> Bolda Punjab -ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀਡੀਓ ਫਰਜ਼ੀ ਸੀ, ਸਾਰੀ ਸਾਜ਼ਿਸ਼ ਬੇਨਕਾਬ ਹੋਈ
IMG-LOGO
ਹੋਮ ਪੰਜਾਬ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀਡੀਓ ਫਰਜ਼ੀ ਸੀ, ਸਾਰੀ...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀਡੀਓ ਫਰਜ਼ੀ ਸੀ, ਸਾਰੀ ਸਾਜ਼ਿਸ਼ ਬੇਨਕਾਬ ਹੋਈ

ਕਿਸੇ ਹੋਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਰਗਾ ਦਿਖਾਉਣ ਲਈ ਮਾਸਕ ਦੀ ਵਰਤੋਂ ਕੀਤੀ ਸੀ

ਕੈਨੇਡਾ ਰਹਿੰਦੇ ਬਲੈਕਮੇਲਰ ਜਗਮਨ ਸਮਰਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮਾਸਕ ਨਾਲ ਬਣਾਈ ਵੀਡੀਓ

Admin user - Jun 25, 2026 09:21 PM
IMG

   ਜਗਦੀਸ਼ ਥਿੰਦ 

ਐਸ.ਏ.ਐਸ. ਨਗਰ (ਮੋਹਾਲੀ), 25 ਜੂਨ

 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਬੂਤ ਪੇਸ਼ ਕਰਕੇ ਧਾਰਮਿਕ ਆਧਾਰ 'ਤੇ ਉਨ੍ਹਾਂ ਦਾ ਅਕਸ ਖ਼ਰਾਬ ਕਰਨ ਲਈ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਗਈ ਇੱਕ ਫਰਜ਼ੀ ਵੀਡੀਓ ਪਿੱਛੇ ਰਚੀ ਗਈ ਸਾਜ਼ਿਸ਼ ਨੂੰ ਬੇਨਕਾਬ ਕੀਤਾ। ਮੀਡੀਆ ਸਾਹਮਣੇ ਵੀਡੀਓਜ਼ ਅਤੇ ਹੋਰ ਸਮੱਗਰੀ ਦਿਖਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨਾਲ ਮਿਲਦਾ-ਜੁਲਦਾ ਮਾਸਕ (ਮੁਖੌਟਾ) ਤਿਆਰ ਕਰਵਾਇਆ ਗਿਆ ਸੀ ਅਤੇ ਉਸ ਦੀ ਵਰਤੋਂ ਇਸ ਫਰਜ਼ੀ ਵੀਡੀਓ ਨੂੰ ਬਣਾਉਣ ਲਈ ਕੀਤੀ ਗਈ ਸੀ। ਉਨ੍ਹਾਂ ਨੇ ਕੈਨੇਡਾ ਰਹਿੰਦੇ ਜਗਮਨ ਸਮਰਾ ਦੀ ਪਛਾਣ ਉਸ ਵਿਅਕਤੀ ਵਜੋਂ ਕੀਤੀ, ਜਿਸ ਬਾਰੇ ਉਨ੍ਹਾਂ ਕਿਹਾ ਕਿ ਉਸ ਨੇ ਮਾਸਕ ਦੀ ਵਰਤੋਂ ਕਰਕੇ ਵੀਡੀਓ ਸ਼ੂਟ ਕੀਤੀ ਸੀ।

