IMG-LOGO
ਹੋਮ ਪੰਜਾਬ : ਡੀ.ਸੀ, ਐੱਸ.ਐੱਸ.ਪੀ., ਅਤੇ ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਵੱਖ-ਵੱਖ ਪਿੰਡਾਂ ਦਾ...

ਡੀ.ਸੀ, ਐੱਸ.ਐੱਸ.ਪੀ., ਅਤੇ ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਵੱਖ-ਵੱਖ ਪਿੰਡਾਂ ਦਾ ਦੌਰਾ

- ਕਿਸਾਨਾਂ ਨੂੰ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨ ਅਤੇ ਵਾਤਾਵਰਣ ਦੀ ਸੰਭਾਲ ਲਈ ਕੀਤਾ ਪ੍ਰੇਰਿਤ

.

Admin user - Oct 31, 2026 03:56 PM
IMG

ਜਗਦੀਸ਼ ਥਿੰਦ 
ਗੁਰੂਹਰਸਹਾਏ /ਫਿਰੋਜ਼ਪੁਰ, 31 ਅਕਤੂਬਰ: 

ਜ਼ਿਲ੍ਹਾ ਫਿਰੋਜ਼ਪੁਰ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਦਾ ਸੁਚੱਜਾ ਪ੍ਰਬੰਧਨ ਕਰਨ ਲਈ ਪ੍ਰੇਰਿਤ /ਜਾਗਰੂਕ ਕਰਨ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ, ਸੀਨੀਅਰ ਪੁਲਿਸ ਕਪਤਾਨ ਸ. ਭੁਪਿੰਦਰ ਸਿੰਘ ਸਿੱਧੂ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਵੱਲੋਂ ਪਿੰਡ ਚੱਕ ਸੋਮੀਆਂ, ਕੋਹਰ ਸਿੰਘ ਵਾਲਾ, ਚੱਕ ਜਮੀਤ ਸਿੰਘ ਵਾਲਾ ਅਤੇ ਚੁੱਗਾ ਦਾ ਦੌਰਾ ਕੀਤਾ ਗਿਆ।

ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਖੇਤਾਂ ਵਿੱਚ ਹੀ ਵਾਹ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਅਤੇ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਪ੍ਰੇਰਿਤ ਕੀਤਾ।
ਇਸ ਦੌਰਾਨ ਪਿੰਡ ਚੁੱਗਾ ਦੇ ਅਗਾਂਹਵਧੂ ਕਿਸਾਨ ਸਤਵਿੰਦਰ ਸਿੰਘ ਬਰਾੜ ਅਤੇ ਹਰਮਨਜੀਤ ਸਿੰਘ ਬਰਾੜ ਨੇ ਅਧਿਕਾਰੀਆਂ ਨਾਲ ਗੱਲਬਾਤ ਮੌਕੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਖੇਤਾਂ ਵਿੱਚ ਮਲਚਰ ਅਤੇ ਪਰਾਲੀ  ਦੀ ਮਦਦ ਨਾਲ ਲਗਭਗ 65 ਏਕੜ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਗਈ ਹੈ। ਇਨ੍ਹਾਂ ਕਿਸਾਨਾਂ ਵੱਲੋਂ ਅਪਣਾਈ ਜਾ ਰਹੀ ਇਸ ਤਕਨੀਕ ਨਾਲ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨ ਦੇ ਨਾਲ-ਨਾਲ ਖੇਤੀ ਲਾਗਤਾਂ ਘਟਾਉਣ, ਮਿੱਟੀ ਦੀ ਸਿਹਤ ਵਿੱਚ ਸੁਧਾਰ ਕਰਨ ਅਤੇ ਖਾਦਾਂ ਦੀ ਖਪਤ ਘਟਾਉਣ ਦੀਆਂ ਸੰਭਾਵਨਾਵਾਂ ਹਨ। ਡਿਪਟੀ ਕਮਿਸ਼ਨਰ ਨੇ ਇਨ੍ਹਾਂ ਅਗਾਂਹਵਧੂ ਕਿਸਾਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਉਪਰਾਲਾ ਹੋਰਨਾਂ ਕਿਸਾਨਾਂ ਲਈ ਵੀ ਪ੍ਰੇਰਨਾਦਾਇਕ ਹੈ। ਉਨ੍ਹਾਂ ਜ਼ਿਲ੍ਹੇ ਦੇ ਹੋਰਨਾਂ ਕਿਸਾਨਾਂ ਨੂੰ ਵੀ ਇਨ੍ਹਾਂ ਤੋਂ ਪ੍ਰੇਰਨਾ ਲੈ ਕੇ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨ ਦੀ ਅਪੀਲ ਕੀਤੀ।

ਇਸੇ ਤਰ੍ਹਾਂ ਪਿੰਡ ਚੱਕ ਸੋਮੀਆਂ ਵਿਖੇ ਕਿਸਾਨ ਸ੍ਰੀ ਗੁਰਵਿੰਦਰ ਸਿੰਘ, ਸ੍ਰੀ ਟੇਕ ਸਿੰਘ, ਸ੍ਰੀ ਝਰਮਲ ਸਿੰਘ ਅਤੇ ਸ੍ਰੀ ਸੁਖਦਰਸ਼ਨ ਸਿੰਘ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧਨ ਸਬੰਧੀ ਜਾਗਰੂਕ ਕੀਤਾ ਗਿਆ।

ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਪਿੰਡ ਚੱਕ ਸੋਮੀਆਂ ਵਿਖੇ ਡੰਪ ਮਾਲਕ ਸ੍ਰੀ ਕੁਲਦੀਪ ਸਿੰਘ ਭਾਰਵਾ ਦੇ ਡੰਪ ਦਾ ਵੀ ਦੌਰਾ ਕੀਤਾ ਗਿਆ। ਇਸ ਡੰਪ ’ਤੇ ਹੁਣ ਤੱਕ ਲਗਭਗ 1,350 ਮੀਟ੍ਰਿਕ ਟਨ ਪਰਾਲੀ ਸਟੋਰ ਕੀਤੀ ਜਾ ਚੁੱਕੀ ਹੈ। ਇਹ ਉਪਰਾਲਾ ਪਰਾਲੀ ਦੀ ਇਕੱਠ, ਸਟੋਰੇਜ ਅਤੇ ਇਸ ਦੀ ਸੁਚੱਜੀ ਵਰਤੋਂ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਸੁਝਾਈਆਂ ਗਈਆਂ ਤਕਨੀਕਾਂ ਅਪਣਾ ਕੇ ਵਾਤਾਵਰਣ ਦੀ ਸੰਭਾਲ ਵਿੱਚ ਆਪਣਾ ਯੋਗਦਾਨ ਪਾਉਣ। ਨਾਲ ਹੀ, ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਉਪਲਬਧ ਮਸ਼ੀਨਰੀ ਅਤੇ ਹੋਰ ਬਦਲਵੇਂ ਤਰੀਕਿਆਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ।

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.