ਤਾਜਾ ਖਬਰਾਂ
ਜਗਦੀਸ਼ ਥਿੰਦ
ਫ਼ਰੀਦਕੋਟ, 2 ਨਵੰਬਰ
ਡਰੱਗ ਇੰਸਪੈਕਟਰ ਸ੍ਰੀ ਹਰਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ਿਲ੍ਹਾ ਫ਼ਰੀਦਕੋਟ ਵਿੱਚ ਨਸ਼ੀਲੀਆਂ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਨੂੰ ਰੋਕਣ ਅਤੇ ਦਵਾਈਆਂ ਦੀ ਵਿਕਰੀ ਸਬੰਧੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਮਕਸਦ ਨਾਲ ਅੱਜ ਸਿਟੀ ਫ਼ਰੀਦਕੋਟ ਪੁਲਿਸ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਤਿੰਨ ਮੈਡੀਕਲ ਫਰਮਾਂ ਦੀ ਜਾਂਚ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਡੋਗਰ ਬਸਤੀ ਸਥਿਤ ਸਿੰਗਲਾ ਮੈਡੀਕਲ ਸਟੋਰ ਵਿਖੇ ਕੋਈ ਆਮ ਬੇਨਿਯਮੀ ਸਾਹਮਣੇ ਨਹੀਂ ਆਈ, ਜਦਕਿ ਇਸੇ ਇਲਾਕੇ ਵਿੱਚ ਰਾਜਾ ਮੈਡੀਕਲ ਏਜੰਸੀ ਵਿਖੇ ਕੁਝ ਆਮ ਕਿਸਮ ਦੀਆਂ ਬੇਨਿਯਮੀਆਂ ਪਾਈਆਂ ਗਈਆਂ।
ਉਨ੍ਹਾਂ ਅੱਗੇ ਦੱਸਿਆ ਕਿ ਐਲ.ਆਈ.ਸੀ. ਵਾਲੀ ਗਲੀ ਸਥਿਤ ਟਰੂ ਐਕਟ ਫਾਰਮਾ ਦੀ ਜਾਂਚ ਦੌਰਾਨ ਫਰਮ ਵੱਲੋਂ ਕੁਝ ਦਵਾਈਆਂ ਦੇ ਸਬੰਧਤ ਹੱਥੀਂ ਦਰਜ ਕੀਤੇ ਵਿਕਰੀ ਰਿਕਾਰਡ ਪੇਸ਼ ਨਹੀਂ ਕੀਤੇ ਗਏ। ਇਸ ਤੋਂ ਇਲਾਵਾ 28 ਫਰਵਰੀ 2025 ਦੀ ਨੋਟੀਫਿਕੇਸ਼ਨ ਅਨੁਸਾਰ ਇਨ੍ਹਾਂ ਦਵਾਈਆਂ ਸਬੰਧੀ ਲਾਜ਼ਮੀ ਮਹੀਨਾਵਾਰ ਰਿਪੋਰਟ ਵੀ ਜਮ੍ਹਾਂ ਨਹੀਂ ਕਰਵਾਈ ਗਈ ਸੀ। ਇਸ ਤੇ ਕਾਰਵਾਈ ਕਰਦਿਆਂ ਵਿਭਾਗ ਵੱਲੋਂ ਫਾਰਮ-16 ਤਹਿਤ ਦੋ ਕਿਸਮਾਂ ਦੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ।
ਜ਼ਬਤ ਕੀਤੀਆਂ ਦਵਾਈਆਂ ਵਿੱਚ ਐਕਟੀਨੋਰਮ (ਕਲੋਰਡਾਇਜ਼ੈਪੋਕਸਾਈਡ ਅਤੇ ਡਾਈਸਾਈਕਲੋਮਾਈਨ) ਅਤੇ ਬੈਂਜ਼ਪ੍ਰੋ-ਐੱਫ.ਐੱਮ. (ਫਲੂਪੈਂਟਿਕਸੋਲ) ਸ਼ਾਮਲ ਹਨ। ਇਨ੍ਹਾਂ ਦੀ ਕੁੱਲ ਮਾਤਰਾ 48,990 ਗੋਲੀਆਂ ਹੈ, ਜਿਨ੍ਹਾਂ ਦੀ ਅੰਦਾਜ਼ਨ ਕੀਮਤ 3,30,687 ਰੁਪਏ ਬਣਦੀ ਹੈ।
ਡਰੱਗ ਇੰਸਪੈਕਟਰ ਨੇ ਦੱਸਿਆ ਕਿ ਦਵਾਈਆਂ ਦੀ ਵਿਕਰੀ ਅਤੇ ਰਿਕਾਰਡ ਸਬੰਧੀ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਫਰਮਾਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਅਤੇ ਅਜਿਹੀਆਂ ਜਾਂਚ ਮੁਹਿੰਮਾਂ ਲਗਾਤਾਰ ਜਾਰੀ ਰਹਿਣਗੀਆਂ।
Get all latest content delivered to your email a few times a month.