> Bolda Punjab -ਫਰਜ਼ੀ ਵੀਡੀਓ ਵਿੱਚ ਮੈਂ ਨਹੀਂ ਹਾਂ-ਭਗਵੰਤ ਸਿੰਘ ਮਾਨ
IMG-LOGO
ਹੋਮ ਪੰਜਾਬ : ਫਰਜ਼ੀ ਵੀਡੀਓ ਵਿੱਚ ਮੈਂ ਨਹੀਂ ਹਾਂ-ਭਗਵੰਤ ਸਿੰਘ ਮਾਨ

ਫਰਜ਼ੀ ਵੀਡੀਓ ਵਿੱਚ ਮੈਂ ਨਹੀਂ ਹਾਂ-ਭਗਵੰਤ ਸਿੰਘ ਮਾਨ

ਸੁਖਬੀਰ ਬਾਦਲ ਦੇ ਇਸ਼ਾਰੇ ’ਤੇ ਮੇਰੇ ਖਿਲਾਫ਼ ਸਾਜ਼ਿਸ਼ ਰਚੀ ਗਈ ਜਿਸ ਤੋਂ ਬਾਅਦ ਇਹ ਆਦੇਸ਼ ਜਾਰੀ ਹੋਇਆ-ਭਗਵੰਤ ਸਿੰਘ ਮਾਨ

ਜਦੋਂ ਤੋਂ ਬੇਅਦਬੀ ’ਤੇ ਸਖ਼ਤ ਕਾਨੂੰਨ ਬਣਾਇਆ ਗਿਆ, ਮੇਰੇ ਖਿਲਾਫ਼ ਕੂੜ ਪ੍ਰਚਾਰ ਸ਼ੁਰੂ ਹੋ ਗਿਆ-ਭਗਵੰਤ ਸਿੰਘ ਮਾਨ

Shabdish Thind - Jun 17, 2026 12:56 AM
IMG

ਸ਼ਬਦੀਸ਼ ਥਿੰਦ 

ਚੰਡੀਗੜ੍ਹ, 16 ਜੂਨ

 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਉਨ੍ਹਾਂ ਨਾਲ ਜੋੜੀ ਜਾ ਰਹੀ ਇੱਕ ਫਰਜ਼ੀ ਵੀਡੀਓ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ 'ਤੇ ਉਨ੍ਹਾਂ ਨੂੰ ਬਦਨਾਮ ਕਰਨ ਅਤੇ ਉਨ੍ਹਾਂ ਦੀ ਸਰਕਾਰ ਦੇ ਲੋਕ-ਪੱਖੀ ਫੈਸਲਿਆਂ ਨੂੰ ਲੀਹ ਤੋਂ ਲਾਹੁਣ ਲਈ ਕੋਝੀ ਹਰਕਤ ਅਤੇ ਸਿਆਸਤ ਤੋਂ ਪ੍ਰੇਰਿਤ ਸਾਜ਼ਿਸ਼ ਰਚੀ ਜਾ ਰਹੀ ਹੈ। 

 

ਇਸ ਘਟਨਾ ਨੂੰ ਸਰਕਾਰ ਦੇ ਸਖ਼ਤ ਬੇਅਦਬੀ ਵਿਰੋਧੀ ਕਾਨੂੰਨ ਅਤੇ ਪੰਜਾਬ ਪੱਖੀ ਫੈਸਲਿਆਂ ਤੋਂ ਘਬਰਾ ਕੇ ਬੁਖਲਾਹਟ ਭਰੀ ਕੋਸ਼ਿਸ਼ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਵਿਰੁੱਧ ਕੂੜ ਪ੍ਰਚਾਰ ਕਰਨ ਲਈ ਸਿਆਸੀ ਪ੍ਰਭਾਵ ਹੇਠ ਕੰਮ ਕਰ ਰਹੇ ਅਹੁਦੇਦਾਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

 

ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਰਵਉਚ ਮੰਨਦੇ ਹਨ ਅਤੇ ਸਤਿਕਾਰ ਵਜੋਂ ਇਸ ਦੀ ਅਥਾਰਟੀ ਅੱਗੇ ਪੂਰੀ ਨਿਮਰਤਾ ਨਾਲ ਸਿਰ ਝੁਕਾਉਂਦੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਬਦਨਾਮ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਝੀਆਂ ਹਰਕਤਾਂ ਦੀ ਪ੍ਰਵਾਹ ਕੀਤੇ ਬਿਨਾਂ ਉਹ ਪੰਜਾਬ ਦੇ 'ਪਾਣੀ, ਜਵਾਨੀ, ਕਿਸਾਨੀ ਅਤੇ ਬਾਣੀ' ਦੇ ਹਿੱਤ ਵਿੱਚ ਦਲੇਰਾਨਾ ਫੈਸਲੇ ਲੈਂਦੇ ਰਹਿਣਗੇ।

