IMG-LOGO
ਹੋਮ ਪੰਜਾਬ : ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਏਆਈ ਯੁੱਗ ’ਚ ਕਰੀਅਰ ਦੀ...

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਏਆਈ ਯੁੱਗ ’ਚ ਕਰੀਅਰ ਦੀ ਤਿਆਰੀ’ ਬਾਰੇ ਅੰਤਰਰਾਸ਼ਟਰੀ ਮਾਹਿਰ ਲੈਕਚਰ

ਲੈਸਨਜ਼ ਫਾਰ ਕਰੀਅਰ ਰੈਡੀਨੈੱਸ ਇਨ ਦਾ ਏਆਈ ਏਰਾ’ ਵਿਸ਼ੇ ’ਤੇ ਅੰਤਰਰਾਸ਼ਟਰੀ ਮਾਹਿਰ ਲੈਕਚਰ ਕਰਵਾਇਆ ਗਿਆ।

NA

Admin user - Sep 29, 2026 05:42 PM
IMG

ਜਗਦੀਸ਼ ਥਿੰਦ
ਅੰਮ੍ਰਿਤਸਰ, 29 ਸਤੰਬਰ, 2026:

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਬਿਜ਼ਨਸ ਸਕੂਲ (ਯੂ.ਬੀ.ਐੱਸ.) ਦੀ ਪਲੇਸਮੈਂਟ ਅਤੇ ਇੰਟਰਨਸ਼ਿਪ ਕਮੇਟੀ ਵੱਲੋਂ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਸਰਪ੍ਰਸਤੀ ਹੇਠ ‘ਫਰੌਮ ਐਕਸਪੀਰੀਅੰਸ ਟੂ ਐਕਸੀਲੈਂਸ: ਲੈਸਨਜ਼ ਫਾਰ ਕਰੀਅਰ ਰੈਡੀਨੈੱਸ ਇਨ ਦਾ ਏਆਈ ਏਰਾ’ ਵਿਸ਼ੇ ’ਤੇ ਅੰਤਰਰਾਸ਼ਟਰੀ ਮਾਹਿਰ ਲੈਕਚਰ ਕਰਵਾਇਆ ਗਿਆ।

ਯੂਨੀਵਰਸਿਟੀ ਬਿਜ਼ਨਸ ਸਕੂਲ ਦੇ ਮੁਖੀ ਪ੍ਰੋ. ਵਿਕਰਮ ਸੰਧੂ ਨੇ ਕਾਰਡਿਫ ਮੈਟਰੋਪੋਲੀਟਨ ਯੂਨੀਵਰਸਿਟੀ, ਯੂ.ਕੇ. ਦੇ ਐਸੋਸੀਏਟ ਡੀਨ, ਇੰਟਰਨੈਸ਼ਨਲ ਐਂਡ ਪਾਰਟਨਰਸ਼ਿਪਸ, ਡਾ. ਮੁਕੁਲ ਮਦਾਹਰ ਦਾ ਨਿੱਘਾ ਸਵਾਗਤ ਕਰਦਿਆਂ ਵਿਦਿਆਰਥੀਆਂ ਲਈ ਆਪਣਾ ਕੀਮਤੀ ਸਮਾਂ ਦੇਣ ’ਤੇ ਧੰਨਵਾਦ ਕੀਤਾ। ਲੈਕਚਰ ਦੌਰਾਨ ਡਾ. ਮੁਕੁਲ ਮਦਾਹਰ ਨੇ ਏਆਈ ਆਧਾਰਿਤ ਬਦਲ ਰਹੇ ਵਿਸ਼ਵ ਵਿੱਚ ਕਰੀਅਰ ਸ਼ੁਰੂ ਕਰਨ ਸਬੰਧੀ ਆਪਣੇ ਤਜਰਬੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ।

ਡਾ. ਮਦਾਹਰ ਨੇ ਕਿਹਾ ਕਿ ਕਰੀਅਰ ਦਾ ਸਫ਼ਰ ਹਮੇਸ਼ਾ ਇੱਕ ਸਿੱਧੀ ਲਕੀਰ ਵਾਂਗ ਨਹੀਂ ਹੁੰਦਾ। ਉਨ੍ਹਾਂ ਵਿਦਿਆਰਥੀਆਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨ, ਬਦਲਦੇ ਹਾਲਾਤਾਂ ਅਨੁਸਾਰ ਆਪਣੇ ਆਪ ਨੂੰ ਢਾਲਣ ਅਤੇ ਲਗਾਤਾਰ ਸਿੱਖਦੇ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਸਿਰਫ਼ ਚੁਣੌਤੀ ਵਜੋਂ ਨਹੀਂ, ਸਗੋਂ ਇੱਕ ਸਾਧਨ ਅਤੇ ਮੌਕੇ ਵਜੋਂ ਦੇਖਿਆ ਜਾਣਾ ਚਾਹੀਦਾ ਹੈ।

