IMG-LOGO
ਹੋਮ ਪੰਜਾਬ : *ਵਿਧਾਨ ਸਭਾ ਚੋਣਾਂ-2027 ਦੀਆਂ ਤਿਆਰੀਆਂ ਤਹਿਤ ਈਵੀਐਮ ਅਤੇ ਵੀਵੀਪੈਟ ਮਸ਼ੀਨਾਂ...

*ਵਿਧਾਨ ਸਭਾ ਚੋਣਾਂ-2027 ਦੀਆਂ ਤਿਆਰੀਆਂ ਤਹਿਤ ਈਵੀਐਮ ਅਤੇ ਵੀਵੀਪੈਟ ਮਸ਼ੀਨਾਂ ਦੀ ਫਸਟ ਲੈਵਲ ਚੈਕਿੰਗ ਸਬੰਧੀ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ*

- 12 ਨਵੰਬਰ ਤੋਂ ਈਵੀਐਮ ਵੇਅਰਹਾਊਸ, ਫ਼ਿਰੋਜ਼ਪੁਰ ਵਿਖੇ ਸ਼ੁਰੂ ਹੋਵੇਗੀ ਫਸਟ ਲੈਵਲ ਚੈਕਿੰਗ

NA

Admin user - Nov 05, 2026 02:36 PM
IMG

ਜਗਦੀਸ਼ ਥਿੰਦ
ਫ਼ਿਰੋਜ਼ਪੁਰ, 4 ਨਵੰਬਰ:

ਪੰਜਾਬ ਵਿਧਾਨ ਸਭਾ ਚੋਣਾਂ-2027 ਦੀਆਂ ਤਿਆਰੀਆਂ ਤਹਿਤ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਚੋਣ ਤਹਿਸੀਲਦਾਰ ਸ੍ਰੀ ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਫ਼ਿਰੋਜ਼ਪੁਰ ਵਿਖੇ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਈ.ਵੀ.ਐਮ. ਅਤੇ ਵੀ.ਵੀ.ਪੈਟ ਮਸ਼ੀਨਾਂ ਦੀ ਫਸਟ ਲੈਵਲ ਚੈਕਿੰਗ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਚੋਣ ਤਹਿਸੀਲਦਾਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੀਆਂ ਮਸ਼ੀਨਾਂ ਦੀ ਫਸਟ ਲੈਵਲ ਚੈਕਿੰਗ 12 ਨਵੰਬਰ 2026 ਤੋਂ ਈ.ਵੀ.ਐਮ. ਵੇਅਰਹਾਊਸ, ਹਾਊਸਿੰਗ ਬੋਰਡ ਕਲੋਨੀ, ਫ਼ਿਰੋਜ਼ਪੁਰ ਵਿਖੇ ਸ਼ੁਰੂ ਹੋਵੇਗੀ। ਇਹ ਚੈਕਿੰਗ ਭਾਰਤ ਇਲੈਕਟ੍ਰੋਨਿਕਸ ਲਿਮਿਟਿਡ ਦੇ ਅਧਿਕਾਰਤ ਇੰਜੀਨੀਅਰਾਂ ਵੱਲੋਂ ਕੀਤੀ ਜਾਵੇਗੀ ਅਤੇ ਛੁੱਟੀ ਵਾਲੇ ਦਿਨਾਂ ਸਮੇਤ ਰੋਜ਼ਾਨਾ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 935 ਪੋਲਿੰਗ ਸਟੇਸ਼ਨਾਂ ਲਈ 2133 ਬੈਲਟ ਯੂਨਿਟਾਂ, 1406 ਕੰਟਰੋਲ ਯੂਨਿਟਾਂ ਅਤੇ 1494 ਵੀ.ਵੀ.ਪੈਟ ਮਸ਼ੀਨਾਂ ਦੀ ਫਸਟ ਲੈਵਲ ਚੈਕਿੰਗ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਫਸਟ ਲੈਵਲ ਚੈਕਿੰਗ ਦੌਰਾਨ ਮਸ਼ੀਨਾਂ ਦੀ ਸਫ਼ਾਈ ਉਪਰੰਤ ਉਨ੍ਹਾਂ ਦੀ ਬਾਹਰੀ ਅਤੇ ਤਕਨੀਕੀ ਜਾਂਚ ਕੀਤੀ ਜਾਵੇਗੀ। ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਦੀ ਮੌਜੂਦਗੀ ਵਿੱਚ ਮਸ਼ੀਨਾਂ ਖੋਲ੍ਹ ਕੇ ਅੰਦਰਲੇ ਪੁਰਜ਼ਿਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਭਾਰਤ ਇਲੈਕਟਰੋਨਿਕ ਲਿਮਿਟਡ ਦੇ ਇੰਜੀਨੀਅਰਾਂ ਵੱਲੋਂ ਇਹ ਪ੍ਰਮਾਣਿਤ ਕੀਤਾ ਜਾਵੇਗਾ ਕਿ ਮਸ਼ੀਨਾਂ ਦੇ ਸਾਰੇ ਪੁਰਜ਼ੇ ਅਸਲੀ ਹਨ। ਹਰ ਮਸ਼ੀਨ ਦੇ ਹਰੇਕ ਬਟਨ ਲਈ 6 ਵੋਟਾਂ ਦੀ ਮੌਕ ਪੋਲ ਕਰਕੇ ਕੰਟਰੋਲ ਯੂਨਿਟ ਦੇ ਨਤੀਜੇ ਦਾ ਵੀ.ਵੀ.ਪੈਟ. ਪਰਚੀਆਂ ਨਾਲ ਮਿਲਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ 2 ਫ਼ੀਸਦੀ ਮਸ਼ੀਨਾਂ ’ਤੇ 500 ਵੋਟਾਂ, 2 ਫ਼ੀਸਦੀ ਮਸ਼ੀਨਾਂ ’ਤੇ 1000 ਵੋਟਾਂ ਅਤੇ 1 ਫ਼ੀਸਦੀ ਮਸ਼ੀਨਾਂ ’ਤੇ 1200 ਵੋਟਾਂ ਦੀ ਵਿਸਤ੍ਰਿਤ ਮੌਕ ਪੋਲ ਵੀ ਕੀਤੀ ਜਾਵੇਗੀ। ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀ ਮੌਕ ਪੋਲ ਲਈ ਮਸ਼ੀਨਾਂ ਆਪਣੀ ਮਰਜ਼ੀ ਨਾਲ ਚੁਣ ਸਕਣਗੇ ਅਤੇ ਲੋੜ ਅਨੁਸਾਰ ਖ਼ੁਦ ਵੀ ਵੋਟਾਂ ਪਾ ਸਕਣਗੇ।