 

ਐਕਸ 'ਤੇ ਲਿਖਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ: “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ਰੇਆਮ ਅਕਾਲੀ ਦਲ ਦੇ ਪ੍ਰਚਾਰਕ ਬਣ ਗਏ ਹਨ। ਹੁਣ ਤਾਂ ਸਿਰਫ਼ ਇਹੀ ਕਸਰ ਬਾਕੀ ਰਹਿ ਗਈ ਹੈ ਕਿ ਜਥੇਦਾਰ ਸਾਹਿਬ ਰਾਹੀਂ ਇਹ ਫ਼ਰਮਾਨ ਜਾਰੀ ਕਰਵਾ ਦਿੱਤਾ ਜਾਵੇ ਕਿ 'ਸੁਖਬੀਰ ਬਾਦਲ ਨੂੰ ਵੋਟਾਂ ਪਾਓ, ਨਹੀਂ ਤਾਂ ਪੰਥ ਖ਼ਤਰੇ ਵਿੱਚ ਹੈ।' ਅਜਿਹਾ ਫੈਸਲਾ ਕਿਸੇ ਵੀ ਵੇਲੇ ਲਿਆ ਜਾ ਸਕਦਾ ਹੈ।”

 

ਇੱਕ ਵੀਡੀਓ ਸੰਦੇਸ਼ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁਨੀਆ ਭਰ ਦੇ ਪੰਜਾਬੀਆਂ ਨੂੰ ਮੁਖਾਤਿਬ ਹੁੰਦਿਆਂ ਕਿਹਾ, “ਇਹ ਵੀਡੀਓ ਮੇਰੀ ਨਹੀਂ ਹੈ ਅਤੇ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਸਾਹਮਣੇ ਪਹਿਲਾਂ ਹੀ ਇਹ ਸਪੱਸ਼ਟ ਕਰ ਦਿੱਤਾ ਸੀ।” ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਜਾਰੀ ਕੀਤੇ ਆਦੇਸ਼ਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਵੀਡੀਓ ਉਨ੍ਹਾਂ ਦੀ ਸੀ ਅਤੇ ਇਹ ਏ.ਆਈ. ਦੁਆਰਾ ਤਿਆਰ ਨਹੀਂ ਕੀਤੀ ਗਈ ਸੀ। ਪਰ, ਜਦੋਂ ਮੈਨੂੰ ਬੁਲਾਇਆ ਗਿਆ ਤਾਂ ਮੈਂ ਜਥੇਦਾਰ ਸਾਹਿਬ ਦੇ ਸਾਹਮਣੇ ਸਾਫ਼ ਕਰ ਦਿੱਤਾ ਸੀ ਕਿ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਮੈਂ ਨਹੀਂ ਹਾਂ।”

ਮੁੱਖ ਮੰਤਰੀ ਨੇ ਅੱਗੇ ਕਿਹਾ, “ਵੀਡੀਓ ਵਿੱਚ ਦਿਖਾਏ ਗਏ ਵਿਅਕਤੀ ਦੀ ਨਾ ਤਾਂ ਸਰੀਰਕ ਬਣਤਰ ਅਤੇ ਨਾ ਹੀ ਚਿਹਰਾ-ਮੋਹਰਾ ਮੇਰੇ ਨਾਲ ਮੇਲ ਖਾਂਦਾ ਹੈ, ਫਿਰ ਵੀ ਮੇਰੇ ਅਕਸ ਨੂੰ ਖ਼ਰਾਬ ਕਰਨ ਲਈ ਝੂਠਾ ਤੇ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ।”

 

