IMG-LOGO
ਹੋਮ ਪੰਜਾਬ : ਮਿਸ਼ਨ ਸਾਰਥੀ ਤਹਿਤ ਸਕੂਲ ਪ੍ਰਿੰਸੀਪਲਾਂ ਅਤੇ ਕੌਂਸਲਰਾਂ ਨੂੰ ਨੌਜਵਾਨਾਂ ਵਿੱਚ...

ਮਿਸ਼ਨ ਸਾਰਥੀ ਤਹਿਤ ਸਕੂਲ ਪ੍ਰਿੰਸੀਪਲਾਂ ਅਤੇ ਕੌਂਸਲਰਾਂ ਨੂੰ ਨੌਜਵਾਨਾਂ ਵਿੱਚ ਨਸ਼ਿਆਂ ਦੀ ਪਛਾਣ ਅਤੇ ਰੋਕਥਾਮ ਸਬੰਧੀ ਦਿੱਤੀ ਸਿਖਲਾਈ

ਨਸ਼ਿਆਂ ਤੋਂ ਬਚਾਅ ਲਈ ਵਿਦਿਆਰਥੀਆਂ ਦੀ ਸਮੇਂ ਸਿਰ ਪਛਾਣ, ਕਾਊਂਸਲਿੰਗ ਅਤੇ ਮਾਹਿਰਾਂ ਦੀ ਸਹਾਇਤਾ ਜ਼ਰੂਰੀ: ਡਿਪਟੀ ਕਮਿਸ਼ਨਰ ਸਾਗਰ ਸੇਤੀਆ

.

Admin user - Oct 15, 2026 01:20 PM
IMG

ਜਗਦੀਸ਼ ਥਿੰਦ 
ਮੋਗਾ, 15 ਅਕਤੂਬਰ:

ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵੱਲੋਂ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਮਿਸ਼ਨ ਸਾਰਥੀ – ‘ਜੋ ਦੂਜਿਆਂ ਨੂੰ ਰਾਹ ਦਿਖਾਉਂਦੇ ਹਨ, ਉਨ੍ਹਾਂ ਦਾ ਮਾਰਗਦਰਸ਼ਨ’ ਤਹਿਤ ਨਸ਼ਿਆਂ ਸਬੰਧੀ ਜਾਗਰੂਕਤਾ ਅਤੇ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ 43 ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਗਾਈਡੈਂਸ ਕੌਂਸਲਰਾਂ ਨੇ ਸ਼ਮੂਲੀਅਤ ਕੀਤੀ।

ਜ਼ਿਲ੍ਹੇ ਵਿੱਚ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੋਗਾ ਜ਼ਿਲ੍ਹੇ ਦੇ 20 ਖੇਤਰਾਂ ਨੂੰ ਵਿਸ਼ੇਸ਼ ਧਿਆਨ ਦੇਣ ਲਈ ਚੁਣਿਆ ਗਿਆ ਹੈ। ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਜਾਗਰੂਕਤਾ, ਕਾਊਂਸਲਿੰਗ ਅਤੇ ਰੋਕਥਾਮ ਸਬੰਧੀ ਉਪਰਾਲਿਆਂ ਨੂੰ ਮਜ਼ਬੂਤ ਕਰਨਾ ਹੈ। ਮਿਸ਼ਨ ਸਾਰਥੀ ਦੀ ਸ਼ੁਰੂਆਤ ਸਕੂਲਾਂ ਵਿੱਚ ਕਰੀਅਰ ਕਾਊਂਸਲਿੰਗ ਅਤੇ ਵਿਦਿਆਰਥੀਆਂ ਦੀ ਸਹੀ ਰਹਿਨੁਮਾਈ ਦੇ ਨਾਲ-ਨਾਲ ਨਸ਼ਿਆਂ ਸਬੰਧੀ ਜਾਗਰੂਕਤਾ ਅਤੇ ਮੁੱਢਲੇ ਪੱਧਰ ’ਤੇ ਸਮੇਂ ਸਿਰ ਦਖ਼ਲ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਕੀਤੀ ਗਈ ਹੈ।

ਸਿਖਲਾਈ ਪ੍ਰੋਗਰਾਮ ਦੌਰਾਨ ਸ੍ਰੀ ਦੀਪ ਕਾਲੜਾ, ਡਾਇਰੈਕਟਰ, ਐਕਟ ਹਿਊਮਨ; ਡਾ. ਗੌਰਵਪ੍ਰੀਤ ਸਿੰਘ, ਪੀ.ਸੀ.ਐੱਮ.ਐੱਸ., ਡਿਪਟੀ ਮੈਡੀਕਲ ਕਮਿਸ਼ਨਰ, ਮੋਗਾ; ਡਾ. ਚਰਨਪ੍ਰੀਤ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਅਤੇ ਮਨੋਚਿਕਿਤਸਕ; ਡਾ. ਰਵਿਸ਼ ਅਰੋੜਾ, ਐੱਮ.ਡੀ., ਡਾਇਰੈਕਟਰ, ਗਲੋਬਲ ਚਾਈਲਡ ਵੈੱਲਨੈੱਸ ਇੰਸਟੀਚਿਊਟ (ਜੀ.ਸੀ.ਡਬਲਿਊ.ਆਈ.), ਲੁਧਿਆਣਾ ਅਤੇ ਸ੍ਰੀ ਸਚਿਨ ਕੁਮਾਰ, ਸੀਨੀਅਰ ਮਨੋਵਿਗਿਆਨੀ ਅਤੇ ਸੈਂਟਰ ਹੈੱਡ, ਜੀ.ਸੀ.ਡਬਲਿਊ.ਆਈ., ਮੋਗਾ ਵੱਲੋਂ ਮਾਹਿਰ ਸੈਸ਼ਨ ਲਏ ਗਏ।