ਆਪਣੇ ਨਿੱਜੀ ਸਫ਼ਰ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਕਿਵੇਂ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਤੋਂ ਅੰਤਰਰਾਸ਼ਟਰੀ ਅਕਾਦਮਿਕ ਜ਼ਿੰਮੇਵਾਰੀਆਂ ਨਿਭਾਉਣ ਤੱਕ ਦਾ ਸਫ਼ਰ ਤੈਅ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਵਿਲੱਖਣ ਪੇਸ਼ੇਵਰ ਪਛਾਣ ਬਣਾਉਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਤਜਰਬਾ ਸਿਰਫ਼ ਕਿਸੇ ਪੇਸ਼ੇ ਵਿੱਚ ਬਿਤਾਏ ਸਾਲਾਂ ਦੀ ਗਿਣਤੀ ਨਾਲ ਨਹੀਂ ਮਾਪਿਆ ਜਾਂਦਾ, ਸਗੋਂ ਇਸ ਗੱਲ ਨਾਲ ਮਾਪਿਆ ਜਾਂਦਾ ਹੈ ਕਿ ਵਿਅਕਤੀ ਨੇ ਕੀ ਕੀਤਾ, ਕਿਹੋ ਜਿਹਾ ਪ੍ਰਭਾਵ ਪੈਦਾ ਕੀਤਾ ਅਤੇ ਉਸ ਨੇ ਆਪਣੇ ਤਜਰਬਿਆਂ ਤੋਂ ਕੀ ਸਿੱਖਿਆ।

ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀਆਂ ਤਾਕਤਾਂ ਦੀ ਪਛਾਣ ਕਰਨ, ਅਰਥਪੂਰਨ ਯੋਗਦਾਨ ਰਾਹੀਂ ਆਪਣੇ ਆਪ ਨੂੰ ਦੂਜਿਆਂ ਤੋਂ ਵੱਖਰਾ ਬਣਾਉਣ ਅਤੇ ਤਕਨੀਕੀ ਸਮਰੱਥਾਵਾਂ ਦੇ ਨਾਲ ਮਨੁੱਖੀ ਪੱਖ ਦੀ ਮਹੱਤਤਾ ਨੂੰ ਸਮਝਣ ਲਈ ਪ੍ਰੇਰਿਤ ਕੀਤਾ। ਇਸ ਮੌਕੇ 150 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।

ਲੈਕਚਰ ਦਾ ਤਾਲਮੇਲ ਡਾ. ਦਿਲਪ੍ਰੀਤ ਕੌਰ, ਕੋਆਰਡੀਨੇਟਰ, ਪਲੇਸਮੈਂਟ ਅਤੇ ਇੰਟਰਨਸ਼ਿਪ ਕਮੇਟੀ ਵੱਲੋਂ ਕੀਤਾ ਗਿਆ। ਵਿਦਿਆਰਥੀਆਂ ਲਈ ਅਜਿਹੇ ਮੌਕੇ ਪੈਦਾ ਕਰਨ ਲਈ ਡਾ. ਅਭਾ ਭੱਲਾ, ਡਾ. ਸੰਜੀਵ, ਡਾ. ਸਿਮਰਨ ਬੇਦੀ ਅਤੇ ਸ੍ਰੀਮਤੀ ਅਕਾਂਕਸ਼ਾ ਚੋਪੜਾ ਦੇ ਯਤਨਾਂ ਦੀ ਵਿਸ਼ੇਸ਼ ਸ਼ਲਾਘਾ ਕੀਤੀ ਗਈ। ਯੂਨੀਵਰਸਿਟੀ ਬਿਜ਼ਨਸ ਸਕੂਲ ਵੱਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਕਰੀਅਰ ਲਈ ਤਿਆਰੀ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਭਵਿੱਖ ਵਿੱਚ ਵੀ ਅਜਿਹੇ ਸੰਵਾਦਾਤਮਕ ਸੈਸ਼ਨ ਕਰਵਾਉਣ ਲਈ ਆਪਣੀ ਵਚਨਬੱਧਤਾ ਪ੍ਰਗਟਾਈ ਗਈ।

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.