ਤਾਜਾ ਖਬਰਾਂ
ਜਗਦੀਸ਼ ਥਿੰਦ
ਤਲਵਾੜਾ: 5 ਅਕਤੂਬਰ
ਬੀਬੀਐਮਬੀ ਹਸਪਤਾਲ ਤਲਵਾੜਾ ਵਿਖੇ ਬਾਲ ਰੋਗ ਮਾਹਿਰ ਡਾ: ਗੁਣਦੀਪ (ਐਮਡੀ) ਦੀ ਤਾਇਨਾਤੀ ਹੋਈ ਹੈ ਅਤੇ ਉਨ੍ਹਾਂ ਵੱਲੋਂ ਹਸਪਤਾਲ ਵਿਖੇ ਆਪਣੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਹ ਜਾਣਕਾਰੀ ਮੁੱਖ ਇੰਜਨੀਅਰ ਰਾਕੇਸ ਗੁਪਤਾ ਨੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਬਾਲ ਰੋਗ ਮਾਹਿਰ ਦੀ ਤਾਇਨਾਤੀ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਸਹੁਲਤ ਹੋਵੇਗੀ।
ਦੂਜੇ ਪਾਸੇ ਬੀਬੀਐਮਬੀ ਦੇ ਸਿਹਤ ਜਾਗਰੂਕਤਾ ਪ੍ਰੋਗਰਾਮ ਤਹਿਤ ਨਵ ਨਿਯੁਕਤ ਡਾ: ਗੁਣਦੀਪ (ਐਮਡੀ) ਨੇ ਵਰਤਮਾਨ ਮੌਸਮ ਦੇ ਮੱਦੇਨਜਰ ਲੋਕਾਂ ਨੂੰ ਡੇਂਗੂ ਤੋਂ ਬਚਾਓ ਸਬੰਧੀ ਸਲਾਹ ਜਾਰੀ ਕੀਤੀ ਹੈ।
ਡਾ. ਗੁਣਦੀਪ ਨੇ ਦੱਸਿਆ ਕਿ ਡੇਂਗੂ ਇੱਕ ਵਾਇਰਲ ਬਿਮਾਰੀ ਹੈ, ਜੋ ਮੁੱਖ ਤੌਰ ’ਤੇ ਸੰਕਰਮਿਤ ਏਡੀਜ਼ ਮੱਛਰ ਦੇ ਕੱਟਣ ਨਾਲ ਫੈਲਦੀ ਹੈ। ਇਹ ਮੱਛਰ ਆਮ ਤੌਰ ’ਤੇ ਦਿਨ ਵੇਲੇ ਵੀ ਸਰਗਰਮ ਰਹਿੰਦਾ ਹੈ ਅਤੇ ਘਰਾਂ ਦੇ ਆਲੇ-ਦੁਆਲੇ ਖੜ੍ਹੇ ਸਾਫ਼ ਪਾਣੀ ਵਿੱਚ ਪੈਦਾ ਹੋ ਸਕਦਾ ਹੈ। ਬਰਸਾਤ ਤੋਂ ਬਾਅਦ ਪਾਣੀ ਇਕੱਠਾ ਹੋਣ ਵਾਲੀਆਂ ਥਾਵਾਂ ਮੱਛਰਾਂ ਦੇ ਪ੍ਰਜਨਨ ਲਈ ਅਨੁਕੂਲ ਬਣ ਜਾਂਦੀਆਂ ਹਨ।
ਉਨ੍ਹਾਂ ਦੱਸਿਆ ਕਿ ਡੇਂਗੂ ਵਿੱਚ ਆਮ ਤੌਰ ’ਤੇ ਤੇਜ਼ ਬੁਖਾਰ, ਸਿਰ ਦਰਦ, ਅੱਖਾਂ ਦੇ ਪਿੱਛੇ ਦਰਦ, ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ, ਮਤਲੀ ਜਾਂ ਉਲਟੀਆਂ ਅਤੇ ਸਰੀਰ ’ਤੇ ਧੱਫੜ ਵਰਗੇ ਲੱਛਣ ਹੋ ਸਕਦੇ ਹਨ। ਲੱਛਣ ਆਮ ਤੌਰ ’ਤੇ ਮੱਛਰ ਦੇ ਕੱਟਣ ਤੋਂ ਕੁਝ ਦਿਨ ਬਾਅਦ ਸਾਹਮਣੇ ਆ ਸਕਦੇ ਹਨ।