ਇਸ ਮੁੱਦੇ 'ਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਮੈਨੂੰ ਹੈਰਾਨੀ ਹੁੰਦੀ ਹੈ ਕਿ ਇੰਨੀਆਂ ਉੱਚੀਆਂ ਧਾਰਮਿਕ ਪਦਵੀਆਂ 'ਤੇ ਬੈਠੇ ਲੋਕ ਆਪਣੇ ਆਪ ਨੂੰ ਸਿਆਸੀ ਏਜੰਡੇ ਅਤੇ ਝੂਠੇ ਪ੍ਰਚਾਰ ਦਾ ਹਥਿਆਰ ਬਣਨ ਦੇ ਰਹੇ ਹਨ। ਮੇਰੇ ਅਕਸ ਨੂੰ ਖ਼ਰਾਬ ਕਰਨ ਲਈ ਜਾਣਬੁੱਝ ਕੇ ਮੁਹਿੰਮ ਚਲਾਈ ਜਾ ਰਹੀ ਹੈ ਕਿਉਂਕਿ ਕੁਝ ਲੋਕ ਪੰਜਾਬ ਦੇ ਪਾਣੀ, ਜਵਾਨੀ, ਕਿਸਾਨੀ ਅਤੇ ਬਾਣੀ ਦੀ ਰਾਖੀ ਲਈ ਮੇਰੀ ਸਰਕਾਰ ਵੱਲੋਂ ਲਏ ਜਾ ਰਹੇ ਇਤਿਹਾਸਕ ਫੈਸਲਿਆਂ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੇ।”

 

ਮੁੱਖ ਮੰਤਰੀ ਨੇ ਕਿਹਾ, “ਮੈਨੂੰ ਸਿਆਸੀ ਤੌਰ 'ਤੇ ਨਿਸ਼ਾਨਾ ਬਣਾਉਣ ਲਈ ਧਰਮ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਅਜਿਹੀਆਂ ਕੋਸ਼ਿਸ਼ਾਂ ਪੂਰੀ ਤਰ੍ਹਾਂ ਮੰਦਭਾਗੀਆਂ ਅਤੇ ਅਸਹਿਣਯੋਗ ਹਨ।”

 

ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਆਪਣੀ ਡੂੰਘੀ ਆਸਥਾ ਅਤੇ ਸਤਿਕਾਰ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ, “ਮੈਂ ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਰਵਉੱਚ ਮੰਨਿਆ ਹੈ ਅਤੇ ਪੂਰੀ ਨਿਮਰਤਾ ਤੇ ਸ਼ਰਧਾ ਨਾਲ ਇਸ ਅੱਗੇ ਸਿਰ ਝੁਕਾਉਂਦਾ ਹਾਂ। ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣ ਬਾਰੇ ਕਦੇ ਸੋਚ ਵੀ ਨਹੀਂ ਸਕਦਾ ਅਤੇ ਮੈਂ ਕਦੇ ਵੀ ਇਸ ਵਿਸ਼ਵਾਸ ਤੋਂ ਪਿੱਛੇ ਨਹੀਂ ਹਟਿਆ। ਨਾ ਤਾਂ ਮੈਂ ਅਤੇ ਨਾ ਹੀ ਮੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਕਦੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣ ਬਾਰੇ ਸੋਚ ਸਕਦੀਆਂ ਹਨ।”

 

ਮੁੱਖ ਮੰਤਰੀ ਨੇ ਕਿਹਾ ਕਿ ਇਹ ਫੈਸਲੇ ਕੁਝ ਸਵਾਰਥੀ ਲੋਕਾਂ ਨੂੰ ਮਨਜ਼ੂਰ ਨਹੀਂ ਹਨ, ਇਸ ਲਈ ਅਜਿਹੇ ਹੱਥਕੰਡਿਆਂ ਰਾਹੀਂ ਉਨ੍ਹਾਂ ਦੇ ਅਕਸ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਿਆਸੀ ਆਕਾਵਾਂ ਦੇ ਇਸ਼ਾਰੇ 'ਤੇ ਉਨ੍ਹਾਂ ਵਿਰੁੱਧ ਪ੍ਰਚਾਰ ਮੁਹਿੰਮ ਚਲਾਏ ਜਾਣ ਵੱਲ ਇਸ਼ਾਰਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਹਰ ਕੋਈ ਜਾਣਦਾ ਹੈ ਕਿ ਇਨ੍ਹਾਂ ਸੰਸਥਾਵਾਂ ਵਿੱਚ ਸਿਆਸੀ ਨਿਯੁਕਤੀਆਂ ਅਤੇ ਫੈਸਲੇ ਕਿਵੇਂ ਹੁੰਦੇ ਹਨ।”

