ਤਾਜਾ ਖਬਰਾਂ
ਜਗਦੀਸ਼ ਥਿੰਦ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਨਵੰਬਰ, 2026:
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਸ਼੍ਰੀ ਅਦਿੱਤਿਆ ਡਚਲਵਾਲ ਵੱਲੋਂ ਅੱਜ ਜ਼ਿਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ।
ਉਨ੍ਹਾਂ ਨੂੰ ਦੱਸਿਆ ਗਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਮੁਢਲੀ ਵੋਟਰ ਸੂਚੀ ਅੱਜ 12 ਨਵੰਬਰ 2026 ਨੂੰ ਪ੍ਰਕਾਸ਼ਿਤ ਕਰ ਦਿੱਤੀ ਗਈ ਹੈ। ਵੋਟਰ ਸੂਚੀ ਸਬੰਧੀ ਦਾਅਵੇ ਅਤੇ ਇਤਰਾਜ਼ 12 ਨਵੰਬਰ ਤੋਂ 11 ਦਸੰਬਰ 2026 ਤੱਕ ਦਰਜ ਕਰਵਾਏ ਜਾ ਸਕਦੇ ਹਨ, ਜਦਕਿ ਅੰਤਿਮ ਵੋਟਰ ਸੂਚੀ 4 ਜਨਵਰੀ 2027 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ।
ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਵਿੱਚ ਤਿੰਨ ਵਿਧਾਨ ਸਭਾ ਹਲਕੇ 52-ਖਰੜ, 53-ਐਸ.ਏ.ਐਸ. ਨਗਰ ਅਤੇ 112-ਡੇਰਾਬੱਸੀ ਹਨ। ਇਨ੍ਹਾਂ ਹਲਕਿਆਂ ਵਿੱਚ ਕੁੱਲ 936 ਪੋਲਿੰਗ ਸਟੇਸ਼ਨ ਹਨ। ਮੁਢਲੀ ਵੋਟਰ ਸੂਚੀ ਅਨੁਸਾਰ ਜ਼ਿਲ੍ਹੇ ਵਿੱਚ ਕੁੱਲ 7,47,569 ਵੋਟਰ ਹਨ, ਜਿਨ੍ਹਾਂ ਵਿੱਚ 3,78,243 ਪੁਰਸ਼, 3,69,314 ਮਹਿਲਾਵਾਂ ਅਤੇ 12 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਨਵੇਂ ਵੋਟਰ ਵਜੋਂ ਨਾਮ ਦਰਜ ਕਰਵਾਉਣ ਜਾਂ ਵੋਟਰ ਸੂਚੀ ਵਿੱਚ ਕਿਸੇ ਤਰ੍ਹਾਂ ਦੀ ਸੋਧ ਕਰਵਾਉਣ ਲਈ ਫਾਰਮ ਨੰਬਰ 6, 6 ਏ, 7 ਅਤੇ 8 ਭਰੇ ਜਾ ਸਕਦੇ ਹਨ। ਇਹ ਫਾਰਮ ਵੋਟਰ ਪੋਰਟਲ ਅਤੇ ਈ ਸੀ ਆਈ ਨੈੱਟ (ECINET) ਐਪ ਰਾਹੀਂ ਆਨਲਾਈਨ ਵੀ ਦਿੱਤੀਆਂ ਜਾ ਸਕਦੀਆਂ ਹਨ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਵੋਟਰ ਹੈਲਪਲਾਈਨ ਨੰਬਰ 1950 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਮੀਟਿੰਗ ਦੌਰਾਨ ਦੱਸਿਆ ਗਿਆ ਕਿ ਮੁੱਢਲੀ ਪ੍ਰਕਾਸ਼ਨਾ ਉਪਰੰਤ ਵਿਧਾਨ ਸਭਾ ਚੋਣ ਹਲਕਾ 52 ਖਰੜ ਦੇ ਕੁੱਲ ਵੋਟਰਾਂ ਦੀ ਗਿਣਤੀ 265702, ਵਿਧਾਨ ਸਭਾ ਚੋਣ ਹਲਕਾ 53 ਐੱਸ.