 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਫਰਜ਼ੀ ਵੀਡੀਓ ਕੈਨੇਡਾ ਦੇ ਇਕ ਹੋਟਲ ਵਿੱਚ ਫਿਲਮਾਈ ਗਈ ਸੀ, ਜਦੋਂ ਕਿ ਉਹ 2016 ਤੋਂ ਬਾਅਦ ਉਸ ਦੇਸ਼ ਵਿੱਚ ਨਹੀਂ ਗਏ। ਉਨ੍ਹਾਂ ਅੱਗੇ ਕਿਹਾ ਕਿ ਇਹ ਮਾਸਕ ਇਕ ਕਾਰ ਵਿੱਚ ਜਗਮਨ ਸਮਰਾ ਨੂੰ ਡਿਲੀਵਰ ਕੀਤਾ ਗਿਆ ਸੀ ਅਤੇ ਇਸ ਤੋਂ ਬਾਅਦ ਸਮਰਾ ਇਸ ਨੂੰ ਹੱਥ ਵਿੱਚ ਫੜੀ ਸਾਫ਼ ਦਿਖਾਈ ਦੇ ਰਿਹਾ ਸੀ। ਮੁੱਖ ਮੰਤਰੀ ਨੇ ਇਹ ਵੀ ਨੁਕਤਾ ਚੁੱਕਿਆ ਕਿ ਵੀਡੀਓ ਵਿੱਚ ਮਾਸਕ ਸਾਫ਼ ਦਿਖਾਈ ਦੇ ਰਿਹਾ ਹੈ ਅਤੇ ਉਨ੍ਹਾਂ ਦੀ ਗਰਦਨ ਦੇ ਅਪ੍ਰੇਸ਼ਨ ਦਾ ਨਿਸ਼ਾਨ ਗਾਇਬ ਹੈ। ਮੁੱਖ ਮੰਤਰੀ ਨੇ ਕਿਹਾ ਕਿ ਫਰਜ਼ੀ ਵੀਡੀਓ ਬਣਾਉਣ ਵਾਲਿਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਪੜਤਾਲ ਤੋਂ ਬਾਅਦ ਉਨ੍ਹਾਂ ਨੂੰ ਬੇਨਕਾਬ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਇਹ ਮਾਮਲਾ ਸਬੂਤਾਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਰੱਖਿਆ ਜਾਵੇਗਾ।

 

ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਵੀਡੀਓ ਸਾਂਝੀ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਿਖਿਆ: “ਬਜ਼ੁਰਗਾਂ ਨੇ ਹਮੇਸ਼ਾ ਕਿਹਾ ਹੈ ਕਿ ਰੱਬ ਦੇ ਘਰ ਦੇਰ ਹੈ, ਅੰਧੇਰ ਨਹੀਂ। ਮੇਰੇ ਪਿਆਰੇ ਪੰਜਾਬੀਓ, ਪਿਛਲੇ ਕੁਝ ਦਿਨਾਂ ਤੋਂ ਮੇਰੇ ਸਿਆਸੀ ਵਿਰੋਧੀਆਂ ਨੇ ਮੇਰੀ ਇੱਕ ਫਰਜ਼ੀ ਵੀਡੀਓ 'ਤੇ ਸਿਆਸਤ ਖੇਡੀ ਹੈ। ਅੱਜ ਇੱਕ ਮਾਸਕ ਨੇ ਉਨ੍ਹਾਂ ਵਿਰੋਧੀਆਂ ਦੇ ਅਸਲੀ ਚਿਹਰੇ ਨੰਗੇ ਕਰ ਦਿੱਤੇ ਹਨ। ਮੈਂ ਸ਼ੁਰੂ ਤੋਂ ਹੀ ਇਹ ਗੱਲ ਕਹਿੰਦਾ ਆ ਰਿਹਾ ਹਾਂ ਕਿ ਉਸ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਮੈਂ ਨਹੀਂ ਹਾਂ।

