>
ਤਾਜਾ ਖਬਰਾਂ
ਜਗਦੀਸ਼ ਥਿੰਦ
ਫ਼ਾਜ਼ਿਲਕਾ / ਅਬੋਹਰ: ਫ਼ਾਜ਼ਿਲਕਾ ਪੁਲਿਸ ਵੱਲੋਂ ਮਾੜੇ ਅਨਸਰਾਂ ਅਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸੀ.ਆਈ.ਏ. ਫ਼ਾਜ਼ਿਲਕਾ ਦੀ ਟੀਮ ਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਪੁਲਿਸ ਟੀਮ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਇੱਕ ਅਸਲਾ ਤਸਕਰ ਨੂੰ 5 ਨਜਾਇਜ਼ ਪਿਸਤੌਲਾਂ ਅਤੇ 6 ਮੈਗਜ਼ੀਨਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਫਾਜਿਲਕਾ ਸ਼੍ਰੀ ਗਗਨ ਅਜੀਤ ਸਿੰਘ ਨੇ ਦੱਸਿਆ ਕਿ 28 ਜੁਲਾਈ ਨੂੰ ਇੰਸਪੈਕਟਰ ਸੁਨੀਲ ਕੁਮਾਰ (ਇੰਚਾਰਜ ਸੀ.ਆਈ.ਏ. ਫ਼ਾਜ਼ਿਲਕਾ) ਦੀ ਨਿਗਰਾਨੀ ਹੇਠ ਏ.ਐਸ.ਆਈ. ਰਾਧੇ ਸ਼ਾਮ ਸਮੇਤ ਪੁਲਿਸ ਪਾਰਟੀ ਫ਼ਾਜ਼ਿਲਕਾ-ਅਬੋਹਰ ਰੋਡ 'ਤੇ ਚੰਗੀ ਅਬੋਹਰ ਬਾਈਪਾਸ ਕੋਲ ਮੌਜੂਦ ਸੀ। ਇਸ ਦੌਰਾਨ ਮੁਖਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਪਿਯੂਸ਼ ਬਰੇਲਾ ਪੁੱਤਰ ਹਰੀਸ਼ ਬਰੇਲਾ, ਵਾਸੀ ਮੰਗਲਾਪੁਰੀ (ਪਾਲਮ ਕਾਲੋਨੀ, ਦਿੱਲੀ), ਜੋ ਕਿ ਨਜਾਇਜ਼ ਹਥਿਆਰਾਂ ਦੀ ਤਸਕਰੀ ਕਰਦਾ ਹੈ, ਅੱਜ ਵੀ ਹਥਿਆਰ ਵੇਚਣ ਲਈ ਅਬੋਹਰ ਦੀ ਦਾਣਾ ਮੰਡੀ ਰਾਹੀਂ ਅਜੀਤ ਨਗਰ ਲਿੰਕ ਰੋਡ 'ਤੇ ਆਇਆ ਹੋਇਆ ਹੈ।
ਮੁਖਬਰ ਦੀ ਪੁਖ਼ਤਾ ਇਤਲਾਹ ਦੇ ਆਧਾਰ 'ਤੇ ਪੁਲਿਸ ਪਾਰਟੀ ਨੇ ਤੁਰੰਤ ਛਾਪੇਮਾਰੀ ਕਰਕੇ ਉਕਤ ਦੋਸ਼ੀ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ 'ਚੋਂ ਵੱਖ-ਵੱਖ ਮਾਰਕਿਆਂ ਦੇ 5 ਨਜਾਇਜ਼ ਪਿਸਤੌਲ ਅਤੇ 6 ਮੈਗਜ਼ੀਨ ਬਰਾਮਦ ਕੀਤੇ ਗਏ।
ਬਰਾਮਦ ਕੀਤੇ ਗਏ ਹਥਿਆਰ:
01 ਗਲੌਕ ਪਿਸਤੌਲ 26 ਜਨਰੇਸ਼ਨ-4 (ਆਸਟਰੀਆ 9x19) ਸਮੇਤ 1 ਮੈਗਜ਼ੀਨ
01 ਦੇਸੀ ਪਿਸਤੌਲ .30 ਬੋਰ ਸਮੇਤ 1 ਮੈਗਜ਼ੀਨ
01 ਦੇਸੀ ਪਿਸਤੌਲ .30 ਬੋਰ (ਸਟਾਰ) ਸਮੇਤ 02 ਮੈਗਜ਼ੀਨ
01 ਟੋਕਾਰੇਵ ਪਿਸਤੌਲ (7.62x25) .30 ਬੋਰ (ਸਟਾਰ) ਸਮੇਤ 01 ਮੈਗਜ਼ੀਨ
01 ਸਟਾਰ ਪਿਸਤੌਲ .30 ਬੋਰ ਸਮੇਤ 01 ਮੈਗਜ਼ੀਨ
ਪਹਿਲਾਂ ਵੀ ਦਰਜ ਹੈ ਅਪਰਾਧਿਕ ਮਾਮਲਾ
ਪੁਲਿਸ ਦੀ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ 23 ਸਾਲਾ ਮੁਲਜ਼ਮ ਪਿਯੂਸ਼ ਬਰੇਲਾ ਖ਼ਿਲਾਫ਼ ਪਹਿਲਾਂ ਵੀ ਦਿੱਲੀ ਦੇ ਸਪੈਸ਼ਲ ਸੈੱਲ ਵਿਖੇ ਅਸਲਾ ਐਕਟ (ਮੁਕੱਦਮਾ ਨੰ. 152, ਮਿਤੀ 16-04-2024) ਤਹਿਤ ਮਾਮਲਾ ਦਰਜ ਹੈ।
ਫ਼ਾਜ਼ਿਲਕਾ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਥਾਣਾ ਸਿਟੀ-1 ਅਬੋਹਰ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ (ਮੁਕੱਦਮਾ ਨੰ. 232) ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ (ਹਥਿਆਰ ਕਿੱਥੋਂ ਲਿਆਂਦੇ ਗਏ ਅਤੇ ਕਿਸ ਨੂੰ ਵੇਚੇ ਜਾਣੇ ਸਨ) ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
Get all latest content delivered to your email a few times a month.