>
ਤਾਜਾ ਖਬਰਾਂ
ਜਗਦੀਸ਼ ਥਿੰਦ
ਗੁਰੂ ਹਰਸਹਾਏ 27 ਮਈ 2026
ਗੁਰੂ ਦੀ ਬਾਣੀ ਅਤੇ ਬਾਣੇ ਨਾਲ ਜੁੜਿਆ ਇੱਕ ਸੁਖੀ ਤੇ ਸੰਸਕਾਰੀ ਪਰਿਵਾਰ ਅੱਜ ਗਹਿਰੇ ਦੁੱਖ ਦੇ ਸਮੇਂ ਵਿੱਚੋਂ ਲੰਘ ਰਿਹਾ ਹੈ। ਸਰਦਾਰ ਭਗਵਾਨ ਸਿੰਘ ਅਤੇ ਸਰਦਾਰਨੀ ਸ਼ਰਨਜੀਤ ਕੌਰ ਦੀ ਜੋੜੀ ਇਲਾਕੇ ਵਿੱਚ ਧਾਰਮਿਕਤਾ, ਸਾਦਗੀ ਅਤੇ ਇਨਸਾਨੀਅਤ ਲਈ ਜਾਣੀ ਜਾਂਦੀ ਸੀ। ਵਾਹਿਗੁਰੂ ਦੀ ਆਪਾਰ ਕਿਰਪਾ ਨਾਲ ਇਹਨਾਂ ਦਾ ਸ਼ੁਭ ਅਨੰਦ ਕਾਰਜ ਹੋਇਆ ਅਤੇ ਦੋਵਾਂ ਨੇ ਗ੍ਰਿਹਸਥ ਜੀਵਨ ਨੂੰ ਗੁਰੂ ਸਾਹਿਬ ਦੇ ਉਪਦੇਸ਼ਾਂ ਅਨੁਸਾਰ ਬਖੂਬੀ ਨਿਭਾਇਆ।
ਸਰਦਾਰ ਭਗਵਾਨ ਸਿੰਘ, ਸਰਦਾਰ ਆਤਮਾ ਰਾਮ ਅਤੇ ਮਾਤਾ ਇਸ਼ਰੋ ਦੇਵੀ ਦੇ ਲਾਡਲੇ ਪੁੱਤਰ ਸਨ, ਜਦਕਿ ਸਰਦਾਰਨੀ ਸ਼ਰਨਜੀਤ ਕੌਰ ਵੀ ਇੱਕ ਧਾਰਮਿਕ ਤੇ ਸੰਸਕਾਰੀ ਪਰਿਵਾਰ ਨਾਲ ਸੰਬੰਧਿਤ ਸਨ। ਪਰਿਵਾਰ ਦਾ ਪ੍ਰਮੁੱਖ ਪਵਿੱਤਰ ਸਥਾਨ ਡੇਰਾ ਭਜਨਗੜ੍ਹ ਸਾਹਿਬ ਨਾਲ ਡੂੰਘਾ ਨਾਤਾ ਰਿਹਾ। ਸ਼ਰਨਜੀਤ ਕੌਰ ਦੀ ਵੱਡੀ ਮਾਤਾ ਸਰਦਾਰਨੀ ਭਗਵਾਨ ਦੇਵੀ ਵੱਲੋਂ ਭਲੇ ਸਮਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਕਰਵਾਏ ਜਾਂਦੇ ਰਹੇ, ਜਿਸ ਕਾਰਨ ਘਰ ਵਿੱਚ ਧਾਰਮਿਕ ਮਾਹੌਲ ਬਣਿਆ ਰਹਿੰਦਾ ਸੀ।
ਇਸ ਸੁਭਾਗੀ ਜੋੜੀ ਨੇ “ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ” ਦੇ ਗੁਰਮੰਤ੍ਰ ਨੂੰ ਆਪਣੇ ਜੀਵਨ ਵਿੱਚ ਅਪਣਾਇਆ। ਸਰਦਾਰ ਭਗਵਾਨ ਸਿੰਘ ਪੰਜਾਬ ਪੁਲਿਸ ਵਿੱਚ ਆਫ਼ਿਸਰ ਲੈਵਲ ਦੇ ਅਹੁਦੇ ’ਤੇ ਤਾਇਨਾਤ ਰਹੇ, ਪਰ ਉਨ੍ਹਾਂ ਨੇ ਕਦੇ ਵੀ ਮਾੜੀ ਨੀਅਤ ਨਾਲ ਧਨ-ਦੌਲਤ ਇਕੱਠੀ ਕਰਨ ਦੀ ਬਜਾਏ ਲੋਕਾਂ ਦੇ ਹਮਰਾਹ ਬਣ ਕੇ ਸੇਵਾ ਕਰਨ ਦਾ ਰਸਤਾ ਚੁਣਿਆ। ਉਹਨਾਂ ਦੀ ਸਾਫ਼-ਸੁਥਰੀ ਛਵੀ ਅਤੇ ਨਿਮਰ ਸੁਭਾਅ ਕਾਰਨ ਸਮਾਜ ਵਿੱਚ ਵਿਸ਼ੇਸ਼ ਮਾਣ-ਸਨਮਾਨ ਸੀ।
ਪਰ ਕੁਦਰਤ ਦਾ ਭਾਣਾ ਕਦੇ ਵੀ ਮਨੁੱਖ ਦੇ ਵੱਸ ਵਿੱਚ ਨਹੀਂ ਹੁੰਦਾ। ਬਾਬਾ ਬਾਜ਼ੀਦ ਦੀ ਪੰਕਤੀ —
“ਕੌਣ ਸਾਹਿਬ ਨੂੰ ਆਖੇ ਇੰਝ ਨਹੀਂ ਇੰਝ ਕਰ”