ਮੁੱਖ ਮੰਤਰੀ ਨੇ ਪੋਸਟ ਦੇ ਅਖੀਰ ਵਿੱਚ ਲਿਖਿਆ ਗਿਆ, “ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੱਗੇ ਮੇਰਾ ਸਿਰ ਹਮੇਸ਼ਾ ਝੁਕਿਆ ਹੈ ਅਤੇ ਸਦਾ ਝੁਕਿਆ ਰਹੇਗਾ। ਮੇਰਾ ਭਰੋਸਾ, ਮੇਰੀ ਜ਼ਮੀਰ ਅਤੇ ਪੰਜਾਬ ਦੇ ਸੂਝਵਾਨ ਲੋਕ ਮੇਰੇ ਨਾਲ ਖੜ੍ਹੇ ਹਨ। ਇਸ ਸਾਰੀ ਸਾਜ਼ਿਸ਼ ਦਾ ਮਾਸਟਰਮਾਈਂਡ ਕੌਣ ਸੀ? ਆਉਣ ਵਾਲੇ ਦਿਨਾਂ ਵਿੱਚ ਅਸੀਂ ਇਸ ਬਾਰੇ ਵੀ ਹੋਰ ਵੱਡੇ ਖੁਲਾਸੇ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ” 

 

ਮੀਡੀਆ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ''ਪਿਛਲੇ ਕਈ ਦਿਨਾਂ ਤੋਂ ਮੇਰੀ ਇਕ ਫਰਜ਼ੀ ਅਤੇ ਮਨਘੜਤ ਵੀਡੀਓ ਵਾਰ-ਵਾਰ ਵਾਇਰਲ ਕੀਤੀ ਜਾ ਰਹੀ ਹੈ। ਇਸ ਤੋਂ ਸਿਰਫ਼ ਸਿਆਸੀ ਲਾਹਾ ਲੈਣ ਲਈ ਧਾਰਮਿਕ ਆਦੇਸ਼ ਵੀ ਜਾਰੀ ਕਰਵਾਏ ਗਏ। ਸਿਆਸੀ ਆਕਾ ਧਾਰਮਿਕ ਪਦਵੀਆਂ 'ਤੇ ਬੈਠੇ ਲੋਕਾਂ ਦੀ ਵਰਤੋਂ ਆਪਣੇ ਫਾਇਦੇ ਅਨੁਸਾਰ ਐਲਾਨ ਕਰਵਾਉਣ ਲਈ ਕਰ ਰਹੇ ਹਨ ਤਾਂ ਜੋ ਮੈਨੂੰ ਧਾਰਮਿਕ ਤੌਰ 'ਤੇ ਬਦਨਾਮ ਕੀਤਾ ਜਾ ਸਕੇ ਕਿਉਂਕਿ ਉਹ ਸਿਆਸੀ ਤੌਰ 'ਤੇ ਮੇਰਾ ਮੁਕਾਬਲਾ ਨਹੀਂ ਕਰ ਸਕਦੇ। ਉਹ ਜ਼ਮੀਨੀ ਪੱਧਰ 'ਤੇ ਪੂਰੀ ਤਰ੍ਹਾਂ ਨਾਕਾਮ ਹੋ ਚੁੱਕੇ ਹਨ ਅਤੇ ਹੁਣ ਮੈਨੂੰ ਧਾਰਮਿਕ ਤੌਰ 'ਤੇ ਬਦਨਾਮ ਕਰਨ ਲਈ ਰੋਜ਼ਾਨਾ ਇੱਕ ਤੋਂ ਬਾਅਦ ਇੱਕ ਹੁਕਮ ਜਾਰੀ ਕਰਨ 'ਤੇ ਉੱਤਰ ਆਏ ਹਨ।"

 

