IMG-LOGO
ਹੋਮ ਪੰਜਾਬ : ਪੰਜਾਬ ਦੇ ਹਿੰਦੀ ਸਾਹਿਤਕਾਰਾਂ ਦਾ ਹੋਇਆ ਸਨਮਾਨ, ਗੁਰੂ ਨਾਨਕ ਦੇਵ...

ਪੰਜਾਬ ਦੇ ਹਿੰਦੀ ਸਾਹਿਤਕਾਰਾਂ ਦਾ ਹੋਇਆ ਸਨਮਾਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਵਿਸ਼ੇਸ਼ ਸਮਾਗਮ

25 ਸਾਹਿਤਕਾਰਾਂ ਨੂੰ ‘ਪੰਜਾਬ ਹਿੰਦੀ ਸਾਹਿਤ ਰਤਨ’ ਅਤੇ 3 ਸਾਹਿਤਕਾਰਾਂ ਨੂੰ ਵਿਸ਼ੇਸ਼ ਸ਼੍ਰੇਣੀ ਦੇ ਸਨਮਾਨ ਨਾਲ ਕੀਤਾ ਗਿਆ ਸਨਮਾਨਿਤ

.

Admin user - Oct 07, 2026 12:47 PM
IMG

ਜਗਦੀਸ਼ ਥਿੰਦ

ਅੰਮ੍ਰਿਤਸਰ 07 ਅਕਤੂਬਰ 2026 -

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵੱਲੋਂ ‘ਹਿੰਦੀ ਪਖਵਾੜਾ-2026’ ਤਹਿਤ ਪੰਜਾਬ ਦੇ 25 ਪ੍ਰਸਿੱਧ ਸਾਹਿਤਕਾਰਾਂ ਨੂੰ ‘ਪੰਜਾਬ ਹਿੰਦੀ ਸਾਹਿਤ ਰਤਨ’ ਸਨਮਾਨ ਅਤੇ 3 ਸਾਹਿਤਕਾਰਾਂ ਨੂੰ ਵਿਸ਼ੇਸ਼ ਸ਼੍ਰੇਣੀ ਦੇ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਪੰਜਾਬ ਦੀ ਹਿੰਦੀ ਸਾਹਿਤਕ ਪਰੰਪਰਾ ਨੂੰ ਅਮੀਰ ਕਰਨ ਵਾਲੇ ਸਾਹਿਤਕਾਰਾਂ ਦੇ ਯੋਗਦਾਨ ਨੂੰ ਸਨਮਾਨ ਦੇਣ ਦੇ ਉਦੇਸ਼ ਨਾਲ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਦੇ ਮੁਖੀ ਪ੍ਰੋ. ਸੁਨੀਲ ਕੁਮਾਰ ਨੇ ਕਿਹਾ ਕਿ ਪੰਜਾਬ ਦੇ ਇਨ੍ਹਾਂ ਸਾਹਿਤਕਾਰਾਂ ਨੇ ਆਪਣੀ ਰਚਨਾਤਮਕਤਾ, ਸਾਹਿਤ-ਸਾਧਨਾ ਅਤੇ ਸਮਾਜਿਕ ਸਰੋਕਾਰਾਂ ਰਾਹੀਂ ਹਿੰਦੀ ਭਾਸ਼ਾ ਅਤੇ ਸਾਹਿਤ ਨੂੰ ਵੱਡਾ ਯੋਗਦਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੀ ਪ੍ਰੇਰਣਾ ਅਤੇ ਸੁਚੱਜੀ ਅਗਵਾਈ ਹੇਠ ਹਿੰਦੀ ਵਿਭਾਗ ਵੱਲੋਂ ਲਗਾਤਾਰ ਸਾਹਿਤਕ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ, ਤਾਂ ਜੋ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ।