ਸਿਖਲਾਈ ਦੌਰਾਨ ਕਿਸ਼ੋਰ ਉਮਰ ਦੇ ਬੱਚਿਆਂ ਵਿੱਚ ਨਸ਼ਿਆਂ ਦੀ ਵਰਤੋਂ, ਨਸ਼ਿਆਂ ਪ੍ਰਤੀ ਸੰਵੇਦਨਸ਼ੀਲ ਅਤੇ ਜੋਖ਼ਮ ਵਾਲੇ ਵਿਦਿਆਰਥੀਆਂ ਦੀ ਪਛਾਣ, ਵਿਹਾਰਕ ਅਤੇ ਡਾਕਟਰੀ ਸੰਕੇਤਾਂ ਨੂੰ ਸਮਝਣ, ਮਨੋਵਿਗਿਆਨਕ ਕਾਊਂਸਲਿੰਗ ਦੀਆਂ ਤਕਨੀਕਾਂ, ਦੋਸਤਾਂ ਦੇ ਦਬਾਅ ਨਾਲ ਨਜਿੱਠਣ, ਅਸਲ ਮਾਮਲਿਆਂ ’ਤੇ ਆਧਾਰਿਤ ਅਧਿਐਨ ਅਤੇ ਲੋੜ ਪੈਣ ’ਤੇ ਮਾਹਿਰ ਇਲਾਜ ਤੇ ਮੁੜ-ਵਸੇਬੇ ਲਈ ਰੈਫ਼ਰ ਕਰਨ ਦੀ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਸਾਗਰ ਸੇਤੀਆ, ਆਈ.ਏ.ਐੱਸ. ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਿਦਿਆਰਥੀਆਂ ਦੇ ਸੱਚੇ ਅਰਥਾਂ ਵਿੱਚ ‘ਸਾਰਥੀ’ ਬਣਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦਾ ਬੱਚਿਆਂ ਨਾਲ ਰੋਜ਼ਾਨਾ ਸੰਪਰਕ ਹੁੰਦਾ ਹੈ, ਜਿਸ ਕਾਰਨ ਉਹ ਵਿਦਿਆਰਥੀਆਂ ਦੇ ਵਿਹਾਰ ਵਿੱਚ ਆਉਣ ਵਾਲੀਆਂ ਤਬਦੀਲੀਆਂ ਅਤੇ ਨਸ਼ਿਆਂ ਵੱਲ ਵਧਣ ਦੇ ਮੁੱਢਲੇ ਸੰਕੇਤਾਂ ਨੂੰ ਸਮੇਂ ਸਿਰ ਪਛਾਣਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਹੀ ਰਹਿਨੁਮਾਈ, ਹਮਦਰਦੀ ਅਤੇ ਸਮੇਂ ਸਿਰ ਸਹਾਇਤਾ ਪ੍ਰਦਾਨ ਕਰਕੇ ਨਸ਼ਿਆਂ ਦੀ ਸਮੱਸਿਆ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਉਪਰਾਲੇ ਕੀਤੇ ਜਾ ਸਕਦੇ ਹਨ।

ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰ ਜਸਪਿੰਦਰ ਸਿੰਘ, ਆਈ.ਏ.ਐੱਸ. ਨੇ ਸਾਰੇ ਸਕੂਲ ਪ੍ਰਿੰਸੀਪਲਾਂ ਅਤੇ ਗਾਈਡੈਂਸ ਕੌਂਸਲਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਸਕੂਲਾਂ ਵਿੱਚ ਅਜਿਹੀ ਵਿਵਸਥਾ ਸਥਾਪਤ ਕਰਨ, ਜਿਸ ਰਾਹੀਂ ਨਸ਼ਿਆਂ ਦੇ ਜੋਖ਼ਮ ਵਾਲੇ ਵਿਦਿਆਰਥੀਆਂ ਦੀ ਮੁੱਢਲੇ ਪੱਧਰ ’ਤੇ ਪਛਾਣ, ਸੰਵੇਦਨਸ਼ੀਲ ਢੰਗ ਨਾਲ ਕਾਊਂਸਲਿੰਗ, ਮਾਪਿਆਂ ਦੀ ਸ਼ਮੂਲੀਅਤ ਅਤੇ ਲੋੜ ਅਨੁਸਾਰ ਮਾਹਿਰਾਂ ਦੀ ਸਹਾਇਤਾ ਸਮੇਂ ਸਿਰ ਯਕੀਨੀ ਬਣਾਈ ਜਾ ਸਕੇ।

ਜ਼ਿਲ੍ਹਾ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਕਿ ਮਿਸ਼ਨ ਸਾਰਥੀ ਰਾਹੀਂ ਸਕੂਲਾਂ ਨੂੰ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵਿੱਚ ਸਰਗਰਮ ਭਾਈਵਾਲ ਬਣਾਉਣ ਅਤੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਲਈ ਯਤਨ ਕੀਤੇ ਜਾਣਗੇ।

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.