— ਜੀਵਨ ਦੀ ਅਸਲ ਸੱਚਾਈ ਨੂੰ ਦਰਸਾਉਂਦੀ ਹੈ। ਸਮੇਂ ਨੇ ਐਸਾ ਪਲਟਾ ਖਾਧਾ ਕਿ ਸਰਦਾਰਨੀ ਸ਼ਰਨਜੀਤ ਕੌਰ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਇਸ ਦੁੱਖ ਨੇ ਸਰਦਾਰ ਭਗਵਾਨ ਸਿੰਘ ਨੂੰ ਅੰਦਰੋਂ ਤੋੜ ਦਿੱਤਾ। ਜਵਾਨ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੇ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈ ਲਈ ਤਾਂ ਜੋ ਪਰਿਵਾਰ ਨੂੰ ਸੰਭਾਲ ਸਕਣ।
ਦੱਸਿਆ ਜਾਂਦਾ ਹੈ ਕਿ ਚੰਡੀਗੜ੍ਹ ਤੋਂ ਵਾਪਸੀ ਦੌਰਾਨ ਸਮਾਨ ਲੈ ਕੇ ਆਉਂਦੇ ਸਮੇਂ ਭਗਵਾਨ ਸਿੰਘ ਆਪਣੇ ਭਰਾਵਾਂ ਵਰਗੇ ਮਿੱਤਰ ਡਾਕਟਰ ਮਲਕੀਤ ਥਿੰਦ ਦੇ ਘਰ ਦੋ ਦਿਨ ਰਹੇ। ਉਸ ਵੇਲੇ ਦਿਲਖੁਸ਼ ਥਿੰਦ ਅਤੇ ਭਗਵਾਨ ਸਿੰਘ ਦੇ ਚਿਹਰਿਆਂ ’ਤੇ ਮੁਸਕਰਾਹਟ ਤਾਂ ਸੀ, ਪਰ ਸ਼ਰਨਜੀਤ ਕੌਰ ਦੇ ਵਿਛੋੜੇ ਦੀ ਚੀਸ ਹਰ ਕੋਈ ਮਹਿਸੂਸ ਕਰ ਰਿਹਾ ਸੀ।
ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। 24 ਮਈ ਦੀ ਮਨਹੂਸ ਸ਼ਾਮ ਨੂੰ ਸਰਦਾਰ ਭਗਵਾਨ ਸਿੰਘ ਆਪਣੇ ਘਰ ਵਿਸ਼ਰਾਮ ਲਈ ਸੁੱਤੇ, ਪਰ ਰਾਤੋ-ਰਾਤ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਨ੍ਹਾਂ ਦੇ ਅਚਾਨਕ ਦੇਹਾਂਤ ਦੀ ਖ਼ਬਰ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰ, ਰਿਸ਼ਤੇਦਾਰਾਂ, ਦੋਸਤਾਂ ਅਤੇ ਜਾਣਕਾਰਾਂ ਲਈ ਇਹ ਘਟਨਾ ਅਸਹਿਣਯੋਗ ਸਾਬਤ ਹੋਈ।
ਸਰਦਾਰ ਭਗਵਾਨ ਸਿੰਘ ਦੀ ਅੰਤਿਮ ਅਰਦਾਸ ਅਤੇ ਭੋਗ ਸਮਾਗਮ ਕੱਲ੍ਹ ਡੇਰਾ ਭਜਨਗੜ੍ਹ ਸਾਹਿਬ, ਗੋਲੂ ਕਾ ਮੋੜ, ਗੁਰੂ ਹਰਸਹਾਏ ਵਿਖੇ ਹੋਵੇਗਾ। ਇਸ ਮੌਕੇ ਰਿਸ਼ਤੇਦਾਰ, ਸਾਕ-ਸਬੰਧੀ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਨਮ ਅੱਖਾਂ ਨਾਲ ਸ਼ਰਧਾ ਦੇ ਫੁੱਲ ਭੇਟ ਕਰਨਗੀਆਂ।
ਇਹ ਸੁਭਾਗੀ ਜੋੜੀ ਭਾਵੇਂ ਸਰੀਰਕ ਰੂਪ ਵਿੱਚ ਇਸ ਦੁਨੀਆ ਵਿੱਚ ਨਹੀਂ ਰਹੀ, ਪਰ ਉਹਨਾਂ ਦੀ ਸਾਦਗੀ, ਸੇਵਾ ਭਾਵਨਾ ਅਤੇ ਗੁਰਸਿੱਖੀ ਜੀਵਨ ਸਦਾ ਲੋਕਾਂ ਦੇ ਦਿਲਾਂ ਵਿੱਚ ਜਿਉਂਦਾ ਰਹੇਗਾ।
Get all latest content delivered to your email a few times a month.