ਸਮਾਗਮ ਦੇ ਕਨਵੀਨਰ ਪ੍ਰੋ. ਸੁਨੀਲ ਕੁਮਾਰ ਨੇ ਅਜਿਹੇ ਸਨਮਾਨ ਸਮਾਗਮ ਕਿਸੇ ਵਿਅਕਤੀ ਵਿਸ਼ੇਸ਼ ਨੂੰ ਯਾਦ ਕਰਨ ਦੇ ਨਾਲ-ਨਾਲ ਉਸ ਦੇ ਸਾਹਿਤਕ ਅਤੇ ਬੌਧਿਕ ਯੋਗਦਾਨ ਨੂੰ ਵੱਡੇ ਸਮਾਜ ਤੱਕ ਪਹੁੰਚਾਉਣ ਦਾ ਸਾਧਨ ਵੀ ਬਣਦੇ ਹਨ। ਉਨ੍ਹਾਂ ਪ੍ਰੋ. ਰਾਮਸਜਨ ਪਾਂਡੇ ਦੇ ਵਿਅਕਤਿਤਵ ਅਤੇ ਕ੍ਰਿਤਿਤਵ ਨੂੰ ਹਿੰਦੀ ਸਾਹਿਤ ਦੀ ਆਲੋਚਨਾਤਮਕ ਪਰੰਪਰਾ ਦੀ ਮਹੱਤਵਪੂਰਨ ਕੜੀ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਵਿਚਾਰਾਂ ਅਤੇ ਸਾਹਿਤਕ ਦ੍ਰਿਸ਼ਟੀ ’ਤੇ ਗੰਭੀਰ ਵਿਚਾਰ-ਵਟਾਂਦਰਾ ਅੱਜ ਦੀ ਪੀੜ੍ਹੀ ਲਈ ਵਿਸ਼ੇਸ਼ ਤੌਰ ’ਤੇ ਲਾਹੇਵੰਦ ਹੈ।
‘ਪੰਜਾਬ ਹਿੰਦੀ ਸਾਹਿਤ ਰਤਨ’ ਸਨਮਾਨ ਨਾਲ ਸਨਮਾਨਿਤ ਕੀਤੇ ਜਾਣ ਵਾਲੇ ਸਾਹਿਤਕਾਰਾਂ ਵਿੱਚ ਪਦਮਸ਼੍ਰੀ ਪ੍ਰੋ. ਹਰਮੋਹਿੰਦਰ ਸਿੰਘ ਬੇਦੀ, ਪ੍ਰੋ. ਵਿਨੋਦ ਤਨੇਜਾ, ਸ੍ਰੀ ਗੋਪਾਲ ਕ੍ਰਿਸ਼ਨ ਸ਼ਰਮਾ ‘ਫਿਰੋਜ਼ਪੁਰੀ’, ਡਾ. ਅਜੈ ਸ਼ਰਮਾ, ਸ੍ਰੀ ਪ੍ਰੇਮ ਵਿਜ, ਸ੍ਰੀ ਅਸ਼ੋਕ ਭੰਡਾਰੀ ‘ਨਾਦਿਰ’, ਸ੍ਰੀ ਸੈਲੀ ਬਲਜੀਤ, ਪ੍ਰੋ. ਮਧੁ ਸੰਧੂ, ਡਾ. ਵੀਣਾ ਵਿਜ, ਡਾ. ਪ੍ਰੋਮਿਲਾ ਅਰੋੜਾ, ਡਾ. ਸੁਰੇਸ਼ ਸੇਠ, ਸ੍ਰੀ ਸਿਮਰ ਸਦੋਸ਼, ਡਾ. ਲੇਖਰਾਜ ਸ਼ਰਮਾ, ਪ੍ਰੋ. ਮੋਹਨ ਸਪਰਾ, ਡਾ. ਰਾਜੇਂਦਰ ਟੋਕੀ, ਡਾ. ਨਿਰਮਲ ਕੌਸ਼ਿਕ, ਡਾ. ਤਰਸੇਮ ਗੁਜਰਾਲ, ਪ੍ਰੋ. ਸੀਮਾ ਜੈਨ, ਡਾ. ਸਰਲਾ ਭਾਰਦਵਾਜ, ਡਾ. ਧਰਮਪਾਲ ਸਾਹਿਲ, ਡਾ. ਵਿਨੋਦ ਕਾਲਰਾ, ਡਾ. ਰਾਕੇਸ਼ ਪ੍ਰੇਮ, ਸ੍ਰੀ ਮਨੋਜ ਧੀਮਾਨ, ਪ੍ਰੋ. ਵਿਨੋਦ ਕੁਮਾਰ ਅਤੇ ਡਾ. ਸੰਜੀਵ ਡਾਵਰ ਸ਼ਾਮਲ ਸਨ।
