ਤਾਜਾ ਖਬਰਾਂ
ਜਗਦੀਸ਼ ਥਿੰਦ
ਫਗਵਾੜਾ 16 ਨਵੰਬਰ 2026:
ਗੰਨਾ ਕਿਸਾਨਾਂ ਦੇ ਕਰੋੜਾਂ ਰੁਪਏ ਦੇ ਬਕਾਏ ਦੀ ਅਦਾਇਗੀ ਨਾ ਹੋਣ ਦੇ ਮਾਮਲੇ ਵਿੱਚ ਫਗਵਾੜਾ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰਦਿਆਂ ਗੋਲਡਨ ਸੰਧਰ ਸ਼ੂਗਰ ਮਿੱਲ ਨੂੰ ਸੀਲ ਕਰ ਦਿੱਤਾ ਹੈ। ਕਿਸਾਨਾਂ ਦੇ ਸਾਲ 2021-22 ਦੇ ਪਿੜਾਈ ਸੀਜ਼ਨ ਨਾਲ ਸਬੰਧਤ 27.74 ਕਰੋੜ ਰੁਪਏ ਬਕਾਇਆ ਹਨ। ਇਹ ਕਾਰਵਾਈ ਭਾਰਤੀ ਕਿਸਾਨ ਯੂਨੀਅਨ (ਦੁਆਬਾ) ਵੱਲੋਂ ਲਗਾਤਾਰ ਕੀਤੇ ਜਾ ਰਹੇ ਸੰਘਰਸ਼ ਅਤੇ 18 ਨਵੰਬਰ ਤੋਂ ਤਿੱਖੇ ਅੰਦੋਲਨ ਦੀ ਚਿਤਾਵਨੀ ਤੋਂ ਬਾਅਦ ਕੀਤੀ ਗਈ।
ਜਾਣਕਾਰੀ ਅਨੁਸਾਰ 15 ਨਵੰਬਰ ਨੂੰ ਸਵੇਰੇ 11:15 ਵਜੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਮਿੱਲ ਨੂੰ ਸੀਲ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ। ਮਿੱਲ ਦੇ ਸਾਰੇ ਨੌਂ ਗੇਟਾਂ ਨੂੰ ਜਿੰਦਰੇ ਲਗਾ ਕੇ ਸੀਲ ਕਰ ਦਿੱਤਾ ਗਿਆ, ਜਦਕਿ ਸੁਰੱਖਿਆ ਮੁਲਾਜ਼ਮਾਂ ਦੀ ਆਵਾਜਾਈ ਲਈ ਆਪਸੀ ਸਹਿਮਤੀ ਨਾਲ ਇੱਕ ਛੋਟਾ ਗੇਟ ਖੁੱਲ੍ਹਾ ਰੱਖਿਆ ਗਿਆ।
ਕਾਰਵਾਈ ਦੌਰਾਨ ਪਾਰਦਰਸ਼ਤਾ ਬਣਾਈ ਰੱਖਣ ਲਈ ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਗਈ। ਇਸ ਦੇ ਨਾਲ ਹੀ ਮਿੱਲ ਅੰਦਰ ਮੌਜੂਦ ਮਸ਼ੀਨਰੀ, ਤਿੰਨ ਟਰੱਕ, ਚਾਰ ਟਰੈਕਟਰ, ਪੰਜ ਬਲੈਰੋ ਗੱਡੀਆਂ, ਪਾਣੀ ਵਾਲੇ ਟੈਂਕਰ ਅਤੇ ਹੋਰ ਸਾਮਾਨ ਦਾ ਰਿਕਾਰਡ ਤਿਆਰ ਕੀਤਾ ਗਿਆ। ਕਾਰਵਾਈ ਮੁਕੰਮਲ ਹੋਣ ਉਪਰੰਤ ਨੌਂ ਤਾਲਿਆਂ ਦੀਆਂ 25 ਚਾਬੀਆਂ ਪੰਜਾਬ ਕੇਨ ਵਿਭਾਗ ਦੇ ਪੀ.ਓ. ਡਾ. ਰੁਲਦਾ ਸਿੰਘ ਨੂੰ ਸੌਂਪ ਦਿੱਤੀਆਂ ਗਈਆਂ।
