ਤਾਜਾ ਖਬਰਾਂ
ਜਗਦੀਸ਼ ਥਿੰਦ
ਲੰਬੀ / ਮਲੋਟ / ਸ੍ਰੀ ਮੁਕਤਸਰ ਸਾਹਿਬ, 11 ਸਤੰਬਰ:
ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ 'ਖੇਡਾਂ ਵਤਨ ਪੰਜਾਬ ਦੀਆਂ 2026' (ਸੀਜ਼ਨ-4) ਤਹਿਤ ਬਲਾਕ ਲੰਬੀ ਦੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਪਿੰਡ ਬਾਦਲ ਵਿਖੇ ਹੋਈ। ਇਹਨਾਂ ਖੇਡ ਮੁਕਾਬਲਿਆਂ ਦਾ ਉਦਘਾਟਨ ਖੇਤੀਬਾੜੀ, ਪਸ਼ੂ ਪਾਲਣ ਅਤੇ ਮੱਛੀ ਪਾਲਣ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕੀਤਾ।
ਕੈਬਨਿਟ ਮੰਤਰੀ ਨੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਕਿਹਾ ਕਿ 'ਖੇਡਾਂ ਵਤਨ ਪੰਜਾਬ ਦੀਆਂ' ਦਾ ਮੁੱਖ ਉਦੇਸ਼ ਨੌਜਵਾਨਾਂ ਅਤੇ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ, ਖੇਡ ਪ੍ਰਤਿਭਾ ਨੂੰ ਉਤਸ਼ਾਹਿਤ ਕਰਨਾ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਕਰਨਾ ਹੈ।
ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀਮਤੀ ਅਨਿੰਦਰਵੀਰ ਕੌਰ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਲੰਬੀ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ, ਪਿੰਡ ਬਾਦਲ ਵਿਖੇ ਉਦਘਾਟਨੀ ਸਮਾਰੋਹ ਕਰਵਾਇਆ ਗਿਆ। ਇਸ ਦੇ ਪਹਿਲੇ ਦਿਨ ਅੰਡਰ-14, ਅੰਡਰ-17 ਅਤੇ ਅੰਡਰ-21 ਉਮਰ ਵਰਗ ਦੇ ਖਿਡਾਰੀਆਂ ਅਤੇ ਖਿਡਾਰਨਾਂ ਨੇ ਉਤਸ਼ਾਹ ਨਾਲ ਭਾਗ ਲਿਆ।
ਮੁੱਖ ਸ਼ਖਸੀਅਤਾਂ ਦੀ ਹਾਜ਼ਰੀ
ਇਸ ਮੌਕੇ ਵੇਅਰਹਾਊਸ ਚੇਅਰਮੈਨ ਸ. ਰਣਧੀਰ ਸਿੰਘ ਧੀਰਾ ਖੁੱਡੀਆਂ, ਐਸ.ਡੀ.ਐਮ. ਮਲੋਟ ਸ਼੍ਰੀ ਪੰਕਜ ਕੁਮਾਰ, ਮਾਰਕਿਟ ਕਮੇਟੀ ਚੇਅਰਮੈਨ ਗੁਰਬਾਜ ਸਿੰਘ (ਪਿੰਡ ਬਨਵਾਲਾ), ਯੂਥ ਵਿੰਗ ਹਲਕਾ ਇੰਚਾਰਜ ਅਰਸ਼ਦੀਪ ਧਾਲੀਵਾਲ, ਸੀਨੀਅਰ ਆਗੂ ਚਮਨਦੀਪ ਬਾਦਲ, ਬਲਾਕ ਇੰਚਾਰਜ ਜਸਮੀਤ ਜੁਗਨੂ ਭੀਟੀਵਾਲਾ, ਐਸ.ਸੀ. ਵਿੰਗ ਚੇਅਰਮੈਨ ਰੋਸ਼ਨ ਸਿੰਘ, ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਸਹਾਇਕ ਡਾਇਰੈਕਟਰ ਜੋਗਿੰਦਰ ਕੁਮਾਰ ਅਤੇ ਸਕੂਲ ਇੰਚਾਰਜ ਬਾਦਲ ਅਮਨਪ੍ਰੀਤ ਕੌਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਸਮਾਗਮ ਦੌਰਾਨ ਤਰਸੇਮ ਸਿੰਘ (ਡੀ.ਪੀ.ਈ.) ਨੇ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਖੇਡ ਵਿਭਾਗ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਕੋਚ, ਦਫ਼ਤਰੀ ਸਟਾਫ਼, ਸਿੱਖਿਆ ਵਿਭਾਗ ਦੇ ਡੀ.ਪੀ.ਈ./ਪੀ.ਟੀ.ਆਈ., ਸਿਹਤ ਵਿਭਾਗ, ਸਕਿਓਰਟੀ ਟੀਮ ਅਤੇ ਹੋਰ ਪਤਵੰਤੇ ਸੱਜਣ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
Get all latest content delivered to your email a few times a month.