ਮੁੱਖ ਮੰਤਰੀ ਨੇ ਕਿਹਾ, “ਸਾਡੀ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਸਮਾਜਿਕ, ਆਰਥਿਕ ਅਤੇ ਧਾਰਮਿਕ ਭਲਾਈ ਲਈ ਬੇਮਿਸਾਲ ਕੰਮ ਕੀਤੇ ਹਨ। ਚਾਹੇ ਉਹ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਹੋਵੇ, ਪਾਲਕੀ ਸਾਹਿਬ ਲੈ ਕੇ ਜਾਣ ਵਾਲੀਆਂ ਗੱਡੀਆਂ ਦਾ ਟੈਕਸ ਮੁਆਫ਼ ਕਰਨਾ ਹੋਵੇ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਦੌਰਾਨ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਨੰਦਪੁਰ ਸਾਹਿਬ ਵਿਖੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣਾ ਹੋਵੇ ਜਾਂ ਸਿੱਖਾਂ ਦੇ ਤਖ਼ਤ ਸਾਹਿਬਾਨ ਵਾਲੇ ਤਿੰਨ ਸ਼ਹਿਰਾਂ ਨੂੰ 'ਪਵਿੱਤਰ ਸ਼ਹਿਰ' ਦਾ ਦਰਜਾ ਦੇਣਾ ਹੋਵੇ, ਉਹ ਇਨ੍ਹਾਂ ਫੈਸਲਿਆਂ ਦਾ ਮੁਕਾਬਲਾ ਨਹੀਂ ਕਰ ਸਕਦੇ।"

 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ''ਸਾਰੀਆਂ ਵਿਰੋਧੀ ਪਾਰਟੀਆਂ ਹੁਣ ਸਿਰਫ ਇਕੋ ਮਕਸਦ ਨਾਲ ਇਕਜੁੱਟ ਹੋ ਗਈਆਂ ਹਨ ਕਿ ਭਗਵੰਤ ਮਾਨ ਨੂੰ ਝੂਠੀਆਂ ਵੀਡੀਓਜ਼ ਰਾਹੀਂ ਨਿਸ਼ਾਨਾ ਬਣਾਉਣਾ ਤਾਂ ਜੋ ਲੋਕ ਮੇਰੇ ਨਾਲ ਨਫ਼ਰਤ ਕਰਨ ਲੱਗ ਪੈਣ ਪਰ ਅਜਿਹਾ ਕਦੇ ਨਹੀਂ ਹੋਵੇਗਾ।"

 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭੂਮਿਕਾ 'ਤੇ ਸਵਾਲ ਉਠਾਉਂਦੇ ਹੋਏ ਉਨ੍ਹਾਂ ਕਿਹਾ, "ਗੁਰਦੁਆਰਿਆਂ ਦੇ ਬਾਹਰ ਬੋਰਡ ਲਾਏ ਗਏ ਹਨ, ਜਿਨ੍ਹਾਂ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੇ ਨਾਂ 'ਤੇ ਲੋਕਾਂ ਨੂੰ ਭਗਵੰਤ ਮਾਨ ਦਾ ਬਾਈਕਾਟ ਕਰਨ ਲਈ ਕਿਹਾ ਗਿਆ ਹੈ ਜਦਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਦਾ ਮੈਂ ਦੁਨੀਆ ਭਰ ਦੀ ਸਮੁੱਚੀ ਸਿੱਖ ਸੰਗਤ ਸਮੇਤ ਪੂਰਾ ਸਤਿਕਾਰ ਕਰਦਾ ਹਾਂ। ਸੁਖਬੀਰ ਬਾਦਲ ਨੂੰ 'ਤਨਖਾਹੀਆ' ਕਰਾਰ ਦਿੱਤੇ ਜਾਣ 'ਤੇ ਅਜਿਹੇ ਬੋਰਡ ਕਿਉਂ ਨਹੀਂ ਲਾਏ ਗਏ? ਬੇਅਦਬੀ ਦੀਆਂ ਘਟਨਾਵਾਂ ਅਤੇ ਪੁਲਿਸ ਫਾਇਰਿੰਗ ਲਈ ਜ਼ਿੰਮੇਵਾਰ ਲੋਕਾਂ ਦਾ ਬਾਈਕਾਟ ਕਰਨ ਲਈ ਲੋਕਾਂ ਨੂੰ ਕਿਉਂ ਨਹੀਂ ਕਿਹਾ ਗਿਆ? ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਖੁਦ ਕਹਿੰਦੇ ਹਨ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਬਜਾਏ ਸੁਖਬੀਰ ਬਾਦਲ ਦੇ ਸਿਪਾਹੀ ਹਨ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਉਨ੍ਹਾਂ ਦੀ ਵਫ਼ਾਦਾਰੀ ਕਿਸ ਪ੍ਰਤੀ ਹੈ।"

