IMG-LOGO
ਹੋਮ ਪੰਜਾਬ : ਸਿਵਲ ਸਰਜਨ ਡਾ. ਕਵਿਤਾ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ...

ਸਿਵਲ ਸਰਜਨ ਡਾ. ਕਵਿਤਾ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ 'ਵਨ ਹੈਲਥ' ਕਮੇਟੀ ਦੀ ਮੀਟਿੰਗ

ਬਿਮਾਰੀਆਂ ਦੀ ਰੋਕਥਾਮ ਲਈ ਵਿਭਾਗੀ ਤਾਲਮੇਲ ਨਾਲ ਤੁਰੰਤ ਐਕਸ਼ਨ ਲੈਣ ਵਿੱਚ ਮਿਲੇਗਾ ਸਹਿਯੋਗ : ਡਾ. ਕਵਿਤਾ ਸਿੰਘ

.

Admin user - Oct 19, 2026 02:00 PM
IMG

ਜਗਦੀਸ਼ ਥਿੰਦ
ਫਾਜ਼ਿਲਕਾ 19 ਅਕਤੂਬਰ
:

ਸਿਹਤ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਤੇ ਸਿਵਲ ਸਰਜਨ ਡਾ. ਕਵਿਤਾ ਸਿੰਘ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫ਼ਤਰ ਵਿਖੇ ਜ਼ਿਲ੍ਹਾ ਪੱਧਰੀ 'ਵਨ ਹੈਲਥ' ਕਮੇਟੀ ਦੀ ਮੀਟਿੰਗ ਕੀਤੀ ਗਈ। ਇਸ ਦੌਰਾਨ ਸਿਹਤ ਵਿਭਾਗ, ਪੰਚਾਇਤੀ ਵਿਭਾਗ, ਪਸ਼ੂ ਪਾਲਣ, ਨਗਰ ਨਿਗਮ ਅਤੇ ਜੰਗਲਾਤ ਮਹਿਕਮੇ ਆਦਿ ਵਿਭਾਗਾਂ ਦੇ ਨੁਮਾਇੰਦੇ ਸ਼ਾਮਲ ਹੋਏ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਵਨ ਹੈਲਥ ਕਮੇਟੀ ਇੱਕ ਜੁਆਇੰਟ ਆਊਟਬ੍ਰੇਕ ਰਿਸਪਾਂਸ ਟੀਮ ਦੀ ਤਰ੍ਹਾਂ ਕੰਮ ਕਰਦੀ ਹੈ। ਜ਼ਿਲ੍ਹੇ ਵਿੱਚ ਕੀਤੇ ਵੀ ਕੋਈ ਬਿਮਾਰੀ ਫੈਲਣ ਜਾਂ ਐਮਰਜੇਂਸੀ ਹੋਣ 'ਤੇ ਇਹ ਕਮੇਟੀ ਵਿਭਾਗੀ ਤਾਲਮੇਲ ਰਾਹੀਂ ਤੁਰੰਤ ਐਕਸ਼ਨ ਲੈਣ ਵਿੱਚ ਇੱਕ ਦੂਜੇ ਵਿਭਾਗਾਂ ਦਾ ਸਹਿਯੋਗ ਕਰਦੀ ਹੈ। ਇਸ ਮੀਟਿੰਗ ਰਾਹੀਂ ਸੰਭਾਵਿਤ ਬਿਮਾਰੀਆਂ ਅਤੇ ਮਹਾਂਮਾਰੀਆਂ ਦੇ ਸਮੇਂ ਸਿਰ ਨਿਪਟਾਰੇ ਲਈ ਸਾਂਝੀ ਰਣਨੀਤੀ ਤਿਆਰ ਕੀਤੀ ਜਾਂਦੀ ਹੈ। ਮੀਟਿੰਗ ਦੌਰਾਨ ਮੌਸਮੀ ਬਿਮਾਰੀਆਂ ਸਮੇਤ ਪਾਣੀ, ਭੋਜਨ ਅਤੇ ਪਸ਼ੂਆਂ ਤੋਂ ਮਨੁੱਖਾਂ ਵਿੱਚ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਵਿਭਾਗਾਂ ਵਿਚਕਾਰ ਬਿਹਤਰ ਤਾਲਮੇਲ ਬਣਾਉਣ 'ਤੇ ਜ਼ੋਰ ਦਿੱਤਾ ਗਿਆ। 

ਜ਼ਿਲ੍ਹਾ ਐਪੀਡਿਮਾਲੋਜ਼ਿਸਟ ਡਾ. ਸੁਨੀਤਾ ਕੰਬੋਜ਼ ਵੱਲੋਂ ਮੀਟਿੰਗ ਦੌਰਾਨ ਪਸ਼ੂ ਪਾਲਣ ਵਿਭਾਗ ਨੂੰ ਪਸ਼ੂ ਪਾਲਕਾਂ ਨੂੰ ਲੈਪਟੋਸਪਾਇਰੋਸਿਸ ਦੀ ਰੋਕਥਾਮ ਸਬੰਧੀ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਕਿਹਾ ਗਿਆ। ਨਾਲ ਹੀ ਪਸ਼ੂਆਂ ਵਿੱਚ ਕਿਸੇ ਵੀ ਅਸਧਾਰਨ ਬਿਮਾਰੀ ਜਾਂ ਮੌਤ ਦੀ ਸੂਚਨਾ 12 ਘੰਟਿਆਂ ਦੇ ਅੰਦਰ ਜ਼ਿਲ੍ਹਾ ਰੋਗ ਨਿਗਰਾਨੀ ਪ੍ਰਣਾਲੀ ਨੂੰ ਦਿੱਤੀ ਜਾਵੇ, ਤਾਂ ਜੋ ਸਮੇਂ ਸਿਰ ਲੋੜੀਂਦੀ ਜਾਂਚ ਅਤੇ ਕਾਰਵਾਈ ਕੀਤੀ ਜਾ ਸਕੇ।