ਇਸ ਤੋਂ ਇਲਾਵਾ ਸਾਹਿਤ ਅਤੇ ਖੋਜ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਲਈ ਪ੍ਰੋ. ਰਵੀ ਕੁਮਾਰ ‘ਅਨੁ’ ਨੂੰ ਸਾਲ 2026 ਦਾ ‘ਪ੍ਰੋ. ਰਾਮਸਜਨ ਪਾਂਡੇ ਯਾਦਗਾਰੀ ਸਨਮਾਨ’, ਪ੍ਰੋ. ਸੁਖਵਿੰਦਰ ਕੌਰ ਬਾਠ ਨੂੰ ‘ਪੰਜਾਬ ਲੋਕਧਾਰਾ ਹਿੰਦੀ ਸਨਮਾਨ’ ਅਤੇ ਡਾ. ਬਿਹਾਰੀ ਝਾਅ ਨੂੰ ‘ਰਾਜਭਾਸ਼ਾ ਹਿੰਦੀ ਕਾਰਜਾਨਵਿਅਨ ਉੱਤਮਤਾ ਸਨਮਾਨ’ ਪ੍ਰਦਾਨ ਕੀਤਾ ਗਿਆ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਬਕਾ ਹਿੰਦੀ ਵਿਭਾਗ ਮੁਖੀ ਪ੍ਰੋ. ਰਵੀ ਕੁਮਾਰ ‘ਅਨੁ’ ਨੇ ਆਪਣੇ ਸੰਬੋਧਨ ਵਿੱਚ ਪ੍ਰਸਿੱਧ ਆਲੋਚਕ ਅਤੇ ਵਿਦਵਾਨ ਪ੍ਰੋ. ਰਾਮਸਜਨ ਪਾਂਡੇ ਨਾਲ ਜੁੜੀਆਂ ਆਪਣੀਆਂ ਨਿੱਜੀ ਯਾਦਾਂ ਅਤੇ ਤਜਰਬੇ ਸਾਂਝੇ ਕਰਦਿਆਂ ਉਨ੍ਹਾਂ ਦੇ ਵਿਦਵਤਾਪੂਰਨ ਅਤੇ ਮਨੁੱਖੀ ਪੱਖਾਂ ਨੂੰ ਉਜਾਗਰ ਕੀਤਾ।
ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ, ਧਰਮਸ਼ਾਲਾ ਦੇ ਕੁਲਪਤੀ ਪਦਮਸ਼੍ਰੀ ਪ੍ਰੋ. ਹਰਮੋਹਿੰਦਰ ਸਿੰਘ ਬੇਦੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪ੍ਰੋ. ਰਾਮਸਜਨ ਪਾਂਡੇ ਦੇ ਸਾਹਿਤਕ ਯੋਗਦਾਨ ਅਤੇ ਹਿੰਦੀ ਆਲੋਚਨਾ ਦੇ ਖੇਤਰ ਵਿੱਚ ਉਨ੍ਹਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਦਵਾਨ ਦੀ ਅਸਲ ਪਛਾਣ ਉਸ ਦੇ ਵਿਆਪਕ ਅਧਿਐਨ, ਮੌਲਿਕ ਚਿੰਤਨ ਅਤੇ ਸਾਹਿਤ ਪ੍ਰਤੀ ਉਸ ਦੀ ਵਚਨਬੱਧਤਾ ਨਾਲ ਬਣਦੀ ਹੈ ਅਤੇ ਪ੍ਰੋ. ਪਾਂਡੇ ਦਾ ਵਿਅਕਤਿਤਵ ਇਨ੍ਹਾਂ ਸਾਰੀਆਂ ਵਿਸ਼ੇਸ਼ਤਾਵਾਂ ਦਾ ਸੁਮੇਲ ਸੀ।
