ਤਾਜਾ ਖਬਰਾਂ
ਜਗਦੀਸ਼ ਥਿੰਦ
ਪਠਾਨਕੋਟ 5 ਸਤੰਬਰ :
ਜ਼ਿਲ੍ਹਾ ਪਠਾਨਕੋਟ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ, ਵਪਾਰੀਆਂ ਦੀਆਂ ਮੁੱਖ ਸਮੱਸਿਆਵਾਂ ਨੂੰ ਸੁਣਨ ਅਤੇ ਪੁਲਿਸ-ਪ੍ਰਸ਼ਾਸਨ ਨਾਲ ਤਾਲਮੇਲ ਵਧਾਉਣ ਦੇ ਮਕਸਦ ਨਾਲ ਐੱਸ.ਐੱਸ.ਪੀ. ਪਠਾਨਕੋਟ ਮਨਪ੍ਰੀਤ ਸਿੰਘ ਵੱਲੋਂ ਟ੍ਰੇਡ ਕਮਿਸ਼ਨ ਦੇ ਅਹੁਦੇਦਾਰਾਂ ਅਤੇ ਪ੍ਰਮੁੱਖ ਵਪਾਰਕ ਨੁਮਾਇੰਦਿਆਂ ਨਾਲ ਇੱਕ ਅਹਿਮ ਬੈਠਕ ਕੀਤੀ ਗਈ।
ਬੈਠਕ ਦੌਰਾਨ ਸ਼ਹਿਰ ਦੀ ਸੁਰੱਖਿਆ, ਆਵਾਜਾਈ (ਟ੍ਰੈਫਿਕ) ਵਿਵਸਥਾ ਨੂੰ ਸੁਚਾਰੂ ਬਣਾਉਣ, ਬਾਜ਼ਾਰਾਂ ਵਿੱਚ ਗਸ਼ਤ ਵਧਾਉਣ ਅਤੇ ਵਪਾਰੀਆਂ ਨੂੰ ਆਉਂਦੀਆਂ ਦਰਪੇਸ਼ ਮੁਸ਼ਕਲਾਂ ਦੇ ਤੁਰੰਤ ਹੱਲ ਸਮੇਤ ਕਈ ਮਹੱਤਵਪੂਰਨ ਮੁੱਦਿਆਂ 'ਤੇ ਗੰਭੀਰਤਾ ਨਾਲ ਚਰਚਾ ਕੀਤੀ ਗਈ। ਐੱਸ.ਐੱਸ.ਪੀ. ਮਨਪ੍ਰੀਤ ਸਿੰਘ ਨੇ ਆਖਿਆ ਕਿ ਵਪਾਰੀ ਵਰਗ ਸਮਾਜ ਦੀ ਆਰਥਿਕ ਰੀੜ੍ਹ ਦੀ ਹੱਡੀ ਹੈ, ਇਸ ਲਈ ਉਨ੍ਹਾਂ ਦੀ ਸੁਰੱਖਿਆ ਅਤੇ ਸੁਚਾਰੂ ਵਪਾਰਕ ਮਾਹੌਲ ਯਕੀਨੀ ਬਣਾਉਣਾ ਪੁਲਿਸ ਪ੍ਰਸ਼ਾਸਨ ਦੀ ਪਹਿਲ ਹੈ।
ਉਨ੍ਹਾਂ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਗੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਵਪਾਰੀ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਵਿੱਚ ਅਮਨ-ਸ਼ਾਂਤੀ ਅਤੇ ਬਿਹਤਰ ਅਨੁਸ਼ਾਸਨ ਬਣਾਏ ਰੱਖਣ ਲਈ ਪੁਲਿਸ ਦਾ ਪੂਰਨ ਸਹਿਯੋਗ ਕਰਨ।
ਇਸ ਬੈਠਕ ਵਿੱਚ ਟ੍ਰੇਡ ਕਮਿਸ਼ਨ ਦੇ ਮੈਂਬਰਾਂ ਅਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣਾਂ ਨੇ ਵੀ ਆਪਣੇ ਸੁਝਾਅ ਪੇਸ਼ ਕੀਤੇ ਅਤੇ ਪੁਲਿਸ ਪ੍ਰਸ਼ਾਸਨ ਦੇ ਇਸ ਯਤਨ ਦੀ ਸ਼ਲਾਘਾ ਕੀਤੀ।
Get all latest content delivered to your email a few times a month.