ਵੈਕਟਰ ਬੋਰਨ ਡਿਜ਼ੀਜ਼ਜ ਜਿਵੇਂ ਕਿ ਡੇਂਗੂ ਮਲੇਰੀਆ ਦੇ ਸੀਜ਼ਨ ਵਿੱਚ ਸਿਹਤ ਵਿਭਾਗ, ਨਗਰ ਨਿਗਮ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਆਪਸੀ ਤਾਲਮੇਲ ਦੀ ਲੋੜ ਹੁੰਦੀ ਹੈ। ਪਾਣੀ ਦੇ ਖੜ੍ਹੇ ਹੋਣ ਦੀ ਸਮੱਸਿਆ ਨਾਲ ਨਜਿੱਠਣ ਲਈ ਨਿਕਾਸੀ ਪ੍ਰਬੰਧਾਂ ਵਿੱਚ ਸੁਧਾਰ ਕਰਨ ਅਤੇ ਠੋਸ ਕੂੜੇ ਦੇ ਢੁੱਕਵੇਂ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ। ਗ੍ਰਾਮ ਪੰਚਾਇਤਾਂ ਰਾਹੀਂ ਲੋਕਾਂ ਨੂੰ ਸਫ਼ਾਈ ਰੱਖਣ ਅਤੇ ਖੁੱਲ੍ਹੇ ਵਿੱਚ ਸ਼ੌਚ ਕਰਨ ਤੋਂ ਬਚਣ ਸਬੰਧੀ ਵਿਆਪਕ ਜਾਗਰੂਕਤਾ ਪੈਦਾ ਕਰਨ ਲਈ ਵੀ ਕਿਹਾ ਗਿਆ ।

ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਕਿਹਾ ਕਿ ਲੋਕਾਂ ਦੀ ਸਿਹਤ ਦੀ ਸੁਰੱਖਿਆ ਲਈ ਵੱਖ-ਵੱਖ ਵਿਭਾਗਾਂ ਵਿਚਕਾਰ ਨਜ਼ਦੀਕੀ ਤਾਲਮੇਲ ਅਤੇ ਸਮੇਂ ਸਿਰ ਜਾਣਕਾਰੀ ਸਾਂਝੀ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਸਾਰੇ ਵਿਭਾਗਾਂ ਨੂੰ 'ਇੱਕ ਸਿਹਤ ਪਹੁੰਚ' ਤਹਿਤ ਮਿਲ ਕੇ ਕੰਮ ਕਰਨ ਅਤੇ ਬਿਮਾਰੀਆਂ ਸਬੰਧੀ ਕਿਸੇ ਵੀ ਅਸਧਾਰਨ ਘਟਨਾ ਦੀ ਜਾਣਕਾਰੀ ਤੁਰੰਤ ਸਾਂਝੀ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸਿਹਤ, ਪਸ਼ੂ ਪਾਲਣ, ਜਲ ਸਪਲਾਈ, ਸਥਾਨਕ ਪ੍ਰਸ਼ਾਸਨ ਅਤੇ ਹੋਰ ਸਬੰਧਤ ਵਿਭਾਗਾਂ ਦੇ ਸਾਂਝੇ ਯਤਨਾਂ ਨਾਲ ਬਿਮਾਰੀਆਂ ਦੀ ਸਮੇਂ ਸਿਰ ਪਛਾਣ, ਰੋਕਥਾਮ ਅਤੇ ਨਿਯੰਤਰਣ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ।

ਇਸ ਮੌਕੇ ਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਿੰਕੂ ਚਾਵਲਾ, ਜ਼ਿਲ੍ਹਾ ਐਪੀਡਿਮਾਲੋਜ਼ਿਸਟ ਐਨ.ਵੀ.ਬੀ.ਡੀ.ਸੀ.ਪੀ ਡਾ. ਕਰਨਬੀਰ ਸਿੰਘ, ਡਾ. ਨੁਪੁਰ ਗਰਗ, ਡਰੱਗ ਇੰਸਪੈਕਟਰ ਹਰਿਤਾ ਬਾਂਸਲ, ਫੂਡ ਸੇਫਟੀ ਅਫਸਰ ਹਰਵਿੰਦਰ ਸਿੰਘ, ਕਰਮ ਕਟਾਰੀਆ, ਵੈਟਨਰੀ ਅਫਸਰ ਡਾ. ਨਿਪੁਨ ਖੁੰਗਰ, ਡਾ. ਸੁਨੀਲ ਕੁਮਾਰ ਸੀਨੀਅਰ ਵੈਟਨਰੀ ਅਫਸਰ, ਨਿਸ਼ਾਂਤ ਕੁਮਾਰ, ਰਾਜਿੰਦਰ ਕੁਮਾਰ, ਨਗਰ ਨਿਗਮ ਤੋਂ ਐਸ.ਆਈ ਜਗਦੀਪ ਸਿੰਘ, ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਨਾ, ਮਨਬੀਰ ਸਿੰਘ, ਦਿਵੇਸ਼ ਕੁਮਾਰ, ਅਤਿੰਦਰ ਪਾਲ ਸਿੰਘ ਆਦਿ ਮੌਜੂਦ ਸਨ।

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.