>
ਤਾਜਾ ਖਬਰਾਂ
ਇਸਮਾਈਲ ਏਸ਼ੀਆ
ਮਲੇਰਕੋਟਲਾ, 3 ਜੁਲਾਈ: ਮਲੇਰਕੋਟਲਾ (ਪੰਜਾਬ) ਦੇ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਭਾਜਪਾ ਘੱਟ ਗਿਣਤੀ ਮੋਰਚਾ ਦੀ ਆਗੂ ਨਾਜ਼ੀਆ ਇਲਾਹੀ ਖਾਨ ਵੱਲੋਂ ਇੱਕ ਪੋਡਕਾਸਟ ਦੌਰਾਨ ਇਸਲਾਮ ਦੇ ਪੈਗੰਬਰ ਹਜਰਤ ਮੁਹੰਮਦ ਮੁਸਤਫ਼ਾ (ਸੱਲੱਲਾਹੁ ਅਲੈਹਿ ਵਸੱਲਮ) ਅਤੇ ਉਨ੍ਹਾਂ ਦੀ ਪਤਨੀ ਹਜਰਤ ਆਇਸ਼ਾ ਸਿੱਦੀਕਾ (ਰਜ਼ੀਅੱਲਾਹੁ ਅਨਹਾ) ਦੀ ਸ਼ਾਨ ਵਿੱਚ ਕੀਤੀਆਂ ਗਈਆਂ ਬਹੁਤ ਹੀ ਇਤਰਾਜ਼ਯੋਗ, ਅਪਮਾਨਜਨਕ ਅਤੇ ਭੜਕਾਊ ਟਿੱਪਣੀਆਂ ਦੇ ਖਿਲਾਫ਼ ਇਕ ਜ਼ਬਰਦਸਤ ਰੋਸ ਮੁਜਾਹਰਾ ਕਰਕੇ ਗਹਿਰੇ ਦੁੱਖ ਅਤੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਸ ਸੰਵੇਦਨਸ਼ੀਲ ਮਾਮਲੇ ਦੇ ਸਬੰਧ ਵਿੱਚ ਭਾਈਚਾਰੇ ਦੇ ਨੁਮਾਇੰਦਿਆਂ ਵੱਲੋਂ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਅਤੇ ਡਿਪਟੀ ਕਮਿਸ਼ਨਰ ਮਲੇਰਕੋਟਲਾ ਨੂੰ ਮੰਗ ਪੱਤਰ ਭੇਜ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਮੁਸਲਿਮ ਭਾਈਚਾਰੇ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਪੱਛਮੀ ਬੰਗਾਲ ਦੀ ਰਹਿਣ ਵਾਲੀ ਉਕਤ ਆਗੂ ਦੀਆਂ ਟਿੱਪਣੀਆਂ ਵਾਲੀ ਵੀਡੀਓ ਸੋਸ਼ਲ ਮੀਡੀਆ 'ਤੇ ਵਿਆਪਕ ਤੌਰ 'ਤੇ ਵਾਇਰਲ ਹੋ ਚੁੱਕੀ ਹੈ, ਜਿਸ ਨਾਲ ਦੇਸ਼ ਅਤੇ ਵਿਦੇਸ਼ ਵਿੱਚ ਵੱਸਦੇ ਕਰੋੜਾਂ ਮੁਸਲਮਾਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਗੰਭੀਰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਕੇਵਲ ਧਾਰਮਿਕ ਭਾਵਨਾਵਾਂ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਸ ਨਾਲ ਸਮਾਜਿਕ ਸਦਭਾਵਨਾ, ਭਾਈਚਾਰਕ ਸਾਂਝ ਅਤੇ ਜਨਤਕ ਸ਼ਾਂਤੀ ਨੂੰ ਵੀ ਵੱਡਾ ਖਤਰਾ ਪੈਦਾ ਹੋਇਆ ਹੈ।