 

ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਜਦੋਂ ਮੈਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਬੁਲਾਇਆ ਗਿਆ ਸੀ, ਮੈਂ ਉੱਥੇ ਇੱਕ ਨਿਮਾਣੇ ਸਿੱਖ ਵਜੋਂ ਗਿਆ ਸੀ। ਅੱਜ ਵੀ ਜੇਕਰ ਮੈਨੂੰ ਬੁਲਾਇਆ ਗਿਆ ਤਾਂ ਮੈਂ ਬਿਨਾਂ ਕਿਸੇ ਝਿਜਕ ਦੇ ਪੇਸ਼ ਹੋਵਾਂਗਾ। ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਕਦੇ ਵੀ ਚੁਣੌਤੀ ਨਹੀਂ ਦੇ ਸਕਦਾ ਅਤੇ ਨਾ ਹੀ ਅਜਿਹਾ ਕਰਨ ਦੀ ਮੇਰੀ ਹੈਸੀਅਤ ਹੈ।"

 

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਦੀ ਕਾਰਵਾਈ ਦੀ ਜਾਰੀ ਕੀਤੀ ਗਈ ਵੀਡੀਓ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ, “ਮੈਂ ਬੇਨਤੀ ਕੀਤੀ ਸੀ ਕਿ ਇਸ ਕਾਰਵਾਈ ਦਾ ਲਾਈਵ ਪ੍ਰਸਾਰਣ ਕੀਤਾ ਜਾਵੇ, ਪਰ ਮੈਨੂੰ ਦੱਸਿਆ ਗਿਆ ਕਿ ਪੰਜ ਸਿੰਘ ਸਾਹਿਬਾਨ ਲਈ ਸਿਰਫ ਇੱਕ ਰਿਕਾਰਡਿੰਗ ਰੱਖੀ ਜਾਵੇਗੀ। ਹੁਣ ਉਸ ਰਿਕਾਰਡਿੰਗ ਨੂੰ ਵੀ ਐਡਿਟ ਕਰਕੇ ਚੋਣਵੇਂ ਰੂਪ ਵਿੱਚ ਜਾਰੀ ਕੀਤਾ ਜਾ ਰਿਹਾ ਹੈ। ਉਸ ਰਿਕਾਰਡਿੰਗ ਵਿੱਚ ਵੀ ਮੈਂ ਇਹੋ ਕਹਿ ਰਿਹਾ ਹਾਂ ਕਿ ਵਾਇਰਲ ਵੀਡੀਓ ਵਿੱਚ ਦਿਖਾਇਆ ਗਿਆ ਵਿਅਕਤੀ ਮੈਂ ਨਹੀਂ ਹਾਂ। ਕੋਈ ਵੀ ਇਸ ਦੀ ਜਾਂਚ ਕਰਵਾ ਸਕਦਾ ਹੈ।"

 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਕੱਲ੍ਹ ਕਾਂਗਰਸ ਨੇ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਭਗਵੰਤ ਮਾਨ ਦਾ ਬਾਈਕਾਟ ਕਰਨ ਦਾ ਸੱਦਾ ਦਿੰਦਿਆਂ ਦੋਸ਼ ਲਾਏ ਗਏ ਸਨ ਕਿ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਚੁਣੌਤੀ ਦਿੱਤੀ ਹੈ। ਉਹੀ ਕਾਂਗਰਸ, ਜਿਸ ਨੇ 1984 ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹਿਆ ਅਤੇ ਟੈਂਕ ਤੇ ਗੋਲੇ ਚਲਾਏ, ਹੁਣ ਉਹ ਪਾਰਟੀ ਦਾਅਵਾ ਕਰ ਰਹੀ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਤੇ ਪਵਿੱਤਰਤਾ ਦੀ ਰਾਖੀ ਕਰੇਗੀ।"

