>
ਤਾਜਾ ਖਬਰਾਂ
ਜਗਦੀਸ਼ ਥਿੰਦ
ਚੰਡੀਗੜ੍ਹ/ਫ਼ਿਰੋਜ਼ਪੁਰ 30 ਜੂਨ 2026 : ਆਮ ਆਦਮੀ ਪਾਰਟੀ (ਆਪ) ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਫ਼ਤਿਹ ਹਾਸਲ ਕਰਨ ਲਈ ਹੁਣੇ ਤੋਂ ‘ਸਾਮ-ਦਾਮ-ਦੰਡ-ਭੇਦ’ ਯਾਨੀ ਹਰ ਤਰ੍ਹਾਂ ਦੇ ਸਿਆਸੀ ਸਮੀਕਰਨ ਅਪਣਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਪਾਰਟੀ ਹਾਈਕਮਾਂਡ ਵੱਲੋਂ ਜਾਰੀ ਕੀਤੀ ਗਈ ਨਵੀਂ ਸੂਚੀ ਅਤੇ ਹਲਕਾ ਇੰਚਾਰਜਾਂ ਦੀਆਂ ਨਿਯੁਕਤੀਆਂ ਨੇ ਸੂਬੇ ਦੀ ਸਿਆਸਤ ਵਿੱਚ ਵੱਡੀ ਹਲਚਲ ਪੈਦਾ ਕਰ ਦਿੱਤੀ ਹੈ।
ਫਿਰੋਜ਼ਪੁਰ 'ਚ ਗੁਰਪ੍ਰੀਤ ਸਿੰਘ ਸੇਖੋਂ ਦਾ ਵਧਿਆ ਕੱਦ
ਜ਼ਿਲ੍ਹਾ ਫਿਰੋਜ਼ਪੁਰ ਅੰਦਰ ਪਾਰਟੀ ਨੇ ਵੱਡਾ ਫੇਰਬਦਲ ਕਰਦਿਆਂ ਜ਼ੀਰਾ ਅਤੇ ਫਿਰੋਜ਼ਪੁਰ ਦਿਹਾਤੀ ਦੀ ਵਾਗਡੋਰ ਮੌਜੂਦਾ ਵਿਧਾਇਕਾਂ ਦੇ ਹੱਥਾਂ ਵਿੱਚੋਂ ਲੈ ਕੇ ਲਗਭਗ ਗੁਰਪ੍ਰੀਤ ਸਿੰਘ ਸੇਖੋਂ ਨੂੰ ਸੌਂਪ ਦਿੱਤੀ ਹੈ। ਸਿਆਸੀ ਗਲਿਆਰਿਆਂ ਵਿੱਚ ਚਰਚਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਫਿਰੋਜ਼ਪੁਰ ਦਿਹਾਤੀ ਹਲਕੇ ਤੋਂ ਟਿਕਟ ਦੀ ਦਾਅਵੇਦਾਰੀ ਗੁਰਪ੍ਰੀਤ ਸੇਖੋਂ ਦੀ ਸਿਫ਼ਾਰਸ਼ 'ਤੇ ਹੀ ਤੈਅ ਹੋਵੇਗੀ।
ਇਸ ਦੇ ਸੰਕੇਤ ਉਦੋਂ ਵੀ ਮਿਲੇ ਜਦੋਂ ਮੁਦਕੀ, ਜ਼ੀਰਾ ਅਤੇ ਮਮਦੋਟ ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਦੌਰਾਨ ਟਿਕਟਾਂ ਦੀ ਵੰਡ ਗੁਰਪ੍ਰੀਤ ਸੇਖੋਂ ਵੱਲੋਂ ਕੀਤੀ ਗਈ। ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਵੀ ਸੇਖੋਂ ਨੇ ਆਪਣੀ ਧਰਮ ਪਤਨੀ ਅਤੇ ਆਜ਼ਾਦ ਬਲਾਕ ਸਮਿਤੀ ਮੈਂਬਰਾਂ ਨੂੰ ਅਕਾਲੀ ਦਲ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੇ ਸਹਿਯੋਗ ਨਾਲ ਜਿਤਾਉਣ ਵਿੱਚ ਸਫ਼ਲਤਾ ਹਾਸਲ ਕੀਤੀ ਸੀ। ਹੁਣ ਚਰਚਾ ਇਹ ਵੀ ਹੈ ਕਿ ਸਾਬਕਾ ਵਿਧਾਇਕ ਜਿੰਦੂ ਦੇ ਪਰਿਵਾਰਕ ਮੈਂਬਰਾਂ ਨੂੰ ਜਲਦ ਹੀ ਰਸਮੀ ਤੌਰ 'ਤੇ 'ਆਪ' ਵਿੱਚ ਸ਼ਾਮਲ ਕਰਵਾਇਆ ਜਾ ਸਕਦਾ ਹੈ।
