ਤਾਜਾ ਖਬਰਾਂ
ਜਗਦੀਸ਼ ਥਿੰਦ
ਮਲੋਟ/ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ:
ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਮੰਡੀ ਪੰਨੀਵਾਲਾ, ਆਲਮਵਾਲਾ ਅਤੇ ਮਿੱਡਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਝੋਨੇ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਕਰਵਾਈ।
ਕੈਬਨਿਟ ਮੰਤਰੀ ਸ. ਖੁੱਡੀਆਂ ਨੇ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਖਰੀਦ, ਲਿਫ਼ਟਿੰਗ ਅਤੇ ਅਦਾਇਗੀ ਦੀ ਪ੍ਰਕਿਰਿਆ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਸਬੰਧਤ ਵਿਭਾਗਾਂ ਵੱਲੋਂ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਝੋਨੇ ਦੀ ਫ਼ਸਲ ਨੂੰ ਮੰਡੀਆਂ ਵਿੱਚ ਸੁੱਕਾ ਕੇ ਅਤੇ ਸਰਕਾਰੀ ਨਿਯਮਾਂ ਅਨੁਸਾਰ ਲੈ ਕੇ ਆਉਣ, ਤਾਂ ਜੋ ਖਰੀਦ ਪ੍ਰਕਿਰਿਆ ਸੁਚਾਰੂ ਢੰਗ ਨਾਲ ਨੇਪਰੇ ਚੜ੍ਹ ਸਕੇ। ਉਨ੍ਹਾਂ ਕਿਹਾ ਜਿਵੇ ਜਿਵੇ ਝੋਨੇ ਦੀ ਖਰੀਦ ਕੀਤੀ ਜਾਵੇਗੀ ਨਾਲ ਦੀ ਨਾਲ ਝੋਨੇ ਦੀ ਲਿਫਟਿੰਗ ਕਰਵਾ ਦਿੱਤੀ ਜਾਵੇਗੀ, ਤਾਂ ਜੋ ਹੋਰ ਆਉਣ ਵਾਲੀ ਫ਼ਸਲ ਲਈ ਜਗ੍ਹਾ ਸਬੰਧੀ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ।
ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਾਰੇ ਪ੍ਰਬੰਧ ਮੁਕੰਮਲ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸਹੂਲਤ ਲਈ ਮੰਡੀਆਂ ਵਿੱਚ ਬੁਨਿਆਦੀ ਸਹੂਲਤਾਂ, ਬਾਰਦਾਨਾ, ਪੀਣ ਵਾਲਾ ਪਾਣੀ, ਸਫ਼ਾਈ, ਰੌਸ਼ਨੀ ਅਤੇ ਹੋਰ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਗਏ ਹਨ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਖਰੀਦ ਪ੍ਰਕਿਰਿਆ ਦੌਰਾਨ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਉਣ ਦਿੱਤੀ ਜਾਵੇ ਅਤੇ ਫ਼ਸਲ ਦੀ ਖਰੀਦ ਤੋਂ ਬਾਅਦ ਲਿਫ਼ਟਿੰਗ ਨੂੰ ਵੀ ਨਿਰਵਿਘਨ ਬਣਾਇਆ ਜਾਵੇ।
ਇਸ ਮੌਕੇ ਡੀ.ਐਮ.ਓ. ਅਜੈਪਾਲ ਸਿੰਘ ਬਰਾੜ, ਡੀ.ਐਫ.ਐਸ.ਸੀ. ਹਿਮਾਂਸ਼ੂ ਕੱਕੜ, ਚੇਅਰਮੈਨ ਪੰਜਾਬ ਸਹਿਕਾਰੀ ਬੈਂਕ ਜਗਦੇਵ ਸਿੰਘ ਬਾਂਮ, ਚੇਅਰਮੈਨ ਮਾਰਕੀਟ ਕਮੇਟੀ ਮਲੋਟ ਜਸ਼ਨ ਬਰਾੜ, ਚੇਅਰਮੈਨ ਟਰੇਡ ਕਮਿਸ਼ਨ ਗੁਰਬਿੰਦਰ ਸ਼ਰਮਾ, ਸਰਪੰਚ ਦਿਲਬਾਗ ਪੰਨੀਵਾਲਾ, ਸਾਬਕਾ ਸਰਪੰਚ ਪਰਮਪਾਲ ਜਟਾਣਾ, ਸੈਕਟਰੀ ਮਾਰਕੀਟ ਕਮੇਟੀ ਮਲੋਟ ਮਨਦੀਪ ਰਹੇਜਾ, ਸਰਪੰਚ ਮਲਕੀਤ ਸਿੰਘ ਕਰਮ ਪੱਟੀ, ਪ੍ਰਧਾਨ ਸਤਪਾਲ ਪੰਨੀਵਾਲਾ,ਚੌਂਕੀ ਇੰਚਾਰਜ ਸੁਖਰਾਜ ਸਿੰਘ,ਪੀ.ਏ. ਗੁਰਬਾਜ ਖੁੱਡੀਆਂ, ਬਲਾਕ ਪ੍ਰਧਾਨ ਹਰਕੇਵਲ ਧਾਲੀਵਾਲ ਤੋਂ ਇਲਾਵਾ ਕਿਸਾਨ ਆਦਿ ਹਾਜ਼ਰ ਸਨ।
Get all latest content delivered to your email a few times a month.