IMG-LOGO
ਹੋਮ ਪੰਜਾਬ : ਆਪ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ,...

ਆਪ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ, ਅਜਨਾਲਾ ਨੂੰ ਹੜ੍ਹਾਂ ਤੋਂ ਬਚਾਉਣ ਲਈ ਉਜ ਨਦੀ 'ਤੇ ਡੈਮ ਬਣਾਉਣ ਦੀ ਕੀਤੀ ਮੰਗ

ਹਰ ਸਾਲ ਰਾਵੀ ਅਤੇ ਉਜ ਦੇ ਪਾਣੀ ਨਾਲ ਅਜਨਾਲਾ ਵਿੱਚ ਹੁੰਦੀ ਹੈ ਤਬਾਹੀ, ਕੇਂਦਰ ਜਲਦ ਤੋਂ ਜਲਦ ਪੂਰਾ ਕਰੇ ਉਜ ਡੈਮ ਦਾ ਨਿਰਮਾਣ: ਕੁਲਦੀਪ ਸਿੰਘ...

ਉਜ ਡੈਮ ਨਾਲ ਹੜ੍ਹਾਂ 'ਤੇ ਲੱਗੇਗੀ ਰੋਕ, ਬਿਜਲੀ ਹੋਵੇਗੀ ਪੈਦਾ, ਸਿੰਚਾਈ ਨੂੰ ਮਿਲੇਗਾ ਉਤਸ਼ਾਹ ਅਤੇ ਸਰਹੱਦੀ ਖੇਤਰ ਵਿੱਚ ਰੋਜ਼ਗਾਰ ਦੇ ਬਣਨਗੇ ਮੌਕੇ: ਕੁਲਦੀਪ ਸਿੰਘ ਧਾਲੀਵਾਲ

Shabdish Thind - Aug 18, 2026 09:27 PM
IMG

ਸ਼ਬਦੀਸ਼ ਥਿੰਦ 

ਚੰਡੀਗੜ੍ਹ 18 ਅਗਸਤ

 

ਆਮ ਆਦਮੀ ਪਾਰਟੀ (ਆਪ) ਦੇ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਇੱਕ ਵਫ਼ਦ ਨਾਲ ਖੇਤਰ ਨੂੰ ਹਰ ਸਾਲ ਆਉਣ ਵਾਲੇ ਭਿਆਨਕ ਹੜ੍ਹਾਂ ਦੀ ਮਾਰ ਤੋਂ ਬਚਾਉਣ ਅਤੇ ਇਲਾਕੇ ਦੇ ਸਥਾਈ ਵਿਕਾਸ ਲਈ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਵਫ਼ਦ ਵਿੱਚ ਅਜਨਾਲਾ ਹਲਕੇ ਦੇ ਸਰਪੰਚ, ਚੇਅਰਮੈਨ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।

 

ਮੰਗਲਵਾਰ ਨੂੰ ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਰਾਜਪਾਲ ਅੱਗੇ ਅਜਨਾਲਾ ਦੇ ਲੋਕਾਂ ਦਾ ਦਰਦ ਰੱਖਿਆ ਹੈ। ਹਰ ਸਾਲ ਰਾਵੀ ਅਤੇ ਉੱਜ ਦਰਿਆ ਦੇ ਪਾਣੀ ਕਾਰਨ ਉਨ੍ਹਾਂ ਦਾ ਇਲਾਕਾ ਪੂਰੀ ਤਰ੍ਹਾਂ ਜਲਥਲ ਹੋ ਜਾਂਦਾ ਹੈ। ਜੰਮੂ-ਕਸ਼ਮੀਰ ਤੋਂ ਆਉਂਦਾ ਉੱਜ ਦਰਿਆ ਦਾ ਪਾਣੀ ਪਠਾਨਕੋਟ, ਸੁਜਾਨਪੁਰ, ਦੀਨਾਨਗਰ, ਗੁਰਦਾਸਪੁਰ ਅਤੇ ਡੇਰਾ ਬਾਬਾ ਨਾਨਕ ਤੋਂ ਹੁੰਦਾ ਹੋਇਆ ਅੰਤ ਵਿੱਚ ਅਜਨਾਲਾ ਵਿੱਚ ਭਾਰੀ ਤਬਾਹੀ ਮਚਾਉਂਦਾ ਹੈ ਅਤੇ ਫਿਰ ਪਾਕਿਸਤਾਨ ਚਲਾ ਜਾਂਦਾ ਹੈ। ਇਸ ਕਾਰਨ ਹਰ ਸਾਲ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋ ਜਾਂਦੀਆਂ ਹਨ, ਸੜਕਾਂ ਟੁੱਟ ਜਾਂਦੀਆਂ ਹਨ, ਸਕੂਲ ਢਹਿ ਜਾਂਦੇ ਹਨ ਅਤੇ ਉਪਜਾਊ ਜ਼ਮੀਨਾਂ ਰੁੜ੍ਹ ਜਾਂਦੀਆਂ ਹਨ। ਹੜ੍ਹਾਂ ਦੇ ਇਸ ਲਗਾਤਾਰ ਖ਼ਤਰੇ ਕਾਰਨ ਖੇਤਰ ਵਿੱਚ ਕੋਈ ਉਦਯੋਗ ਲਗਾਉਣ ਲਈ ਵੀ ਤਿਆਰ ਨਹੀਂ ਹੁੰਦਾ।