 

ਉਨ੍ਹਾਂ ਅੱਗੇ ਕਿਹਾ, “ਦੂਜੀ ਪਾਰਟੀ ਅਕਾਲੀ ਦਲ ਹੈ, ਜਿਸ ਦਾ ਇਤਿਹਾਸ ਬੇਅਦਬੀਆਂ ਦਾ ਰਿਹਾ ਹੈ। ਤੀਜੀ ਪਾਰਟੀ ਭਾਜਪਾ ਹੈ, ਜਿਸ ਦੇ ਆਗੂਆਂ ਨੇ ਇੰਦਰਾ ਗਾਂਧੀ ਨੂੰ ਸਲਾਹ ਦਿੱਤੀ ਸੀ ਕਿ ਹਮਲਾ ਕਰਨਾ ਹੀ ਸਭ ਤੋਂ ਵਧੀਆ ਬਦਲ ਹੈ, ਜਿਸ ਕਾਰਨ ਆਪ੍ਰੇਸ਼ਨ ਬਲੂ ਸਟਾਰ ਹੋਇਆ। ਅੱਜ ਇਹ ਤਿੰਨੋਂ ਪਾਰਟੀਆਂ ਇਕੱਠੀਆਂ ਹੋ ਕੇ ਭਗਵੰਤ ਮਾਨ ਖ਼ਿਲਾਫ਼ ਸਾਂਝਾ ਮੋਰਚਾ ਬਣਾ ਚੁੱਕੀਆਂ ਹਨ। ਇਹ ਸਿਰਫ਼ ਇਹ ਸਾਬਤ ਕਰਦਾ ਹੈ ਕਿ ਉਹ ਸਿਆਸੀ ਤੌਰ 'ਤੇ ਬੁਖਲਾ ਗਏ ਹਨ। ਉਹ ਜਿੱਥੇ ਵੀ ਜਾਂਦੇ ਹਨ, ਉੱਥੇ ਲੋਕ ਇਕੱਠੇ ਨਹੀਂ ਕਰ ਸਕਦੇ, ਜਦੋਂ ਕਿ ਲੋਕ ਵੱਡੀ ਗਿਣਤੀ ਵਿਚ ਮੇਰੇ ਨਾਲ ਜੁੜ ਰਹੇ ਹਨ।"

 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਮੈਂ ਹਰ ਰੋਜ਼ ਪਿੰਡਾਂ ਦਾ ਦੌਰਾ ਕਰ ਰਿਹਾ ਹਾਂ। ਅੱਜ ਮੈਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਜਲੂਰ ਜਾ ਰਿਹਾ ਹਾਂ। ਕੱਲ੍ਹ ਮੈਂ ਬੁਢਲਾਡਾ ਦੇ ਪਿੰਡ ਧਰਮਪੁਰਾ ਵਿੱਚ ਸੀ ਅਤੇ ਉਸ ਤੋਂ ਪਿਛਲੇ ਦਿਨ ਮੈਂ ਮੌੜ ਵਿਧਾਨ ਸਭਾ ਹਲਕੇ ਦੇ ਮੰਡੀ ਕਲਾਂ ਵਿੱਚ ਸੀ। ਹਰ ਰੋਜ਼ ਮੈਂ ਪਿੰਡਾਂ ਵਿੱਚ ਲੋਕਾਂ ਨੂੰ ਮਿਲਦਾ ਹਾਂ। ਲੋਕ ਸਾਨੂੰ ਸੁਣਨ ਲਈ ਕੋਠਿਆਂ ਅਤੇ ਛੱਤਾਂ 'ਤੇ ਚੜ੍ਹ ਜਾਂਦੇ ਹਨ। ਉਹ ਪਾਣੀ ਦੀ ਸਪਲਾਈ, ਬਿਜਲੀ, ਰੁਜ਼ਗਾਰ, ਪਿੰਡਾਂ ਦੇ ਛੱਪੜਾਂ, ਸੜਕਾਂ ਅਤੇ ਵਿਕਾਸ ਬਾਰੇ ਚਰਚਾ ਕਰਦੇ ਹਨ। ਜਿੱਥੇ ਲੋਕ ਵਿਕਾਸ ਦੀ ਗੱਲ ਕਰ ਰਹੇ ਹਨ, ਉੱਥੇ ਮੇਰੇ ਵਿਰੋਧੀ ਪੰਜਾਬ ਦਾ ਧਿਆਨ ਮਨਘੜਤ ਵਿਵਾਦਾਂ ਵੱਲ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।"