ਚੋਣ ਤਹਿਸੀਲਦਾਰ ਨੇ ਦੱਸਿਆ ਕਿ ਫਸਟ ਲੈਵਲ ਚੈਕਿੰਗ ਉਪਰੰਤ ਠੀਕ ਪਾਈਆਂ ਗਈਆਂ ਮਸ਼ੀਨਾਂ ’ਤੇ ਹਰੇ ਰੰਗ ਦਾ ਅਤੇ ਖ਼ਰਾਬ ਮਸ਼ੀਨਾਂ ’ਤੇ ਖ਼ਰਾਬੀ ਦਾ ਕਾਰਨ ਦਰਸਾਉਂਦਾ ਲਾਲ ਸਟਿੱਕਰ ਲਗਾਇਆ ਜਾਵੇਗਾ। ਠੀਕ ਕੰਟਰੋਲ ਯੂਨਿਟਾਂ ਨੂੰ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਦੀ ਹਾਜ਼ਰੀ ਵਿੱਚ ਪਿੰਕ ਪੇਪਰ ਸੀਲ ਨਾਲ ਸੀਲ ਕੀਤਾ ਜਾਵੇਗਾ ਅਤੇ ਸੀਲ ’ਤੇ ਉਨ੍ਹਾਂ ਦੇ ਦਸਤਖ਼ਤ ਵੀ ਲਏ ਜਾਣਗੇ। ਸੀਲ ਨੰਬਰਾਂ ਵਾਲੇ ਰਜਿਸਟਰ ਦੀ ਕਾਪੀ ਅਤੇ ਫਸਟ ਲੈਵਲ ਚੈਕਿੰਗ ਮੁਕੰਮਲ ਹੋਣ ਉਪਰੰਤ ਠੀਕ ਪਾਈਆਂ ਗਈਆਂ ਮਸ਼ੀਨਾਂ ਦੀ ਸੂਚੀ ਸਾਰੀਆਂ ਸਬੰਧਤ ਰਾਜਨੀਤਿਕ ਪਾਰਟੀਆਂ ਨੂੰ ਮੁਹੱਈਆ ਕਰਵਾਈ ਜਾਵੇਗੀ।

