ਤਾਜਾ ਖਬਰਾਂ
ਜਗਦੀਸ਼ ਥਿੰਦ,
ਗੁਰੂ ਹਰਸਹਾਏ/ਫਿਰੋਜ਼ਪੁਰ, 16 ਸਤੰਬਰ 2026: ਮਾਲਵੇ ਦੇ ਪ੍ਰਸਿੱਧ ਇਤਿਹਾਸਿਕ ਧਾਰਮਿਕ ਸਥਾਨ ਡੇਰਾ ਬਾਬਾ ਰਾਮ ਥੰਮਣ ਜੀ, ਬਾਜੇ ਕੇ ਵਿਖੇ ਚੱਲ ਰਹੇ ਸਲਾਨਾ ਅੱਸੂ ਭੰਡਾਰੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਤਮਸਤਕ ਹੋਏ। ਉਨ੍ਹਾਂ ਨੇ ਡੇਰੇ ਦੇ ਮੌਜੂਦਾ ਗੱਦੀ ਨਸ਼ੀਨ ਬਾਬਾ ਹਰਮੇਸ਼ ਦਾਸ ਜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਡੇਰਾ ਭਜਨਗੜ੍ਹ ਦੇ ਗੱਦੀ ਨਸ਼ੀਨ ਸੰਤ ਬਾਬਾ ਰਜਿੰਦਰ ਸਿੰਘ ਜੀ ਵੀ ਮੌਜੂਦ ਸਨ। ਇਸ ਤੋਂ ਇਲਾਵਾ ਵਿਧਾਇਕ ਅਬੋਹਰ ਸੰਦੀਪ ਜਾਖੜ, ਅਨਮੀਤ ਸਿੰਘ ਹੀਰਾ ਸੋਢੀ, ਸੁਖਵਿੰਦਰ ਸਿੰਘ ਕਾਕਾ ਕੰਬੋਜ, ਬੂਟਾ ਸਿੰਘ ਰਾਣਾ ਰਾਏ, ਦੀਪਕ ਸ਼ਰਮਾ, ਕਸ਼ਮੀਰ ਲਾਲ ਸਰਪੰਚ, ਬਾਵਾ ਰਾਧੇ ਸ਼ਾਮ, ਬਾਵਾ ਸ਼੍ਰੀ ਚੰਦ ਸਮੇਤ ਹੋਰ ਰਾਜਸੀ ਆਗੂ ਅਤੇ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਰਹੀ।
ਨਸ਼ਿਆਂ ਵਿਰੁੱਧ ਮੁਹਿੰਮ ਦੀ ਕੀਤੀ ਸ਼ਲਾਘਾ
ਸੰਗਤ ਨੂੰ ਸੰਬੋਧਨ ਕਰਦਿਆਂ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਉਹ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਸੇਰ ਭਰਾ ਬਾਬਾ ਰਾਮ ਥੰਮਣ ਜੀ ਦੇ ਇਤਿਹਾਸ ਅਤੇ ਪ੍ਰਤਾਪ ਤੋਂ ਜਾਣੂ ਹੋ ਕੇ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਨ।
ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਡੇਰਾ ਬਾਬਾ ਰਾਮ ਥੰਮਣ ਜੀ ਵੱਲੋਂ ਵੀ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਮਹੱਤਵਪੂਰਨ ਕਾਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਡੇਰਾ ਪ੍ਰਬੰਧਕਾਂ ਵੱਲੋਂ ਕੀਤੇ ਜਾ ਰਹੇ ਸਮਾਜਿਕ ਅਤੇ ਧਾਰਮਿਕ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਰਿਆਣਾ ਤੋਂ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਉਨ੍ਹਾਂ ਦੇ ਅਨੁਸਾਰ ਇਸ ਮੁਹਿੰਮ ਤੋਂ ਬਾਅਦ ਹਰਿਆਣਾ ਵਿੱਚ ਲੜਕੀਆਂ ਦੇ ਲਿੰਗ ਅਨੁਪਾਤ ਵਿੱਚ ਸੁਧਾਰ ਦੇਖਣ ਨੂੰ ਮਿਲਿਆ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਵੱਡੇ ਪੱਧਰ ’ਤੇ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਅੱਗੇ ਲਿਆਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਉੱਚ ਪੱਧਰੀ ਸਿੱਖਿਆ ਲਈ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਭਵਿੱਖ ਵਿੱਚ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵਰਗੇ ਅਹੁਦਿਆਂ ਤੱਕ ਪਹੁੰਚ ਸਕਣ।
ਪੰਜਾਬ ਵਿੱਚ ਭਾਜਪਾ ਸਰਕਾਰ ਬਣਨ ਦਾ ਕੀਤਾ ਦਾਅਵਾ
ਪੰਜਾਬ ਦੀ ਰਾਜਨੀਤੀ ਬਾਰੇ ਗੱਲ ਕਰਦਿਆਂ ਨਾਇਬ ਸਿੰਘ ਸੈਣੀ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ’ਤੇ ‘ਬਿਨਾਂ ਪਰਚੀ, ਬਿਨਾਂ ਖਰਚੀ’ ਦੇ ਨਾਅਰੇ ਅਨੁਸਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ।
ਇਸ ਮੌਕੇ ਨਾਇਬ ਸਿੰਘ ਸੈਣੀ ਨੇ ਡੇਰੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਲਈ ਆਪਣੇ ਵੱਲੋਂ 11 ਲੱਖ ਰੁਪਏ ਦੀ ਰਾਸ਼ੀ ਦਾਨ ਕਰਨ ਦਾ ਐਲਾਨ ਵੀ ਕੀਤਾ।
ਅੱਸੂ ਭੰਡਾਰੇ ਦੇ ਬਾਕੀ ਸਮਾਗਮਾਂ ਵਿੱਚ ਹੋਣਗੇ ਧਾਰਮਿਕ ਪ੍ਰੋਗਰਾਮ
ਡੇਰਾ ਬਾਬਾ ਰਾਮ ਥੰਮਣ ਜੀ ਬਾਜੇ ਕੇ ਵਿਖੇ ਅੱਸੂ ਭੰਡਾਰੇ ਦੇ ਬਾਕੀ ਸਮਾਗਮਾਂ ਦੌਰਾਨ ਵੱਖ-ਵੱਖ ਧਾਰਮਿਕ ਅਤੇ ਸੂਫ਼ੀ ਪ੍ਰੋਗਰਾਮ ਕਰਵਾਏ ਜਾਣਗੇ। ਡੇਰਾ ਪ੍ਰਬੰਧਕਾਂ ਵੱਲੋਂ ਸੰਗਤ ਦੀ ਸਹੂਲਤ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।
ਮੰਚ ਦਾ ਸੰਚਾਲਨ ਸ਼੍ਰੀ ਵਿਜੇ ਕੁਮਾਰ ਵੱਲੋਂ ਬਾਖੂਬੀ ਕੀਤਾ ਗਿਆ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਡੇਰੇ ਵਿੱਚ ਆਮਦ ਮੌਕੇ ਸੰਗਤ ਅਤੇ ਡੇਰਾ ਪ੍ਰਬੰਧਕਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।
Get all latest content delivered to your email a few times a month.