IMG-LOGO
ਹੋਮ ਪੰਜਾਬ : ਸ਼ੱਕੀ ਮਿਲਾਵਟੀ 21,550 ਕਿਲੋ ਘਿਓ ਨਾਲ ਭਰਿਆ ਟਰੱਕ ਸਿਹਤ ਵਿਭਾਗ...

ਸ਼ੱਕੀ ਮਿਲਾਵਟੀ 21,550 ਕਿਲੋ ਘਿਓ ਨਾਲ ਭਰਿਆ ਟਰੱਕ ਸਿਹਤ ਵਿਭਾਗ ਦੀ ਸਾਂਝੀ ਟੀਮ ਵੱਲੋਂ ਕਾਬੂ

ਫੂਡ ਸੇਫਟੀ ਵਿਭਾਗ ਵੱਲੋਂ ਘਿਓ ਦੇ ਨਮੂਨੇ ਜਾਂਚ ਲਈ ਸਰਕਾਰੀ ਲੈਬ ਖਰੜ ਭੇਜੇ ਟਰੱਕ ਪੁਲਿਸ ਹਿਰਾਸਤ ਵਿੱਚ

.

Admin user - Sep 11, 2026 04:57 PM
IMG

 ਜਗਦੀਸ਼ ਥਿੰਦ 

ਫਰੀਦਕੋਟ 11 ਸਤੰਬਰ 2026 ,

ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਖੁਰਾਕੀ ਵਸਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਿਹਤ ਵਿਭਾਗ ਵੱਲੋਂ ਖੁਰਾਕੀ ਵਸਤਾਂ ਵਿੱਚ ਮਿਲਾਵਟਖੋਰੀ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਸਿਹਤ ਵਿਭਾਗ ਫਰੀਦਕੋਟ ਅਤੇ ਮਾਨਸਾ ਦੀ ਸਾਂਝੀ ਟੀਮ ਵੱਲੋਂ ਕੋਟਕਪੂਰਾ ਦੇ ਫੋਕਲ ਪੁਆਇੰਟ ਵਿਖੇ ਗੁਪਤ ਸੂਚਨਾ ਦੇ ਆਧਾਰ ’ਤੇ ਵੱਡੀ ਕਾਰਵਾਈ ਕਰਦਿਆਂ ਗੈਰ-ਮਿਆਰੀ ਜਾਂ ਮਿਲਾਵਟੀ ਹੋਣ ਦੇ ਸ਼ੱਕ ਵਾਲੇ 21,550 ਕਿਲੋ ਘਿਓ ਨਾਲ ਭਰੇ ਇੱਕ ਟਰੱਕ ਨੂੰ ਕਾਬੂ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਫਰੀਦਕੋਟ ਡਾ. ਰਮਨਦੀਪ ਸਿੰਗਲਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਕਿਸਮ ਦਾ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖੁਰਾਕੀ ਵਸਤਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਫੂਡ ਸੇਫਟੀ ਟੀਮਾਂ ਵੱਲੋਂ ਸਮੇਂ-ਸਮੇਂ ’ਤੇ ਚੈਕਿੰਗ ਅਤੇ ਸੈਂਪਲਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਕਾਰਵਾਈ ਵੀ ਇਸੇ ਮੁਹਿੰਮ ਦਾ ਹਿੱਸਾ ਹੈ ਅਤੇ ਲੈਬ ਰਿਪੋਰਟ ਦੇ ਆਧਾਰ ’ਤੇ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।

ਕਾਰਵਾਈ ਦੌਰਾਨ ਘਿਓ ਦੇ ਲੋੜੀਂਦੇ ਨਮੂਨੇ ਫੂਡ ਸੇਫਟੀ ਵਿਭਾਗ ਵੱਲੋਂ ਸੀਲ ਕਰਕੇ ਜਾਂਚ ਲਈ ਸਰਕਾਰੀ ਫੂਡ ਲੈਬਾਰਟਰੀ, ਖਰੜ ਵਿਖੇ ਭੇਜ ਦਿੱਤੇ ਗਏ ਹਨ। ਲੈਬ ਰਿਪੋਰਟ ਪ੍ਰਾਪਤ ਹੋਣ ਉਪਰੰਤ ਹੀ ਘਿਓ ਦੀ ਗੁਣਵੱਤਾ ਅਤੇ ਮਿਆਰ ਸਬੰਧੀ ਅੰਤਿਮ ਸਥਿਤੀ ਸਪੱਸ਼ਟ ਹੋਵੇਗੀ। ਇਸ ਦੌਰਾਨ ਸਬੰਧਤ ਖੁਰਾਕੀ ਸਮੱਗਰੀ ਨੂੰ ਅਗਲੀ ਕਾਰਵਾਈ ਤੱਕ ਸੁਰੱਖਿਅਤ ਰੱਖਣ ਲਈ ਟਰੱਕ ਨੂੰ ਫਰੀਦਕੋਟ ਪੁਲਿਸ ਦੀ ਹਿਰਾਸਤ ਵਿੱਚ ਰੱਖਿਆ ਗਿਆ ਹੈ।