ਮਾਝੇ ਦੇ ਹਲਕਿਆਂ 'ਚ ਨਵੇਂ ਚਿਹਰਿਆਂ ਨੂੰ ਕਮਾਂਡ
ਪਾਰਟੀ ਵੱਲੋਂ ਅੱਜ ਐਲਾਨੇ ਗਏ ਹਲਕਾ ਇੰਚਾਰਜਾਂ ਵਿੱਚ ਮਾਝੇ ਦੇ ਕਈ ਅਹਿਮ ਹਲਕਿਆਂ ਦੀ ਕਮਾਂਡ ਬਦਲੀ ਗਈ ਹੈ:
ਕਾਦੀਆਂ: ਇਸ ਹਲਕੇ ਤੋਂ ਸੇਵਾ ਸਿੰਘ ਸੇਖਵਾਂ ਦੇ ਬੇਟੇ ਜਗਰੂਪ ਸਿੰਘ ਸੇਖਵਾਂ ਨੂੰ ਹਟਾ ਕੇ ਗੁਰਇਕਬਾਲ ਸਿੰਘ ਮਾਹਲ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਜ਼ਿਕਰਯੋਗ ਹੈ ਕਿ ਮਾਹਲ ਪਿਛਲੀ ਵਿਧਾਨ ਸਭਾ ਚੋਣ ਦੌਰਾਨ ਇਸੇ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਸਨ।
ਸੁਜਾਨਪੁਰ: ਹਾਲ ਹੀ ਵਿੱਚ ‘ਆਪ’ ਵਿੱਚ ਸ਼ਾਮਲ ਹੋਏ ਸਵਰਨ ਸਿੰਘ ਸਲਾਰੀਆ ਨੂੰ ਇਸ ਹਲਕੇ ਦਾ ਸਰਵੇ-ਸਰਵਾ (ਆਲ ਇਨ ਆਲ) ਬਣਾਇਆ ਗਿਆ ਹੈ। ਸਲਾਰੀਆ ਇਸ ਤੋਂ ਪਹਿਲਾਂ ਭਾਜਪਾ ਵਿੱਚ ਸਨ ਅਤੇ ਉਨ੍ਹਾਂ ਨੇ 2017 ਦੀ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਭਾਜਪਾ ਦੀ ਟਿਕਟ 'ਤੇ ਲੜੀ ਸੀ।
ਪਠਾਨਕੋਟ: ਪਠਾਨਕੋਟ ਹਲਕੇ ਦੀ ਵਾਗਡੋਰ ਹੁਣ ਨੌਜਵਾਨ ਆਗੂ ਰੋਹਿਤ ਸਿਆਲ ਦੇ ਹੱਥਾਂ ਵਿੱਚ ਸੌਂਪੀ ਗਈ ਹੈ।
ਫਿਰੋਜ਼ਪੁਰ-ਫਾਜ਼ਿਲਕਾ 'ਚ ਵੱਡੇ ਉਲਟਫੇਰ ਦੀ ਤਿਆਰੀ!
ਸਿਆਸੀ ਮਾਹਰਾਂ ਮੁਤਾਬਕ, ਆਮ ਆਦਮੀ ਪਾਰਟੀ ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੀਆਂ ਸਿਰਫ਼ ਦੋ ਸੀਟਾਂ ਨੂੰ ਛੱਡ ਕੇ ਬਾਕੀ ਸਾਰੇ ਹਲਕਿਆਂ ਵਿੱਚ ਆਪਣੇ ਉਮੀਦਵਾਰ ਬਦਲਣ ਦੀ ਪੂਰੀ ਤਿਆਰੀ ਕਰ ਚੁੱਕੀ ਹੈ। ਐਂਟੀ-ਇਨਕੰਬੈਂਸੀ (ਸਰਕਾਰ ਵਿਰੋਧੀ ਲਹਿਰ) ਨੂੰ ਪਛਾੜਨ ਅਤੇ ਨਵੇਂ ਸਮੀਕਰਨ ਸਿਰਜਣ ਲਈ ਪਾਰਟੀ ਵੱਲੋਂ ਇਹ ਹਮਲਾਵਰ ਰਣਨੀਤੀ ਅਪਣਾਈ ਜਾ ਰਹੀ ਹੈ।
Get all latest content delivered to your email a few times a month.