ਚੋਣ ਤਹਿਸੀਲਦਾਰ ਨੇ ਕਿਹਾ ਕਿ ਚੋਣ ਪ੍ਰਕਿਰਿਆ ਵਿੱਚ ਪੂਰੀ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਫਸਟ ਲੈਵਲ ਚੈਕਿੰਗ ਦੀ ਸਮੁੱਚੀ ਪ੍ਰਕਿਰਿਆ ਦੀ ਵੈੱਬਕਾਸਟਿੰਗ ਅਤੇ ਵੀਡੀਓ ਰਿਕਾਰਡਿੰਗ ਕੀਤੀ ਜਾਵੇਗੀ। ਫਸਟ ਲੈਵਲ ਚੈਕਿੰਗ ਹਾਲ ਵਿੱਚ 24 ਘੰਟੇ ਹਥਿਆਰਬੰਦ ਪੁਲਿਸ ਗਾਰਦ ਤਾਇਨਾਤ ਰਹੇਗੀ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਨਿਗਰਾਨੀ ਕੀਤੀ ਜਾਵੇਗੀ। ਹਾਲ ਦੇ ਅੰਦਰ ਮੋਬਾਈਲ ਫ਼ੋਨ, ਸਮਾਰਟ ਵਾਚ, ਕੈਮਰਾ ਜਾਂ ਕਿਸੇ ਹੋਰ ਇਲੈਕਟ੍ਰਾਨਿਕ ਉਪਕਰਨ ਨੂੰ ਲਿਜਾਣ ਦੀ ਪੂਰੀ ਮਨਾਹੀ ਹੋਵੇਗੀ। ਫਸਟ ਲੈਵਲ ਚੈਕਿੰਗ ਦੀ ਰੋਜ਼ਾਨਾ ਪ੍ਰਗਤੀ ਰਿਪੋਰਟ ਮੁੱਖ ਚੋਣ ਅਫ਼ਸਰ, ਪੰਜਾਬ ਨੂੰ ਭੇਜੀ ਜਾਵੇਗੀ।

ਚੋਣ ਤਹਿਸੀਲਦਾਰ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਧਿਕਾਰਤ ਪ੍ਰਤੀਨਿਧੀਆਂ ਦੇ ਨਾਮ, ਮੋਬਾਈਲ ਨੰਬਰ ਅਤੇ ਅਧਿਕਾਰ-ਪੱਤਰ 10 ਨਵੰਬਰ 2026 ਤੱਕ ਜ਼ਿਲ੍ਹਾ ਚੋਣ ਦਫ਼ਤਰ ਨੂੰ ਭੇਜ ਦੇਣ, ਤਾਂ ਜੋ ਉਨ੍ਹਾਂ ਨੂੰ ਸਮੇਂ ਸਿਰ ਪਾਸ ਜਾਰੀ ਕੀਤੇ ਜਾ ਸਕਣ। ਉਨ੍ਹਾਂ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਫਸਟ ਲੈਵਲ ਚੈਕਿੰਗ ਦੀ ਪੂਰੀ ਪ੍ਰਕਿਰਿਆ ਦੌਰਾਨ ਹਾਜ਼ਰ ਰਹਿਣ ਅਤੇ ਪੂਰਾ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਚੋਣ ਪ੍ਰਕਿਰਿਆ ਨੂੰ ਨਿਰਪੱਖ, ਪਾਰਦਰਸ਼ੀ ਅਤੇ ਭਰੋਸੇਯੋਗ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਮਦਦ ਮਿਲੇਗੀ।

ਮੀਟਿੰਗ ਵਿੱਚ ਸੀ.ਪੀ.ਆਈ. (ਐਮ) ਵੱਲੋਂ ਸ੍ਰੀ ਹੀਰਾ ਸਿੰਘ, ਭਾਰਤੀ ਜਨਤਾ ਪਾਰਟੀ ਵੱਲੋਂ ਸ੍ਰੀ ਸੁਰਿੰਦਰਪਾਲ ਸਿੰਘ, ਬਹੁਜਨ ਸਮਾਜ ਪਾਰਟੀ ਵੱਲੋਂ ਸ੍ਰੀ ਅਸ਼ੋਕ ਕੁਮਾਰ ਅਤੇ ਆਈ.ਐਨ.ਸੀ. ਵੱਲੋਂ ਸ੍ਰੀ ਗੁਰਭਜਨ ਸਿੰਘ ਤੋਂ ਇਲਾਵਾ ਜ਼ਿਲ੍ਹਾ ਚੋਣ ਦਫ਼ਤਰ ਦੇ ਅਧਿਕਾਰੀ / ਕਰਮਚਾਰੀ ਹਾਜ਼ਰ ਸਨ।

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.