 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸਿੱਖ ਸੰਗਤ ਇਸ ਗੱਲ ਤੋਂ ਭਲੀ-ਭਾਂਤ ਜਾਣੂੰ ਹੈ ਕਿ ਕਿਵੇਂ ਸਿਆਸੀ ਤੌਰ 'ਤੇ ਨਿਯੁਕਤ ਕੁਝ ਅਹੁਦੇਦਾਰ ਬਾਹਰੀ ਪ੍ਰਭਾਵ ਹੇਠ ਫੈਸਲੇ ਲੈਂਦੇ ਹਨ। ਮੈਂ ਇਸ ਵੀਡੀਓ ਨੂੰ ਅਤੇ ਅਜਿਹੇ ਝੂਠੇ ਦੋਸ਼ਾਂ ਰਾਹੀਂ ਮੈਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਸਿਰੇ ਤੋਂ ਨਕਾਰਦਾ ਹਾਂ।”

 

ਮੁੱਖ ਮੰਤਰੀ ਨੇ ਦਾਅਵਾ ਕੀਤਾ, “ਪੰਜਾਬ ਮੇਰੇ ਰੋਮ-ਰੋਮ ਵਿੱਚ ਵਸਿਆ ਹੋਇਆ ਹੈ ਅਤੇ ਮੇਰੇ ਦਿਲ ਦੀ ਹਰ ਧੜਕਣ ਵਿੱਚ ਪੰਜਾਬ ਵੱਸਦਾ ਹੈ। ਮੈਂ ਸੂਬੇ ਅਤੇ ਇਸ ਦੇ ਲੋਕਾਂ ਦੀ ਭਲਾਈ ਲਈ ਦਿਨ-ਰਾਤ ਕੰਮ ਕਰ ਰਿਹਾ ਹਾਂ।”

 

ਬੇਅਦਬੀ ਵਿਰੁੱਧ ਕਾਨੂੰਨ ਲਿਆਉਣ ਦੇ ਆਪਣੇ ਯਤਨਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਹੁਣ ਜਦੋਂ ਲੋਕਾਂ ਨੇ ਸਾਡੀ ਸਰਕਾਰ ਵੱਲੋਂ ਲਿਆਂਦੇ ਬੇਅਦਬੀ ਵਿਰੋਧੀ ਕਾਨੂੰਨ ਦਾ ਸਵਾਗਤ ਕੀਤਾ ਹੈ ਤਾਂ ਕੁਝ ਸਵਾਰਥੀ ਲੋਕ ਇਸ ਤੋਂ ਅਸਹਿਜ ਹੋ ਗਏ ਹਨ। ਹੈਰਾਨੀ ਦੀ ਗੱਲ ਹੈ ਕਿ ਜਿਹੜੇ ਲੋਕ ਪਹਿਲਾਂ ਸਵਾਲ ਉਠਾਉਂਦੇ ਸਨ ਕਿ ਅਜਿਹੇ ਕਾਨੂੰਨ ਕਿਉਂ ਨਹੀਂ ਬਣਾਏ ਜਾ ਰਹੇ, ਉਹ ਹੁਣ ਸਵਾਲ ਕਰ ਰਹੇ ਹਨ ਕਿ ਇਹ ਕਾਨੂੰਨ ਕਿਉਂ ਬਣਾਏ ਗਏ ਹਨ।”

 

ਮੁੱਖ ਮੰਤਰੀ ਨੇ ਕਿਹਾ, “ਪਹਿਲਾਂ ਉਹ ਪੁੱਛਦੇ ਸਨ ਕਿ ਸਰਕਾਰ ਬੇਅਦਬੀ ਵਿਰੁੱਧ ਕਾਨੂੰਨ ਕਿਉਂ ਨਹੀਂ ਲਿਆ ਰਹੀ। ਜਦੋਂ ਸਰਕਾਰ ਨੇ ਕਾਨੂੰਨ ਬਣਾ ਦਿੱਤਾ ਤਾਂ ਉਹ ਸਵਾਲ ਕਰਨ ਲੱਗੇ ਕਿ ਉਨ੍ਹਾਂ ਨਾਲ ਸਲਾਹ ਕੀਤੇ ਬਿਨਾਂ ਇਹ ਕਾਨੂੰਨ ਕਿਉਂ ਬਣਾਇਆ ਗਿਆ ਅਤੇ ਇੱਥੋਂ ਤੱਕ ਕਿਹਾ ਕਿ ਉਹ ਇਸ ਨੂੰ ਪ੍ਰਵਾਨ ਨਹੀਂ ਕਰਨਗੇ। ਇਹ ਉਨ੍ਹਾਂ ਦੇ ਆਪਾ ਵਿਰੋਧੀ ਸਟੈਂਡ ਨੂੰ ਸਾਫ਼ ਦਰਸਾਉਂਦਾ ਹੈ।”