2024 ਵਿੱਚ ਰਾਣਾ ਸ਼ੂਗਰ ਮਿੱਲਜ਼ ਨੇ ਸੰਭਾਲਿਆ ਸੀ ਸੰਚਾਲਨ
ਜ਼ਿਕਰਯੋਗ ਹੈ ਕਿ ਸਾਲ 2024 ਵਿੱਚ ਗੋਲਡਨ ਸੰਧਰ ਸ਼ੂਗਰ ਮਿੱਲ ਦਾ ਸੰਚਾਲਨ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਦੀ ਕੰਪਨੀ ਰਾਣਾ ਸ਼ੂਗਰ ਮਿੱਲਜ਼ ਲਿਮਟਿਡ ਨੇ ਸੰਭਾਲਿਆ ਸੀ।
1933 ਤੋਂ ਹੁਣ ਤੱਕ ਮਿੱਲ ਦਾ ਸਫ਼ਰ
ਫਗਵਾੜਾ ਦੀ ਇਸ ਸ਼ੂਗਰ ਮਿੱਲ ਦਾ ਇਤਿਹਾਸ ਕਾਫ਼ੀ ਪੁਰਾਣਾ ਹੈ। ਸਾਲ 1933 ਵਿੱਚ ਕਪੂਰਥਲਾ ਦੇ ਮਹਾਰਾਜਾ ਜਗਤਜੀਤ ਸਿੰਘ ਵੱਲੋਂ ਦਿੱਤੀ ਗਈ ਜ਼ਮੀਨ 'ਤੇ ਡਾ. ਗੋਕਲ ਚੰਦ ਨਾਰੰਗ ਨੇ 'ਜਗਤਜੀਤ ਸ਼ੂਗਰ ਮਿੱਲ' ਦੀ ਸ਼ੁਰੂਆਤ ਕੀਤੀ ਸੀ।
ਸਾਲ 1989 ਵਿੱਚ ਓਸਵਾਲ ਗਰੁੱਪ ਨੇ ਮਿੱਲ ਦਾ ਪ੍ਰਬੰਧ ਸੰਭਾਲਿਆ ਅਤੇ ਇਸ ਦੀ ਪਿੜਾਈ ਸਮਰੱਥਾ ਵਿੱਚ ਵਾਧਾ ਕੀਤਾ। ਸਾਲ 2000 ਵਿੱਚ ਜਰਨੈਲ ਸਿੰਘ ਵਾਹਿਦ ਅਤੇ ਐੱਨ.ਆਰ.ਆਈ. ਸੁਖਬੀਰ ਸਿੰਘ ਸੰਧਰ ਨੇ ਇਸ ਨੂੰ ਲੀਜ਼ 'ਤੇ ਲਿਆ। ਇਸ ਤੋਂ ਬਾਅਦ ਮਿੱਲ ਦਾ ਨਾਮ ਪਹਿਲਾਂ ਵਾਹਿਦ ਸੰਧਰ ਸ਼ੂਗਰਜ਼ ਅਤੇ ਫਿਰ ਗੋਲਡਨ ਸੰਧਰ ਮਿੱਲਜ਼ ਲਿਮਟਿਡ ਰੱਖਿਆ ਗਿਆ।
ਹੁਣ 27.74 ਕਰੋੜ ਰੁਪਏ ਦੇ ਬਕਾਏ ਨੂੰ ਲੈ ਕੇ ਮਿੱਲ ਸੀਲ ਹੋਣ ਨਾਲ ਗੰਨਾ ਕਿਸਾਨਾਂ ਦੀਆਂ ਨਜ਼ਰਾਂ ਪ੍ਰਸ਼ਾਸਨ ਦੀ ਅਗਲੀ ਕਾਰਵਾਈ ਅਤੇ ਬਕਾਇਆ ਰਾਸ਼ੀ ਦੀ ਅਦਾਇਗੀ 'ਤੇ ਟਿਕੀਆਂ ਹੋਈਆਂ ਹਨ।
Get all latest content delivered to your email a few times a month.