 

ਵਿਧਾਇਕ ਧਾਲੀਵਾਲ ਨੇ ਰਾਜਪਾਲ ਦਾ ਧਿਆਨ ਕੇਂਦਰ ਸਰਕਾਰ ਦੀ ਉੱਜ ਦਰਿਆ 'ਤੇ ਡੈਮ ਬਣਾਉਣ ਦੀ ਉਸ ਯੋਜਨਾ ਵੱਲ ਦਿਵਾਇਆ ਜੋ ਪਿਛਲੇ 10-12 ਸਾਲਾਂ ਤੋਂ ਲਟਕ ਰਹੀ ਹੈ। ਉਨ੍ਹਾਂ ਨੇ ਰਾਜਪਾਲ ਤੋਂ ਅਪੀਲ ਕੀਤੀ ਕਿ ਉਹ ਪ੍ਰਧਾਨ ਮੰਤਰੀ ਅਤੇ ਕੇਂਦਰੀ ਜਲ ਸ਼ਕਤੀ ਮੰਤਰਾਲੇ ਅੱਗੇ ਇਸ ਮੁੱਦੇ ਨੂੰ ਮਜ਼ਬੂਤੀ ਨਾਲ ਚੁੱਕਣ ਤਾਂ ਜੋ ਜਲਦ ਤੋਂ ਜਲਦ ਡੈਮ ਦਾ ਨਿਰਮਾਣ ਪੂਰਾ ਹੋ ਸਕੇ। ਇਸ ਡੈਮ ਦੇ ਬਣਨ ਨਾਲ ਹੜ੍ਹਾਂ 'ਤੇ ਕੰਟਰੋਲ ਹੋਵੇਗਾ, ਬਿਜਲੀ ਦਾ ਉਤਪਾਦਨ ਹੋਵੇਗਾ, ਸਿੰਚਾਈ ਲਈ ਨਹਿਰਾਂ ਨਿਕਲਣਗੀਆਂ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ।

 

ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ 'ਵਿਕਸਿਤ ਭਾਰਤ' ਦਾ ਸੁਪਨਾ ਪੂਰਾ ਕਰਨਾ ਚਾਹੁੰਦੀ ਹੈ, ਤਾਂ ਉਸ ਨੂੰ ਵੱਡੇ ਸ਼ਹਿਰਾਂ ਦੇ ਨਾਲ-ਨਾਲ ਸਰਹੱਦੀ ਖੇਤਰਾਂ ਦੇ ਵਿਕਾਸ 'ਤੇ ਵੀ ਧਿਆਨ ਦੇਣਾ ਹੋਵੇਗਾ। ਜੇਕਰ ਬਾਰਡਰ ਦੇ ਇਲਾਕੇ ਇਸੇ ਤਰ੍ਹਾਂ ਅਣਗੌਲੇ ਰਹੇ, ਤਾਂ ਦੇਸ਼ ਦਾ ਪੂਰਾ ਵਿਕਾਸ ਅਧੂਰਾ ਰਹੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਪਿਛਲੀ ਵਾਰ ਪ੍ਰਧਾਨ ਮੰਤਰੀ ਵੱਲੋਂ ਐਲਾਨੇ ਗਏ 1600 ਕਰੋੜ ਰੁਪਏ ਦੇ ਮੁਆਵਜ਼ੇ ਦੇ ਅਜੇ ਤੱਕ ਨਾ ਮਿਲਣ ਦਾ ਮੁੱਦਾ ਵੀ ਚੁੱਕਿਆ।

 

ਉਨ੍ਹਾਂ ਦੱਸਿਆ ਕਿ ਰਾਜਪਾਲ ਨੇ ਵਫ਼ਦ ਦੀਆਂ ਮੰਗਾਂ ਨੂੰ ਧਿਆਨਪੂਰਵਕ ਸੁਣਿਆ ਅਤੇ ਭਰੋਸਾ ਦਿੱਤਾ ਕਿ ਉਹ ਜਲਦ ਹੀ ਵਫ਼ਦ ਨੂੰ ਨਾਲ ਲੈ ਕੇ ਕੇਂਦਰੀ ਜਲ ਸ਼ਕਤੀ ਮੰਤਰੀ ਨਾਲ ਮੁਲਾਕਾਤ ਦਾ ਸਮਾਂ ਤੈਅ ਕਰਨਗੇ ਅਤੇ ਇਸ ਸਮੱਸਿਆ ਦਾ ਹੱਲ ਕਰਵਾਉਣਗੇ।

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.