ਤਾਜਾ ਖਬਰਾਂ
ਸ਼ਬਦੀਸ਼ ਥਿੰਦ
ਫਰੀਦਕੋਟ, 29 ਅਗਸਤ
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਮਾਣਯੋਗ ਸ. ਗੁਰਦਿੱਤ ਸਿੰਘ ਸੇਖੋਂ ਐੱਮ.ਐੱਲ.ਏ. ਫਰੀਦਕੋਟ, ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਰਾਹੁਲ ਚਾਬਾ ਅਤੇ ਏ.ਡੀ.ਸੀ. (ਸ਼ਹਿਰੀ ਵਿਕਾਸ) ਸ੍ਰੀ ਕੇਸ਼ਵ ਗੋਇਲ ਦੀ ਰਹਿਨੁਮਾਈ ਹੇਠ ਨਗਰ ਕੌਂਸਲ ਫਰੀਦਕੋਟ ਵੱਲੋਂ ਸਫ਼ਾਈ ਸੇਵਕ ਯੂਨੀਅਨ ਦੇ ਸਹਿਯੋਗ ਨਾਲ ਅੱਜ ਮਿਤੀ 29 ਅਗਸਤ, 2026 ਤੋਂ 8 ਸਤੰਬਰ, 2026 ਤੱਕ ਵਿਸ਼ੇਸ਼ ਸਫ਼ਾਈ ਅਭਿਆਨ ਦੀ ਸ਼ੁਰੂਆਤ ਕੀਤੀ ਗਈ।
ਸਫ਼ਾਈ ਅਭਿਆਨ ਦੇ ਪਹਿਲੇ ਦਿਨ ਗਿਆਨੀ ਜੈਲ ਸਿੰਘ ਐਵੀਨਿਊ ਤੋਂ ਸਫ਼ਾਈ ਕਾਰਜ ਸ਼ੁਰੂ ਕਰਕੇ ਸਾਦਿਕ ਚੌਕ ਤੱਕ ਸੜਕ ਦੇ ਦੋਵੇਂ ਪਾਸੇ ਵਿਸ਼ੇਸ਼ ਸਫ਼ਾਈ ਕੀਤੀ ਗਈ। ਇਸ ਦੌਰਾਨ ਸੜਕ ਦੇ ਕਿਨਾਰਿਆਂ ’ਤੇ ਪਈ ਗੰਦਗੀ, ਕੂੜਾ-ਕਰਕਟ ਅਤੇ ਘਾਹ-ਬੂਟੀ ਨੂੰ ਹਟਾਇਆ ਗਿਆ। ਇਕੱਠੇ ਕੀਤੇ ਗਏ ਕੂੜੇ ਨੂੰ ਮੌਕੇ ਤੋਂ ਹੀ ਚੁਕਵਾ ਕੇ ਨਿਰਧਾਰਤ ਸਥਾਨ ’ਤੇ ਪਹੁੰਚਾਇਆ ਗਿਆ।
ਇਸ ਮੌਕੇ ਨਗਰ ਕੌਂਸਲ ਵੱਲੋਂ ਕਰੀਬ 100 ਸਫ਼ਾਈ ਸੇਵਕ ਸਫ਼ਾਈ ਕਾਰਜਾਂ ਲਈ ਤਾਇਨਾਤ ਕੀਤੇ ਗਏ ਹਨ। ਸਫ਼ਾਈ ਸੇਵਕਾਂ ਵੱਲੋਂ ਪੂਰੀ ਮਿਹਨਤ, ਤਨਦੇਹੀ ਅਤੇ ਜ਼ਿੰਮੇਵਾਰੀ ਨਾਲ ਸਫ਼ਾਈ ਕਾਰਜ ਕੀਤੇ ਜਾ ਰਹੇ ਹਨ।
ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਕੇਸ਼ਵ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਹੋਰ ਸੁਚਾਰੂ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਵਿਸ਼ੇਸ਼ ਸਫ਼ਾਈ ਅਭਿਆਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਭਿਆਨ ਦੌਰਾਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ, ਮੁੱਖ ਸੜਕਾਂ ਅਤੇ ਜਨਤਕ ਥਾਵਾਂ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਾਫ਼-ਸੁਥਰਾ ਵਾਤਾਵਰਨ ਸਿਹਤਮੰਦ ਸਮਾਜ ਲਈ ਬਹੁਤ ਜ਼ਰੂਰੀ ਹੈ ਅਤੇ ਸ਼ਹਿਰ ਨੂੰ ਸਾਫ਼ ਰੱਖਣਾ ਸਿਰਫ਼ ਪ੍ਰਸ਼ਾਸਨ ਦੀ ਹੀ ਨਹੀਂ, ਸਗੋਂ ਹਰੇਕ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੂੜਾ-ਕਰਕਟ ਖੁੱਲ੍ਹੇ ਵਿੱਚ ਨਾ ਸੁੱਟਣ ਅਤੇ ਨਗਰ ਕੌਂਸਲ ਵੱਲੋਂ ਚਲਾਏ ਜਾ ਰਹੇ ਸਫ਼ਾਈ ਅਭਿਆਨ ਵਿੱਚ ਪੂਰਾ ਸਹਿਯੋਗ ਦੇਣ।
ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕਾਂ ਦੀ ਮਿਹਨਤ ਅਤੇ ਲੋਕਾਂ ਦੇ ਸਹਿਯੋਗ ਨਾਲ ਫਰੀਦਕੋਟ ਸ਼ਹਿਰ ਨੂੰ ਹੋਰ ਸਾਫ਼, ਸੁੰਦਰ ਅਤੇ ਸਵੱਛ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਹੀ ਹਲਕਾ ਜੈਤੋ ਵਿਖੇ ਵੀ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ।
ਇਸ ਮੌਕੇ ਨਗਰ ਕੌਂਸਲ ਫਰੀਦਕੋਟ ਦੇ ਪ੍ਰਧਾਨ ਸ੍ਰੀ ਬਲਜਿੰਦਰ ਸਿੰਘ (ਬੱਬੂ ਅਹੂਜਾ), ਕਾਰਜ ਸਾਧਕ ਅਫ਼ਸਰ ਸ੍ਰੀ ਅਮਿਤ ਬਲ, ਸੁਪਰਡੈਂਟ ਸ੍ਰੀ ਗੁਰਿੰਦਰ ਸਿੰਘ, ਪ੍ਰੋਗਰਾਮ ਕੋਆਰਡੀਨੇਟਰ ਸ੍ਰੀਮਤੀ ਜਸਵੀਰ ਕੌਰ, ਸਫ਼ਾਈ ਸੇਵਕ ਯੂਨੀਅਨ ਦੇ ਨੁਮਾਇੰਦੇ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
Get all latest content delivered to your email a few times a month.