ਤਾਜਾ ਖਬਰਾਂ
ਜਗਦੀਸ਼ ਥਿੰਦ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 7 ਅਕਤੂਬਰ:
‘ਖੇਡਾਂ ਵਤਨ ਪੰਜਾਬ ਦੀਆਂ-2026’ ਸੀਜ਼ਨ-4 ਤਹਿਤ ਚੱਲ ਰਹੇ ਖੇਡ ਮੁਕਾਬਲਿਆਂ ਦੇ ਹਿੱਸੇ ਵਜੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਕਰਾਟੇ, ਘੁੜਸਵਾਰੀ ਅਤੇ ਨਿਸ਼ਾਨੇਬਾਜ਼ੀ ਦੇ ਰਾਜ ਪੱਧਰੀ ਮੁਕਾਬਲੇ ਕਰਵਾਏ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿਸ ਲਿੰਧੀਆ ਏ.ਐਨ., ਆਈ.ਏ.ਐਸ. (ਸਿਖਲਾਈ ਅਧੀਨ), ਨੇ ਦੱਸਿਆ ਕਿ ਕਰਾਟੇ ਦੇ ਪੁਰਸ਼ ਅਤੇ ਮਹਿਲਾ ਵਰਗ ਦੇ ਮੁਕਾਬਲੇ 10 ਤੋਂ 15 ਅਕਤੂਬਰ ਤੱਕ ਖੇਡ ਭਵਨ, ਸੈਕਟਰ-78, ਮੋਹਾਲੀ ਵਿਖੇ ਕਰਵਾਏ ਜਾਣਗੇ। ਘੁੜਸਵਾਰੀ ਦੇ ਮੁਕਾਬਲੇ 15 ਤੋਂ 17 ਅਕਤੂਬਰ ਤੱਕ 'ਦ ਰੈਂਚ, ਪੱਲਣਪੁਰ' ਵਿਖੇ ਹੋਣਗੇ, ਜਦਕਿ ਨਿਸ਼ਾਨੇਬਾਜ਼ੀ ਦੇ ਮੁਕਾਬਲੇ ਨਵੰਬਰ ਮਹੀਨੇ ਫੇਸ 6 ਦੀ ਸ਼ੂਟਿੰਗ ਰੇਂਜ ਵਿੱਚ ਕਰਵਾਏ ਜਾਣਗੇ।
ਮੁਕਾਬਲਿਆਂ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਹੋਈ ਮੀਟਿੰਗ ਦੌਰਾਨ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਨੇ ਕਰਾਟੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਆਉਣ ਵਾਲੇ ਖਿਡਾਰੀਆਂ ਲਈ ਰਾਤ ਦੇ ਠਹਿਰਾਅ ਦੇ ਢੁਕਵੇਂ ਪ੍ਰਬੰਧ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਨਿਰਧਾਰਤ ਸਥਾਨਾਂ ’ਤੇ ਮੈਡੀਕਲ ਟੀਮਾਂ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਅਤੇ ਸਫ਼ਾਈ ਦੇ ਲੋੜੀਂਦੇ ਪ੍ਰਬੰਧਾਂ ਨੂੰ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ।
ਮੀਟਿੰਗ ਵਿੱਚ ਸ਼ਾਮਲ ਹੋਏ ਐਸ.ਪੀ. (ਐੱਚ.) ਨਵਰੀਤ ਸਿੰਘ ਨੇ ਆਉਣ ਵਾਲੇ ਮੁਕਾਬਲਿਆਂ ਲਈ ਲੋੜੀਂਦੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ।
ਨਗਰ ਨਿਗਮ ਮੋਹਾਲੀ ਦੇ ਕਮਿਸ਼ਨਰ ਮਨਪ੍ਰੀਤ ਸਿੰਘ ਨੇ ਮੁਕਾਬਲਿਆਂ ਦੇ ਸਥਾਨਾਂ ’ਤੇ ਸਫ਼ਾਈ ਸਬੰਧੀ ਲੋੜੀਂਦੇ ਪ੍ਰਬੰਧ ਕਰਨ ਦਾ ਭਰੋਸਾ ਦਿੱਤਾ।
ਸਿਵਲ ਸਰਜਨ ਦਫਤਰ ਤੋਂ ਆਏ ਡਾਕਟਰ ਹਰਮਨ ਬਰਾੜ ਨੇ ਇਹਨਾਂ ਮੁਕਾਬਲਿਆਂ ਦੌਰਾਨ ਲੋੜੀਂਦੀ ਗਿਣਤੀ ਵਿੱਚ ਮੈਡੀਕਲ ਟੀਮਾਂ ਦੀ ਤਾਇਨਾਤੀ ਦਾ ਜਿੰਮਾ ਲਿਆ।
ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਐਸ.ਏ.ਐਸ. ਨਗਰ, ਡਾ. ਭੁਪਿੰਦਰ ਸਿੰਘ ਨੇ ਘੁੜਸਵਾਰੀ ਮੁਕਾਬਲਿਆਂ ਦੌਰਾਨ ਪਸ਼ੂ ਡਾਕਟਰੀ ਟੀਮਾਂ ਦੀ ਉਪਲਬਧਤਾ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ।
ਮੀਟਿੰਗ ਵਿੱਚ ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ਵਰੀ ਸ਼ਰਮਾ, ਜ਼ਿਲ੍ਹਾ ਮੰਡੀ ਅਫ਼ਸਰ ਗਗਨਦੀਪ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਦਫ਼ਤਰ ਤੋਂ ਜ਼ਿਲ੍ਹਾ ਖੇਡ ਕੋਆਰਡੀਨੇਟਰ ਇੰਦੂ ਬਾਲਾ ਸਮੇਤ ਹੋਰ ਸਬੰਧਤ ਅਧਿਕਾਰੀ ਹਾਜ਼ਰ ਸਨ।
Get all latest content delivered to your email a few times a month.