅਫ਼ਸਰਾਂ ਦੀਆਂ ਮਨਜ਼ੂਰਸ਼ੁਦਾ ਅਸਾਮੀਆਂ ਦੋ ਤੋਂ ਵਧਾ ਕੇ ਚਾਰ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਮਰੀਜ਼ਾਂ ਨੂੰ ਚੌਵੀ ਘੰਟੇ ਸਿਹਤ ਸੇਵਾਵਾਂ ਮਿਲ ਸਕਣ। ਇਸ ਤੋਂ ਇਲਾਵਾ ਮੈਡੀਸਨ ਅਤੇ ਗਾਇਨੀ ਵਿਭਾਗਾਂ ਲਈ ਮਾਹਿਰ ਡਾਕਟਰਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਵੀ ਜਾਰੀ ਹੈ, ਜਿਸ ਨਾਲ ਸੀਜ਼ੇਰੀਅਨ ਜਣੇਪੇ ਸਮੇਤ ਹੋਰ ਵਿਸ਼ੇਸ਼ ਸੇਵਾਵਾਂ ਵੀ ਉਪਲਬਧ ਹੋਣਗੀਆਂ।
ਸਿਹਤ ਮੰਤਰੀ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਹਰ ਵਿਧਾਨ ਸਭਾ ਹਲਕੇ ਵਿੱਚ ਇੱਕ 24 ਘੰਟੇ ਚੱਲਣ ਵਾਲਾ ਸਿਹਤ ਕੇਂਦਰ ਸਥਾਪਤ ਕਰਨ ਲਈ ਵਚਨਬੱਧ ਹੈ। ਇਸ ਤਹਿਤ 117 ਅਜਿਹੇ ਕੇਂਦਰ ਸਥਾਪਤ ਕੀਤੇ ਜਾਣਗੇ, ਜਿਨ੍ਹਾਂ ਵਿੱਚੋਂ 10 ਪਹਿਲਾਂ ਹੀ ਕਾਰਜਸ਼ੀਲ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਅਗਲੇ ਦੋ ਹਫ਼ਤਿਆਂ ਵਿੱਚ 700 ਤੋਂ ਵੱਧ ਨਰਸਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ, ਜਦਕਿ ਪੰਜਾਬ ਦੇ 23 ਵਿੱਚੋਂ 20 ਜ਼ਿਲ੍ਹਿਆਂ ਵਿੱਚ ਇੰਟੈਂਸਿਵ ਕੇਅਰ ਯੂਨਿਟ (ਆਈ.ਸੀ.ਯੂ.) ਸਥਾਪਤ ਕੀਤੇ ਜਾ ਚੁੱਕੇ ਹਨ।
ਸਿਹਤ ਮੰਤਰੀ ਦੇ ਜਵਾਬ ਉਪਰੰਤ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਲਗਭਗ 30 ਸਾਲ ਪੁਰਾਣੇ ਸੀ.ਐੱਚ.ਸੀ. ਲਾਲੜੂ ਵਿਖੇ 24 ਘੰਟੇ ਡਾਕਟਰੀ ਸੇਵਾਵਾਂ ਦੀ ਸ਼ੁਰੂਆਤ ਇਲਾਕੇ ਦੀ ਸਿਹਤ ਵਿਵਸਥਾ ਨੂੰ ਮਜ਼ਬੂਤ ਕਰਨ ਵੱਲ ਇੱਕ ਇਤਿਹਾਸਕ ਕਦਮ ਹੈ, ਜਿਸ ਨਾਲ ਹਜ਼ਾਰਾਂ ਲੋਕਾਂ ਨੂੰ ਸਿੱਧਾ ਲਾਭ ਮਿਲੇਗਾ।
Get all latest content delivered to your email a few times a month.