ਏ.ਐੱਸ ਨਗਰ ਦੇ ਕੁੱਲ ਵੋਟਰਾਂ ਦੀ ਗਿਣਤੀ 202010 ਅਤੇ ਵਿਧਾਨ ਸਭਾ ਚੋਣ ਹਲਕਾ 112 ਡੇਰਾਬੱਸੀ ਦੇ ਕੁੱਲ ਵੋਟਰਾਂ ਦੀ ਗਿਣਤੀ 279857 ਹੈ, ਜਿਸ ਉਪਰੰਤ ਜ਼ਿਲ੍ਹਾ ਐੱਸ.ਏ.ਐਸ ਨਗਰ ਦੇ ਕੁੱਲ ਵੋਟਰਾਂ ਦੀ ਕੁੱਲ ਗਿਣਤੀ 747569 ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਆਮ ਲੋਕਾਂ ਦੇ ਦੇਖਣ ਲਈ ਇਹ ਵੋਟਰ ਸੂਚੀਆਂ ਸਬੰਧਤ ਬੀ.ਐੱਲ.ਓ ਪਾਸ, ਦਫ਼ਤਰ ਚੋਣਕਾਰ ਰਜਿਸਟਰੇਸ਼ਨ ਅਫਸਰ 52-ਖਰੜ, 52-ਐੱਸ.ਏ.ਐਸ ਨਗਰ ਅਤੇ 112 ਡੇਰਾਬੱਸੀ ਅਤੇ ਜ਼ਿਲ੍ਹਾ ਚੋਣ ਦਫਤਰ,ਐੱਸ.ਏ.ਐੱਸ ਨਗਰ ਵਿੱਚ ਵੋਟਰਾਂ ਦੇ ਦੇਖਣ ਲਈ ਉਪਲਬਧ ਰਹਿਣਗੀਆਂ।
ਵੋਟਰ ਸੂਚੀ ਦੀ ਮੁਢਲੀ ਪ੍ਰਕਾਸ਼ਨਾ ਦੌਰਾਨ ਫੋਟੋ ਵੋਟਰ ਸੂਚੀਆਂ ਦੀ 1-1 ਹਾਰਡ ਕਾਪੀ ਅਤੇ ਬਿਨਾਂ ਫੋਟੋ ਤੋਂ1-1 ਸੀ.ਡੀ ਜ਼ਿਲ੍ਹੇ ਦੀ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸਪਲਾਈ ਕੀਤੀ ਗਈ ਹੈ। ਉਹਨਾਂ ਵਲੋਂ ਇਹ ਵੀ ਦੱਸਿਆ ਗਿਆ ਕਿ ਜੇਕਰ ਅਜੇ ਵੀ ਕਿਸੇ ਵਿਅਕਤੀ ਦੀ ਵੋਟ ਬਣਨ ਤੋਂ ਰਹਿੰਦੀ ਹੈ ਤਾਂ ਉਹ ਵੋਟਰ ਸੂਚੀਆਂ ਦੀ ਲਗਾਤਾਰ ਸੁਧਾਈ ਦੌਰਾਨ ਆਪਣਾ ਫਾਰਮ ਨੰ.6 ਸਬੰਧਤ ਬੀ.ਐੱਲ.ਓ ਜਾਂ ਚੋਣਕਾਰ ਰਜਿਸਟਰੇ਼ਸਨ ਅਫਸਰ ਦੇ ਦਫ਼ਤਰ ਜਾਂ ਆਨਲਾਈਨ ਪੋਰਟਲ 'ਤੇ ਭਰ ਸਕਦਾ ਹੈ।
ਇਸ ਦੌਰਾਨ ਆਮ ਆਦਮੀ ਪਾਰਟੀ ਵਲੋਂ ਸ੍ਰੀ ਬਹਾਦਰ ਸਿੰਘ ਚਹਿਲ,ਸ੍ਰੀ ਰਘਬੀਰ ਸਿੰਘ, ਸ੍ਰੀ ਜਸਵੰਤ ਸਿੰਘ, ਸ੍ਰੀ ਅਸ਼ੋਕ ਕੁਮਾਰ, ਸ੍ਰੀ ਗੁਰਦੀਪ ਸਿੰਘ, ਸ੍ਰੀ ਬਲਜਿੰਦਰ ਸਿੰਘ, ਸ੍ਰੀ ਨਵਤੇਜ਼ (ਕਾਂਗਰਸ), ਸ੍ਰੀ ਪ੍ਰਦੀਪ ਸਿੰਘ (ਕਾਂਗਰਸ), ਸ੍ਰੀ ਮਹਿੰਦਰ ਪਾਲ ਸਿੰਘ (ਸੀ.ਪੀ.ਆਈ), ਸ੍ਰੀ ਭਰਪੂਰ ਭਾਰਤੀ (ਅਕਾਲੀ ਦਲ), ਸ੍ਰੀ ਅਨਿਲ ਕੁਮਾਰ (ਭਾਰਤੀ ਜਨਤਾ ਪਾਰਟੀ), ਸ਼੍ਰੀਮਤੀ ਹਰਪ੍ਰੀਤ ਕੌਰ, ਚੋਣ ਤਹਿਸੀਲਦਾਰ, ਸ਼੍ਰੀ ਸੁਰਿੰਦਰ ਕੁਮਾਰ ਅਤੇ ਹੋਰ ਸਟਾਫ ਮੌਜੂਦ ਸਨ।
Get all latest content delivered to your email a few times a month.