ਡਾ. ਗੁਣਦੀਪ ਨੇ ਖ਼ਾਸ ਤੌਰ ’ਤੇ ਕਿਹਾ ਕਿ ਬੁਖਾਰ ਘਟ ਜਾਣ ਨੂੰ ਹਮੇਸ਼ਾ ਠੀਕ ਹੋਣ ਦੀ ਨਿਸ਼ਾਨੀ ਨਹੀਂ ਸਮਝਣਾ ਚਾਹੀਦਾ। ਬੁਖਾਰ ਘਟਣ ਤੋਂ ਬਾਅਦ ਵੀ ਗੰਭੀਰ ਡੇਂਗੂ ਦੇ ਚੇਤਾਵਨੀ ਸੰਕੇਤ ਸਾਹਮਣੇ ਆ ਸਕਦੇ ਹਨ। ਜੇਕਰ ਮਰੀਜ਼ ਨੂੰ ਤੇਜ਼ ਪੇਟ ਦਰਦ, ਲਗਾਤਾਰ ਉਲਟੀਆਂ, ਨੱਕ ਜਾਂ ਮਸੂੜਿਆਂ ਵਿੱਚੋਂ ਖੂਨ ਆਉਣਾ, ਖੂਨ ਦੀ ਉਲਟੀ ਜਾਂ ਪਖਾਨੇ ਵਿੱਚ ਖੂਨ, ਬਹੁਤ ਜ਼ਿਆਦਾ ਕਮਜ਼ੋਰੀ, ਬੇਚੈਨੀ ਜਾਂ ਸਾਹ ਲੈਣ ਵਿੱਚ ਦਿੱਕਤ ਹੋਵੇ ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਘਰਾਂ ਅਤੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਕੂਲਰ, ਗਮਲੇ, ਪਾਣੀ ਦੀਆਂ ਟੈਂਕੀਆਂ, ਪੁਰਾਣੇ ਟਾਇਰਾਂ, ਡੱਬਿਆਂ ਅਤੇ ਹੋਰ ਪਾਣੀ ਇਕੱਠਾ ਕਰਨ ਵਾਲੀਆਂ ਵਸਤੂਆਂ ਦੀ ਨਿਯਮਤ ਤੌਰ ’ਤੇ ਸਫ਼ਾਈ ਕੀਤੀ ਜਾਵੇ ਅਤੇ ਪਾਣੀ ਵਾਲੇ ਭਾਂਡਿਆਂ ਨੂੰ ਢੱਕ ਕੇ ਰੱਖਿਆ ਜਾਵੇ। ਮੱਛਰਾਂ ਤੋਂ ਬਚਾਅ ਲਈ ਮੱਛਰ ਭਜਾਉਣ ਵਾਲੀ ਦਵਾਈ, ਪੂਰੇ ਬਾਂਹਾਂ ਵਾਲੇ ਕੱਪੜੇ ਅਤੇ ਲੋੜ ਅਨੁਸਾਰ ਮੱਛਰਦਾਨੀ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
ਡਾ. ਗੁਣਦੀਪ ਨੇ ਦੱਸਿਆ ਕਿ ਮਰੀਜ਼ ਨੂੰ ਆਰਾਮ ਕਰਨ, ਲੋੜੀਂਦੇ ਤਰਲ ਪਦਾਰਥ ਲੈਣ ਅਤੇ ਡਾਕਟਰ ਦੀ ਸਲਾਹ ਅਨੁਸਾਰ ਬੁਖਾਰ ਦੀ ਦਵਾਈ ਲੈਣੀ ਚਾਹੀਦੀ ਹੈ।ਉਨ੍ਹਾਂ ਮਾਪਿਆਂ ਨੂੰ ਖ਼ਾਸ ਅਪੀਲ ਕੀਤੀ ਕਿ ਬੱਚਿਆਂ ਵਿੱਚ ਤੇਜ਼ ਬੁਖਾਰ ਜਾਂ ਉਪਰੋਕਤ ਲੱਛਣ ਨਜ਼ਰ ਆਉਣ ’ਤੇ ਆਪਣੇ ਆਪ ਦਵਾਈ ਦੇਣ ਦੀ ਬਜਾਏ ਡਾਕਟਰ ਨਾਲ ਸਲਾਹ ਕੀਤੀ ਜਾਵੇ। ਲੋੜ ਪੈਣ ’ਤੇ ਡਾਕਟਰ ਦੀ ਸਲਾਹ ਅਨੁਸਾਰ ਖੂਨ ਦੀ ਜਾਂਚ ਅਤੇ ਹੋਰ ਜ਼ਰੂਰੀ ਟੈਸਟ ਕਰਵਾਏ ਜਾਣ।
ਅੰਤ ਵਿੱਚ ਡਾ. ਗੁਣਦੀਪ ਨੇ ਕਿਹਾ ਕਿ ਡੇਂਗੂ ਦੀ ਰੋਕਥਾਮ ਸਿਰਫ਼ ਇੱਕ ਵਿਅਕਤੀ ਦੀ ਨਹੀਂ, ਸਗੋਂ ਪੂਰੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਜੇਕਰ ਹਰ ਘਰ ਆਪਣੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦੇਵੇ ਅਤੇ ਮੱਛਰਾਂ ਤੋਂ ਬਚਾਅ ਦੇ ਉਪਾਅ ਅਪਣਾਏ ਤਾਂ ਡੇਂਗੂ ਦੇ ਫੈਲਾਅ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕਦਾ ਹੈ
Get all latest content delivered to your email a few times a month.