ਤਾਜਾ ਖਬਰਾਂ
ਜਗਦੀਸ਼ ਥਿੰਦ
ਫ਼ਾਜ਼ਿਲਕਾ, 2 ਨਵੰਬਰ:
ਦੀਵਾਲੀ ਦੇ ਤਿਉਹਾਰ ਮੌਕੇ ਲੋਕਾਂ ਨੂੰ ਅੱਖਾਂ ਦੀ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਲਈ ਸਿਹਤ ਵਿਭਾਗ ਫ਼ਾਜ਼ਿਲਕਾ ਵੱਲੋਂ ਅਪੀਲ ਕੀਤੀ ਗਈ ਹੈ ਕਿ ਤਿਉਹਾਰ ਮਨਾਉਂਦੇ ਸਮੇਂ ਪਟਾਕਿਆਂ ਦੀ ਵਰਤੋਂ ਦੌਰਾਨ ਵਿਸ਼ੇਸ਼ ਸਾਵਧਾਨੀਆਂ ਵਰਤੀਆਂ ਜਾਣ, ਤਾਂ ਜੋ ਕਿਸੇ ਵੀ ਤਰ੍ਹਾਂ ਦੇ ਹਾਦਸੇ ਤੋਂ ਬਚਿਆ ਜਾ ਸਕੇ। ਇਸ ਸਬੰਧੀ ਸਿਵਲ ਸਰਜਨ ਫ਼ਾਜ਼ਿਲਕਾ ਡਾ. ਕਵਿਤਾ ਸਿੰਘ ਨੇ ਕਿਹਾ ਕਿ ਦੀਵਾਲੀ ਖ਼ੁਸ਼ੀਆਂ ਅਤੇ ਰੌਸ਼ਨੀਆਂ ਦਾ ਤਿਉਹਾਰ ਹੈ, ਇਸ ਲਈ ਸਾਰਿਆਂ ਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਤੇ ਸੁਰੱਖਿਆ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਪਟਾਕੇ ਚਲਾਉਣ ਸਮੇਂ ਅੱਖਾਂ ਵਿੱਚ ਚੰਗਿਆੜੀਆਂ, ਬਾਰੂਦ ਦੇ ਕਣ ਜਾਂ ਧੂੰਆਂ ਜਾਣ ਕਾਰਨ ਅੱਖਾਂ ਨੂੰ ਗੰਭੀਰ ਨੁਕਸਾਨ ਪਹੁੰਚ ਸਕਦਾ ਹੈ। ਕਈ ਵਾਰ ਅੱਖਾਂ ਦੀ ਰੌਸ਼ਨੀ ਪ੍ਰਭਾਵਿਤ ਹੋਣ ਦਾ ਖ਼ਤਰਾ ਵੀ ਬਣ ਜਾਂਦਾ ਹੈ। ਇਸ ਲਈ ਲੋਕਾਂ ਨੂੰ ਪਟਾਕੇ ਚਲਾਉਂਦੇ ਸਮੇਂ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਬੱਚਿਆਂ ਨੂੰ ਇਕੱਲੇ ਪਟਾਕੇ ਨਹੀਂ ਚਲਾਉਣ ਦੇਣੇ ਚਾਹੀਦੇ।
ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਟਾਕੇ ਹਮੇਸ਼ਾ ਖੁੱਲ੍ਹੀ ਅਤੇ ਸੁਰੱਖਿਅਤ ਥਾਂ 'ਤੇ ਹੀ ਚਲਾਏ ਜਾਣ। ਪਟਾਕੇ ਚਲਾਉਂਦੇ ਸਮੇਂ ਉਨ੍ਹਾਂ ਤੋਂ ਉਚਿਤ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਸੰਭਵ ਹੋਵੇ ਤਾਂ ਸੁਰੱਖਿਆ ਵਾਲੀਆਂ ਐਨਕਾਂ ਦੀ ਵਰਤੋਂ ਕੀਤੀ ਜਾਵੇ। ਪਟਾਕੇ ਚਲਾਉਣ ਸਮੇਂ ਅੱਖਾਂ ਅਤੇ ਚਿਹਰੇ ਨੂੰ ਪਟਾਕਿਆਂ ਦੇ ਬਿਲਕੁਲ ਨੇੜੇ ਨਾ ਲਿਜਾਇਆ ਜਾਵੇ। ਜੇਕਰ ਕੋਈ ਪਟਾਕਾ ਨਾ ਚੱਲੇ ਤਾਂ ਉਸ ਨੂੰ ਦੁਬਾਰਾ ਜਲਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਇਸ ਤੋਂ ਇਲਾਵਾ ਜਲਣਸ਼ੀਲ ਪਦਾਰਥਾਂ ਦੇ ਨੇੜੇ ਪਟਾਕੇ ਚਲਾਉਣ ਤੋਂ ਵੀ ਗੁਰੇਜ਼ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਜੇਕਰ ਪਟਾਕਾ ਚਲਾਉਂਦੇ ਸਮੇਂ ਕਿਸੇ ਵਿਅਕਤੀ ਦੀ ਅੱਖ ਵਿੱਚ ਚੰਗਿਆੜੀ ਜਾਂ ਕੋਈ ਕਣ ਚਲਾ ਜਾਵੇ ਤਾਂ ਅੱਖ ਨੂੰ ਰਗੜਨਾ ਨਹੀਂ ਚਾਹੀਦਾ ਅਤੇ ਨਾ ਹੀ ਉਸ ਵਿੱਚ ਕੋਈ ਘਰੇਲੂ ਦਵਾਈ ਜਾਂ ਬਿਨਾਂ ਡਾਕਟਰੀ ਸਲਾਹ ਤੋਂ ਆਈ ਡਰੌਪ ਪਾਉਣੀ ਚਾਹੀਦੀ ਹੈ। ਅੱਖ 'ਤੇ ਦਬਾਅ ਪਾਉਣ ਜਾਂ ਉਸ ਵਿੱਚ ਫਸੇ ਕਿਸੇ ਕਣ ਨੂੰ ਖ਼ੁਦ ਕੱਢਣ ਦੀ ਕੋਸ਼ਿਸ਼ ਕਰਨ ਦੀ ਬਜਾਏ ਤੁਰੰਤ ਨੇੜਲੇ ਹਸਪਤਾਲ ਵਿੱਚ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਜੇਕਰ ਅੱਖ ਵਿੱਚ ਗੰਭੀਰ ਸੱਟ ਲੱਗੀ ਹੋਵੇ ਤਾਂ ਬਿਨਾਂ ਦੇਰੀ ਮਾਹਿਰ ਡਾਕਟਰ ਕੋਲ ਪਹੁੰਚਣਾ ਬਹੁਤ ਜ਼ਰੂਰੀ ਹੈ।
ਇਸ ਮੌਕੇ ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਦੀਵਾਲੀ ਦੌਰਾਨ ਸਿਹਤ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਜਾਰੀ ਰੱਖਣ ਲਈ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ (ਐੱਸ.ਐੱਮ.ਓਜ਼) ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਕਿ ਉਹ ਆਪਣੇ-ਆਪਣੇ ਸਿਹਤ ਸੰਸਥਾਨਾਂ ਵਿੱਚ ਐਮਰਜੈਂਸੀ ਸੇਵਾਵਾਂ ਦੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਐਮਰਜੈਂਸੀ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਤੁਰੰਤ ਅਤੇ ਢੁੱਕਵਾਂ ਇਲਾਜ ਮੁਹੱਈਆ ਕਰਵਾਇਆ ਜਾਵੇ। ਸਿਵਲ ਹਸਪਤਾਲ ਫਾਜ਼ਿਲਕਾ ਅਤੇ ਅਬੋਹਰ ਵਿਖੇ ਅੱਖਾਂ ਦੇ ਮਾਹਿਰ ਡਾਕਟਰ ਹੈ ਅਤੇ ਲੋੜੀਂਦੇ ਸਟਾਫ਼, ਦਵਾਈਆਂ ਅਤੇ ਐਮਰਜੈਂਸੀ ਉਪਕਰਨਾਂ ਦੀ ਉਪਲਬਧਤਾ ਹੈ, ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਸਥਿਤੀ ਵਿੱਚ ਮਰੀਜ਼ਾਂ ਨੂੰ ਸਮੇਂ ਸਿਰ ਸਿਹਤ ਸਹੂਲਤਾਂ ਮਿਲ ਸਕਣ।
ਅੰਤ ਵਿੱਚ ਸਿਵਲ ਸਰਜਨ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੁਰੱਖਿਅਤ ਤਰੀਕੇ ਨਾਲ ਦੀਵਾਲੀ ਮਨਾਉਣ, ਬੱਚਿਆਂ ਦੀ ਵਿਸ਼ੇਸ਼ ਨਿਗਰਾਨੀ ਕਰਨ ਅਤੇ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਤੁਰੰਤ ਨੇੜਲੇ ਸਿਹਤ ਕੇਂਦਰ ਨਾਲ ਸੰਪਰਕ ਕਰਨ। ਸਾਵਧਾਨੀ ਵਰਤ ਕੇ ਹੀ ਦੀਵਾਲੀ ਦੀਆਂ ਖ਼ੁਸ਼ੀਆਂ ਨੂੰ ਸੁਰੱਖਿਅਤ ਅਤੇ ਯਾਦਗਾਰ ਬਣਾਇਆ ਜਾ ਸਕਦਾ ਹੈ।
Get all latest content delivered to your email a few times a month.