 

ਮੁੱਖ ਮੰਤਰੀ ਨੇ ਅੱਗੇ ਕਿਹਾ, “ਗੁਰੂ ਨਾਨਕ ਨਾਮ ਲੇਵਾ ਸੰਗਤ ਇਸ ਗੱਲ ਤੋਂ ਭਲੀ-ਭਾਂਤ ਜਾਣੂ ਹੈ ਕਿ ਪਿਛਲੇ ਸਮੇਂ ਵਿੱਚ ਫੈਸਲੇ ਕਿਵੇਂ ਲਏ ਗਏ ਹਨ। ਲੋਕਾਂ ਨੇ ਦੇਖਿਆ ਹੈ ਕਿ ਕਿਵੇਂ ਕੁਝ ਵਿਅਕਤੀਆਂ ਨੂੰ ਮੁਆਫ਼ੀ ਮੰਗੇ ਬਿਨਾਂ ਹੀ ਮੁਆਫ਼ ਕਰ ਦਿੱਤਾ ਗਿਆ ਅਤੇ ਕਿਵੇਂ ਦੂਜੇ ਮਾਮਲਿਆਂ ਵਿੱਚ ਬਾਅਦ ਵਿੱਚ ਮੁਆਫ਼ੀ ਵਾਪਸ ਲੈ ਲਈ ਗਈ।”

 

ਮੁੱਖ ਮੰਤਰੀ ਨੇ ਕਿਹਾ, “ਲੋਕ ਇਸ ਗੱਲ ਦੇ ਵੀ ਗਵਾਹ ਹਨ ਕਿ ਕਿਵੇਂ ਕੁਝ ਵਿਅਕਤੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਮੰਨਿਆ ਸੀ ਕਿ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸਨ, ਪੁਲਿਸ ਫਾਇਰਿੰਗ ਹੋਈ ਸੀ ਅਤੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਧਿਕਾਰੀਆਂ ਨੂੰ ਨਿਯੁਕਤੀਆਂ ਅਤੇ ਸਿਆਸੀ ਸਰਪ੍ਰਸਤੀ ਦਿੱਤੀ ਗਈ ਸੀ, ਪਰ ਕੁਝ ਦਿਨਾਂ ਬਾਅਦ ਹੀ ਉਹ ਉਨ੍ਹਾਂ ਬਿਆਨਾਂ ਤੋਂ ਮੁਕਰ ਗਏ। ਫਿਰ ਵੀ ਇਨ੍ਹਾਂ ਖ਼ਿਲਾਫ਼ ਕੋਈ ਵੀ ਸਖ਼ਤ ਕਾਰਵਾਈ ਕਰਨ ਦੀ ਕੋਈ ਮਨਸ਼ਾ ਨਜ਼ਰ ਨਹੀਂ ਆਉਂਦੀ।”

 

ਸੰਗਤ ਨੂੰ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਮੈਂ ਨਾਨਕ ਨਾਮ ਲੇਵਾ ਸੰਗਤ ਨੂੰ ਅਪੀਲ ਕਰਦਾ ਹਾਂ ਕਿ ਉਹ ਅਜਿਹੇ ਗੁੰਮਰਾਹਕੁੰਨ ਅਤੇ ਕੂੜ ਪ੍ਰਚਾਰ ਦਾ ਸ਼ਿਕਾਰ ਨਾ ਹੋਣ। ਅੰਤਿਮ ਫੈਸਲਾ ਹਮੇਸ਼ਾ ਸੰਗਤ ਅਤੇ ਲੋਕਾਂ ਦਾ ਹੀ ਹੋਵੇਗਾ।”

 

ਮੁੱਖ ਮੰਤਰੀ ਨੇ ਦੁਹਰਾਇਆ, “ਜਿੰਨਾ ਚਿਰ ਮੈਨੂੰ ਪੰਜਾਬ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਮੈਂ ਪੰਜਾਬ, ਇਸ ਦੇ ਹੱਕਾਂ ਅਤੇ ਇਸ ਦੇ ਲੋਕਾਂ ਲਈ ਡਟ ਕੇ ਫੈਸਲੇ ਲੈਂਦਾ ਰਹਾਂਗਾ।”

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.