ਭਾਰਤ ਦਾ ਸੰਵਿਧਾਨ ਹਰੇਕ ਨਾਗਰਿਕ ਨੂੰ ਧਾਰਮਿਕ ਆਜ਼ਾਦੀ ਦਿੰਦਾ ਹੈ, ਪਰ ਨਾਲ ਹੀ ਇਹ ਫਰਜ਼ ਵੀ ਤੈਅ ਕਰਦਾ ਹੈ ਕਿ ਕਿਸੇ ਵੀ ਧਰਮ, ਉਸਦੀਆਂ ਪੂਜਨੀਕ ਸ਼ਖਸੀਅਤਾਂ ਜਾਂ ਧਾਰਮਿਕ ਵਿਸ਼ਵਾਸਾਂ ਦਾ ਅਪਮਾਨ ਨਾ ਕੀਤਾ ਜਾਵੇ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਨਾਜ਼ੀਆ ਇਲਾਹੀ ਖਾਨ ਵਿਰੁੱਧ ਮਹਾਰਾਸ਼ਟਰ ਰਾਜ ਦੇ ਵੱਖ-ਵੱਖ ਪੁਲਿਸ ਥਾਣਿਆਂ ਵਿੱਚ ਕਈ ਮੁਕੱਦਮੇ ਦਰਜ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿੱਚ ਮੁੱਖ ਤੌਰ 'ਤੇ ਥਾਣੇ ਸ਼ਹਿਰ ਦੇ ਸ਼ਾਂਤੀ ਨਗਰ ਪੁਲਿਸ ਸਟੇਸ਼ਨ ਵਿਖੇ ਐੱਫ.ਆਈ.ਆਰ. ਨੰਬਰ 0648/2026 (ਮਿਤੀ 22/06/2026), ਜੋ ਕਿ ਭਾਰਤੀ ਨਿਆਯ ਸੰਹਿਤਾ (BNS), 2023 ਦੀ ਧਾਰਾ 299 ਅਤੇ ਸੂਚਨਾ ਤਕਨਾਲੋਜੀ ਐਕਟ (IT Act) ਦੀ ਧਾਰਾ 67 ਤਹਿਤ ਦਰਜ ਹੈ। ਇਸੇ ਤਰ੍ਹਾਂ ਮਹਾਨਗਰ ਮੁੰਬਈ ਦੇ ਥਾਣਾ ਪਾਇਧੁਨੀ ਵਿਖੇ ਐੱਫ.ਆਈ.ਆਰ. ਨੰਬਰ 0 (005) (ਮਿਤੀ 22-06-2026) ਅਧੀਨ ਧਾਰਾ 299 ਬੀ.ਐੱਨ.ਐੱਸ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਉਕਤ ਆਗੂ ਪਹਿਲਾਂ ਵੀ ਮਸਜਿਦਾਂ, ਮੁਹੱਰਮ ਦੇ ਜਲੂਸਾਂ ਅਤੇ ਮੁਸਲਿਮ ਭਾਈਚਾਰੇ ਸਬੰਧੀ ਵਿਵਾਦਤ ਬਿਆਨ ਦੇ ਕੇ ਸਮਾਜਿਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੀ ਰਹੀ ਹੈ। ਮੁਸਲਿਮ ਭਾਈਚਾਰੇ ਨੇ ਮੰਗ ਕੀਤੀ ਕਿ ਨਾਜ਼ੀਆ ਇਲਾਹੀ ਖਾਨ ਨੂੰ ਦਰਜ ਹੋਈਆਂ ਐੱਫ.ਆਈ.ਆਰਜ਼ ਦੇ ਮੱਦੇਨਜ਼ਰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਇਸ ਪੂਰੇ ਮਾਮਲੇ ਦੀ ਉੱਚ ਪੱਧਰੀ, ਨਿਰਪੱਖ ਅਤੇ ਸਮੇਂ ਸਿਰ ਜਾਂਚ ਯਕੀਨੀ ਬਣਾਈ ਜਾਵੇ, ਤਾਂ ਜੋ ਭਵਿੱਖ ਵਿੱਚ ਕੋਈ ਵੀ ਵਿਅਕਤੀ ਕਿਸੇ ਵੀ ਧਰਮ ਜਾਂ ਮਹਾਨ ਸ਼ਖਸੀਅਤਾਂ ਦਾ ਅਪਮਾਨ ਨਾ ਕਰ ਸਕੇ। ਭਾਈਚਾਰੇ ਨੇ ਮੰਗ ਕੀਤੀ ਕਿ ਨਾਜ਼ੀਆ ਇਲਾਹੀ ਖਾਨ ਦੇ ਖਿਲਾਫ ਮਲੇਰਕੋਟਲਾ ਵਿਖੇ ਵੀ ਮੁਕੱਦਮਾ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਉਕਤ ਵਿਰੋਧ ਪ੍ਰਦਰਸ਼ਨ ਨੂੰ ਮੌਲਾਨਾ ਮੁਫ਼ਤੀ ਇਰਤਕਾ ਉੱਲ ਹਸਨ ਕੰਧਾਲਵੀ (ਮੁਫ਼ਤੀ ਏ ਆਜ਼ਮ ਪੰਜਾਬ), ਮੁਫ਼ਤੀ ਦਿਲਸ਼ਾਦ, ਮੁਫ਼ਤੀ ਅਬਦੁਲ ਮਲਿਕ ਅਤੇ ਮੌਲਾਨਾ ਮੁਹੰਮਦ ਆਜ਼ਮ ਨੇ ਵਿਸ਼ੇਸ਼ ਤੌਰ 'ਤੇ ਸਬੋਂਧਨ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਮੰਗ ਪੱਤਰ ਲੈਣ ਲਈ ਪ੍ਰਦਰਸ਼ਨ ਵਾਲੀ ਜਗ੍ਹਾ ਤੇ ਨਾ ਆਉਣ ਕਾਰਨ ਪ੍ਰਦਸ਼ਨਕਾਰੀਆਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ। ਪ੍ਰਦਰਸ਼ਨਕਾਰੀਆਂ ਵੱਲੋਂ ਡਿਪਟੀ ਕਮਿਸ਼ਨਰ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ ਅਤੇ ਅਜਿਹੀ ਮਾੜੀ ਸੋਚ ਵਾਲੇ ਅਫ਼ਸਰ ਦਾ ਇੱਥੋਂ ਤੁਰੰਤ ਤਬਾਦਲਾ ਕਰਨ ਦੀ ਮੰਗ ਵੀ ਚੁੱਕੀ ਗਈ।
ਲੋਕਾਂ ਦੇ ਇਸ ਜ਼ਬਰਦਸਤ ਅਤੇ ਭਾਰੀ ਇਕੱਠ ਦੇ ਦਰਮਿਆਨ ਆ ਕੇ ਆਖਰਕਾਰ ਏ.ਡੀ.ਸੀ. (ADC) ਵੱਲੋਂ ਮੰਗ ਪੱਤਰ ਲਿਆ ਗਿਆ। ਇਸ ਪ੍ਰਦਰਸ਼ਨ ਨੂੰ ਸਫ਼ਲ ਬਣਾਉਣ ਲਈ ਸ਼ਹਿਰ ਦੀਆਂ ਵੱਡੀ ਤਾਦਾਦ ਧਾਰਮਿਕ ਜਥੇਬੰਦੀਆਂ, ਸਮਾਜਿਕ ਸੰਸਥਾਵਾਂ ਅਤੇ ਆਗੂਆਂ ਨੇ ਕਈ ਦਿਨਾਂ ਤੋਂ ਦਿਨ-ਰਾਤ ਸਖ਼ਤ ਮਿਹਨਤ ਕੀਤੀ ਸੀ। ਭਾਈਚਾਰੇ ਨੇ ਕਿਹਾ ਕਿ ਅਸੀਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਪੂਰਨ ਇਨਸਾਫ਼ ਦੀ ਮੰਗ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨ ਅਤੇ ਪੁਲਿਸ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਸਖ਼ਤ ਕਾਰਵਾਈ ਅਮਲ ਵਿੱਚ ਲਿਆਵੇਗੀ।
Get all latest content delivered to your email a few times a month.