ਮੁੱਖ ਮਹਿਮਾਨ ਵਜੋਂ ਗੌੜ ਬ੍ਰਾਹਮਣ ਡਿਗਰੀ ਕਾਲਜ, ਰੋਹਤਕ ਦੀ ਸਾਬਕਾ ਹਿੰਦੀ ਵਿਭਾਗ ਮੁਖੀ ਡਾ. ਅੰਜੂ ਸ਼ਰਮਾ ਨੇ ਪ੍ਰੋ. ਰਾਮਸਜਨ ਪਾਂਡੇ ਦੇ ਵਿਅਕਤਿਤਵ ਅਤੇ ਕ੍ਰਿਤਿਤਵ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸਾਹਿਤਕ ਯੋਗਦਾਨ ਹਿੰਦੀ ਆਲੋਚਨਾ ਦੀ ਸਮਰਿੱਧ ਪਰੰਪਰਾ ਦਾ ਮਹੱਤਵਪੂਰਨ ਹਿੱਸਾ ਹੈ।
ਵਿਸ਼ੇਸ਼ ਮਹਿਮਾਨ ਵਜੋਂ ਸਥਾਈ ਲੋਕ ਅਦਾਲਤ (ਪੀ.ਯੂ.ਐੱਸ.), ਅੰਮ੍ਰਿਤਸਰ ਦੇ ਸਾਬਕਾ ਚੇਅਰਮੈਨ ਸ੍ਰੀ ਨਰੇਸ਼ ਮੋਦਗਿਲ ਨੇ ਸਾਹਿਤਕਾਰਾਂ ਦੇ ਸਨਮਾਨ ਨੂੰ ਸਾਹਿਤ ਅਤੇ ਸਮਾਜ ਵਿਚਕਾਰ ਜੀਵੰਤ ਸਬੰਧ ਦਾ ਪ੍ਰਤੀਕ ਦੱਸਿਆ। ਉਨ੍ਹਾਂ ਕਿਹਾ ਕਿ ਸਾਹਿਤਕਾਰ ਆਪਣੀ ਰਚਨਾ ਰਾਹੀਂ ਸਮਾਜ ਦੀਆਂ ਸੰਵੇਦਨਾਵਾਂ, ਤਜਰਬਿਆਂ ਅਤੇ ਸਰੋਕਾਰਾਂ ਨੂੰ ਆਵਾਜ਼ ਦਿੰਦੇ ਹਨ।
ਸੰਪੰਨਤਾ ਮੌਕੇੇ ਡਾ. ਸੁਨੀਲ ਨੇ ਇਸ ਸਾਹਿਤਕ ਸਮਾਗਮ ਦੇ ਆਯੋਜਨ ਵਿੱਚ ਵਿਸ਼ੇਸ਼ ਸਹਿਯੋਗ ਲਈ ਯੂਨੀਵਰਸਿਟੀ ਪ੍ਰਸ਼ਾਸਨ ਸਮੇਤ ਡਾ. ਖੇਮਰਾਜ ਤੁਲੀ, ਤੁਲੀ ਹਾਰਟ ਕੇਅਰ ਸੈਂਟਰ, ਅੰਮ੍ਰਿਤਸਰ, ਆਰਕੀਟੈਕਟ ਨਿਖਿਲ ਰਾਵਰਾ, ਬੀ.ਆਰ. ਗਰੁੱਪ, ਅੰਮ੍ਰਿਤਸਰ, ਸ੍ਰੀਮਤੀ ਰਿੱਧਿਮਾ ਸਾਹਿਲ ਅਰੋੜਾ, ਆਰ.ਵੀ.ਐੱਸ. ਹੈਲਥ ਹੱਬ, ਅੰਮ੍ਰਿਤਸਰ ਅਤੇ ਰੋਟਰੇਕਟ ਕਲੱਬ, ਅੰਮ੍ਰਿਤਸਰ ਵੈਸਟ ਦਾ ਧੰਨਵਾਦ ਕੀਤਾ।
ਸਮਾਗਮ ਦਾ ਮੰਚ ਸੰਚਾਲਨ ਮੁਕੇਸ਼ ਕੁਮਾਰ, ਰਮਨ ਸ਼ਰਮਾ ਅਤੇ ਸ਼ਸ਼ੀ ਕੁਮਾਰੀ ਨੇ ਕੀਤਾ, ਜਦਕਿ ਧੰਨਵਾਦ ਦਾ ਮਤਾ ਪ੍ਰੋ. ਵਿਨੋਦ ਕੁਮਾਰ ਨੇ ਪੇਸ਼ ਕੀਤਾ।

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.