ਜੁਆਇੰਟ ਕਮਿਸ਼ਨਰ ਫੂਡ ਸੇਫਟੀ ਪੰਜਾਬ ਸ੍ਰੀ ਅਮਿਤ ਜੋਸ਼ੀ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਮਿਆਰੀ ਅਤੇ ਸੁਰੱਖਿਅਤ ਖੁਰਾਕ ਮੁਹੱਈਆ ਕਰਵਾਉਣ ਲਈ ਫੂਡ ਸੇਫਟੀ ਕਾਨੂੰਨ ਅਧੀਨ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗੁਪਤ ਸੂਚਨਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਫੂਡ ਸੇਫਟੀ ਟੀਮਾਂ ਵੱਲੋਂ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਵਿਅਕਤੀ ਜਾਂ ਵਪਾਰਕ ਅਦਾਰੇ ਵੱਲੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਾਨੂੰਨ ਅਨੁਸਾਰ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
 
ਸਿਵਲ ਸਰਜਨ ਮਾਨਸਾ ਡਾ. ਰਣਜੀਤ ਰਾਏ ਨੇ ਕਿਹਾ ਕਿ ਫੂਡ ਸੇਫਟੀ ਸਬੰਧੀ ਨਿਯਮਾਂ ਦੀ ਉਲੰਘਣਾ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਫਰੀਦਕੋਟ ਅਤੇ ਮਾਨਸਾ ਦੀਆਂ ਟੀਮਾਂ ਵੱਲੋਂ ਮਿਲ ਕੇ ਕੀਤੀ ਗਈ ਇਹ ਕਾਰਵਾਈ ਵਿਭਾਗਾਂ ਦਰਮਿਆਨ ਬਿਹਤਰ ਤਾਲਮੇਲ ਅਤੇ ਲੋਕ ਹਿੱਤ ਵਿੱਚ ਕੀਤੇ ਜਾ ਰਹੇ ਸਾਂਝੇ ਯਤਨਾਂ ਦਾ ਪ੍ਰਮਾਣ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਖੁਰਾਕੀ ਵਸਤਾਂ ਖਰੀਦਣ ਸਮੇਂ ਉਨ੍ਹਾਂ ਦੀ ਗੁਣਵੱਤਾ, ਪੈਕਿੰਗ, ਲੇਬਲ ਅਤੇ ਮਿਆਦ ਦੀ ਜਾਂਚ ਜ਼ਰੂਰ ਕਰਨ ਅਤੇ ਜੇਕਰ ਕਿਸੇ ਖੁਰਾਕੀ ਵਸਤੂ ਵਿੱਚ ਮਿਲਾਵਟ ਦਾ ਸ਼ੱਕ ਹੋਵੇ ਤਾਂ ਇਸ ਦੀ ਸੂਚਨਾ ਸਬੰਧਤ ਫੂਡ ਸੇਫਟੀ ਅਧਿਕਾਰੀਆਂ ਨੂੰ ਦੇਣ।
 
ਇਸ ਸਾਂਝੀ ਕਾਰਵਾਈ ਵਿੱਚ ਸ੍ਰੀ ਅਮਿਤ ਜੋਸ਼ੀ ਜੁਆਇੰਟ ਕਮਿਸ਼ਨਰ ਫੂਡ ਸੇਫਟੀ ਪੰਜਾਬ, ਡਾ. ਰਣਜੀਤ ਰਾਏ ਸਿਵਲ ਸਰਜਨ ਮਾਨਸਾ, ਸ੍ਰੀ ਅਮਰਿੰਦਰ ਪਾਲ ਸਿੰਘ ਫੂਡ ਸੇਫਟੀ ਅਫਸਰ ਮਾਨਸਾ, ਸ੍ਰੀ ਨਵਦੀਪ ਚਾਹਲ ਫੂਡ ਸੇਫਟੀ ਅਫਸਰ ਫਰੀਦਕੋਟ ਅਤੇ ਸ੍ਰੀ ਤ੍ਰਿਲੋਕ ਸਿੰਘ ਸਹਾਇਕ ਫੂਡ ਬ੍ਰਾਂਚ ਫਰੀਦਕੋਟ ਵਿਸ਼ੇਸ਼ ਤੌਰ ’ਤੇ ਸ਼ਾਮਲ ਸਨ।
 
ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਲੈਬਾਰਟਰੀ ਰਿਪੋਰਟ ਦੇ ਨਤੀਜਿਆਂ ਦੇ ਆਧਾਰ ’ਤੇ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਅਧੀਨ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵਿਭਾਗ ਵੱਲੋਂ ਲੋਕਾਂ ਦੀ ਸਿਹਤ ਨਾਲ ਜੁੜੇ ਇਸ ਅਹਿਮ ਮਾਮਲੇ ਵਿੱਚ ਨਿਯਮਾਂ ਅਨੁਸਾਰ ਹਰ ਲੋੜੀਂਦਾ ਕਦਮ ਚੁੱਕਿਆ ਜਾਵੇਗਾ।

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.