IMG-LOGO
ਹੋਮ ਪੰਜਾਬ : ਗੁਰੂ ਸਾਹਿਬ 'ਤੇ ਚਵਰ ਦੀ ਸੇਵਾ ਕਰ ਰਹੀ ਗੁਰਸਿੱਖ ਬੀਬੀ...

ਗੁਰੂ ਸਾਹਿਬ 'ਤੇ ਚਵਰ ਦੀ ਸੇਵਾ ਕਰ ਰਹੀ ਗੁਰਸਿੱਖ ਬੀਬੀ 'ਤੇ ਕਿਰਪਾਨ ਨਾਲ ਹਮਲਾ

ਗੁਰਦੁਆਰੇ ਅੰਦਰੋਂ ਹੀ ਚੁੱਕੀ ਸੀ ਕਿਰਪਾਨ

ਪੰਜਾਬ ਪੁਲਿਸ ਅਤੇ ਸ਼੍ਰੋਮਣੀ ਕਮੇਟੀ ਤੋਂ ਕੀਤੀ ਗਈ ਸਖ਼ਤ ਕਾਰਵਾਈ ਦੀ ਮੰਗ

Admin user - Sep 26, 2026 06:22 PM
IMG

ਬੋਲਦਾ ਪੰਜਾਬ ਬਿਊਰੋ 
ਗੁਰੂਹਰਸਹਾਏ / ਫਿਰੋਜ਼ਪੁਰ, 26 ਸਤੰਬਰ 2026:

ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਪਿੰਡ ਸੋਹਣਗੜ੍ਹ ਰੱਤੇਵਾਲਾ ਵਿੱਚ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਇੱਕ ਵਿਅਕਤੀ ਅਤੇ ਉਸ ਦੀ ਪਤਨੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਚਵਰ ਦੀ ਸੇਵਾ ਕਰ ਰਹੀ ਅੰਮ੍ਰਿਤਧਾਰੀ ਬੀਬੀ 'ਤੇ ਗੁਰੂ ਸਾਹਿਬ ਦੇ ਸਾਹਮਣੇ ਪਏ ਸ਼ਸਤਰਾਂ ਵਿੱਚੋਂ ਕਿਰਪਾਨ ਚੁੱਕ ਕੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾ ਇੰਨਾ ਖ਼ਤਰਨਾਕ ਸੀ ਕਿ ਬੀਬੀ ਨੂੰ ਦੌੜ ਕੇ ਗ੍ਰੰਥੀ ਸਿੰਘ ਦੇ ਰਿਹਾਇਸ਼ੀ ਕਮਰੇ ਵਿੱਚ ਲੁਕ ਕੇ ਆਪਣੀ ਜਾਨ ਬਚਾਉਣੀ ਪਈ। ਇਸ ਦੌਰਾਨ ਉਕਤ ਵਿਅਕਤੀ ਵੱਲੋਂ ਬੀਬੀ ਨੂੰ ਜਾਤੀਸੂਚਕ ਗਾਲ੍ਹਾਂ ਵੀ ਕੱਢੀਆਂ ਗਈਆਂ।
ਮਿਲੀ ਜਾਣਕਾਰੀ ਅਨੁਸਾਰ, ਪ੍ਰਕਾਸ਼ ਕੌਰ ਪਤਨੀ ਕਰਨੈਲ ਸਿੰਘ (ਵਾਸੀ ਸੋਹਣਗੜ੍ਹ) ਸਵੇਰ ਵੇਲੇ ਨਾਨਕਸਰ ਲੰਗਰ ਲਈ ਰਸਦ ਦੇ ਕੇ ਜਦੋਂ ਆਪਣੇ ਘਰ ਪਰਤ ਰਹੀ ਸੀ, ਤਾਂ ਉਹ ਰਸਤੇ ਵਿੱਚ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਲਈ ਰੁਕ ਗਈ। ਇਸੇ ਦੌਰਾਨ ਗੁਰਸੇਵਕ ਸਿੰਘ ਪੁੱਤਰ ਗੁਰਪਾਲ ਸਿੰਘ ਆਪਣੀ ਪਤਨੀ ਵੀਰਪਾਲ ਕੌਰ ਨਾਲ ਗੁਰਦੁਆਰਾ ਸਾਹਿਬ ਦੇ ਅੰਦਰ ਦਾਖ਼ਲ ਹੋਇਆ ਅਤੇ ਜਾਤੀਸੂਚਕ ਗਾਲ੍ਹਾਂ ਕੱਢਦਿਆਂ ਬੀਬੀ ਨੂੰ ਜਾਣੋ ਮਾਰਨ ਦੀ ਧਮਕੀ ਦਿੱਤੀ।
ਇਸ ਦੌਰਾਨ ਬੀਬੀ ਪ੍ਰਕਾਸ਼ ਕੌਰ ਗੁਰੂ ਸਾਹਿਬ ਨੂੰ ਚਵਰ ਦੀ ਸੇਵਾ ਕਰਨ ਲੱਗ ਪਈ। ਬੀਬੀ ਦਾ ਮੰਨਣਾ ਸੀ ਕਿ ਗੁਰੂ ਸਾਹਿਬ ਉਸ ਦੀ ਰੱਖਿਆ ਕਰਨਗੇ ਅਤੇ ਪੁਰਾਣੀ ਰੰਜਿਸ਼ ਰੱਖਣ ਵਾਲੇ ਇਹ ਪਤੀ-ਪਤਨੀ ਆਪਣੇ ਆਪ ਵਾਪਸ ਚਲੇ ਜਾਣਗੇ। ਪਰ ਕਥਿਤ ਦੋਸ਼ੀ ਗੁਰਸੇਵਕ ਸਿੰਘ ਨੇ ਗੁਰੂ ਸਾਹਿਬ ਸਾਹਮਣੇ ਸਜਾਏ ਸ਼ਸਤਰਾਂ ਵਿੱਚੋਂ ਕਿਰਪਾਨ ਚੁੱਕ ਲਈ ਅਤੇ ਮਾਰਨ ਦੀ ਨੀਅਤ ਨਾਲ ਹਮਲਾ ਕਰ ਦਿੱਤਾ।
ਬੀਬੀ ਪ੍ਰਕਾਸ਼ ਕੌਰ ਭੱਜ ਕੇ ਗੁਰਦੁਆਰਾ ਸਾਹਿਬ ਦੇ ਪਿਛਲੇ ਹਿੱਸੇ ਵਿੱਚ ਬਣੇ ਗ੍ਰੰਥੀ ਸਿੰਘ ਦੇ ਕਮਰੇ ਵਿੱਚ ਵੜਨ ਵਿੱਚ ਕਾਮਯਾਬ ਹੋ ਗਈ। ਇਸ ਤੋਂ ਬਾਅਦ ਵੀ ਦੋਸ਼ੀ ਵੱਲੋਂ ਲੱਕੜ ਦੇ ਬੰਦ ਦਰਵਾਜ਼ੇ 'ਤੇ ਕਿਰਪਾਨ ਨਾਲ ਲਗਾਤਾਰ ਵਾਰ ਕੀਤੇ ਗਏ ਅਤੇ ਜਾਤੀਸੂਚਕ ਗਾਲ੍ਹਾਂ ਕੱਢੀਆਂ ਗਈਆਂ।
ਘਟਨਾ ਦੌਰਾਨ ਜਦੋਂ ਗ੍ਰੰਥੀ ਸਿੰਘ ਆਪਣੇ ਪੁੱਤਰ ਗੁਰਸੇਵਕ ਸਿੰਘ ਨਾਲ ਮੁਕਤਸਰ ਤੋਂ ਗੁਰਦੁਆਰਾ ਸਾਹਿਬ ਪੁੱਜੇ, ਤਾਂ ਉਨ੍ਹਾਂ ਨੇ ਦਖ਼ਲ ਦੇ ਕੇ ਪਤੀ-ਪਤਨੀ ਨੂੰ ਉੱਥੋਂ ਹਟਾਇਆ।
ਬੀਬੀ ਨੇ ਪੰਜਾਬ ਪੁਲਿਸ ਦੇ ਹੈਲਪਲਾਈਨ ਨੰਬਰ 112 'ਤੇ ਸ਼ਿਕਾਇਤ ਦਰਜ ਕਰਵਾਈ, ਪਰ ਦੋਸ਼ ਹੈ ਕਿ ਮੌਕੇ 'ਤੇ ਪਹੁੰਚੀ ਪੁਲਿਸ ਪਾਰਟੀ ਨੇ ਕੋਈ ਛੇਤੀ ਕਾਰਵਾਈ ਨਹੀਂ ਕੀਤੀ। ਪੀੜਤ ਪਰਿਵਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC), ਦਮਦਮੀ ਟਕਸਾਲ, ਸਿੱਖ ਜਥੇਬੰਦੀਆਂ ਅਤੇ ਪੰਜਾਬ ਪੁਲਿਸ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
(ਨੋਟ: ਕਥਿਤ ਦੋਸ਼ੀ ਗੁਰਸੇਵਕ ਸਿੰਘ ਦਾ ਪੱਖ ਜਾਣਨ ਲਈ ਉਨ੍ਹਾਂ ਦੇ ਫੋਨ ਨੰਬਰ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਫੋਨ ਬੰਦ ਆਉਣ ਕਰਕੇ ਉਨ੍ਹਾਂ ਦਾ ਪੱਖ ਹਾਸਲ ਨਹੀਂ ਹੋ ਸਕਿਆ।)

 

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.