 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅੱਜ ਦੇ ਸਬੂਤ ਪੇਸ਼ ਕਰਨ ਤੋਂ ਬਾਅਦ, ਮੇਰਾ ਮੰਨਣਾ ਹੈ ਕਿ ਮੈਨੂੰ ਹੋਰ ਕੁਝ ਕਹਿਣ ਦੀ ਲੋੜ ਨਹੀਂ ਪਵੇਗੀ। ਮੈਂ ਫੈਸਲਾ ਗੁਰੂ ਨਾਨਕ ਨਾਮ ਲੇਵਾ ਸੰਗਤ 'ਤੇ ਛੱਡਦਾ ਹਾਂ।"

 

ਵੀਡੀਓ ਦੀ ਫ੍ਰੇਮ-ਦਰ-ਫ੍ਰੇਮ (ਇੱਕ-ਇੱਕ ਪਲ ਦੀ) ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਮਾਸਕ (ਮੁਖੌਟਾ) ਸਾਫ਼ ਦਿਖਾਈ ਦੇ ਰਿਹਾ ਹੈ। ਜਿੱਥੇ ਮਾਸਕ ਖ਼ਤਮ ਹੁੰਦਾ ਹੈ, ਉੱਥੇ ਇੱਕ ਸਾਫ਼ ਲਾਈਨ ਦੇਖੀ ਜਾ ਸਕਦੀ ਹੈ। ਉਸ ਵਿਅਕਤੀ ਦੀ ਠੋਡੀ ਬਿਲਕੁਲ ਸਾਫ਼ ਹੈ, ਜਦੋਂ ਕਿ ਮੇਰੀ ਠੋਡੀ 'ਤੇ ਪੰਜ ਸਾਲ ਦੀ ਉਮਰ ਤੋਂ ਸਰਜਰੀ ਦਾ ਇੱਕ ਪੱਕਾ ਨਿਸ਼ਾਨ ਹੈ। ਉਹ ਨਿਸ਼ਾਨ ਮੇਰੀਆਂ ਪੁਰਾਣੀਆਂ ਵੀਡੀਓਜ਼ ਵਿੱਚ ਵੀ ਨਜ਼ਰ ਆਉਂਦਾ ਹੈ, ਜਿਨ੍ਹਾਂ ਵਿੱਚ ਮੇਰੀਆਂ ਸ਼ੁਰੂਆਤੀ ਕਾਮੇਡੀ ਵੀਡੀਓਜ਼ ਵੀ ਸ਼ਾਮਲ ਹਨ। ਜਿਨ੍ਹਾਂ ਨੇ ਇਹ ਫਰਜ਼ੀ ਵੀਡੀਓ ਬਣਾਈ ਹੈ, ਉਹ ਇਸ ਨਿਸ਼ਾਨ ਨੂੰ ਦੁਬਾਰਾ ਬਣਾਉਣਾ ਭੁੱਲ ਗਏ।”

 

ਉਨ੍ਹਾਂ ਅੱਗੇ ਕਿਹਾ, “ਗਰਦਨ ਦੀ ਲਾਈਨ, ਕੰਨ, ਚਿਹਰੇ ਦੀ ਬਣਾਵਟ ਅਤੇ ਚਮੜੀ ਦਾ ਰੰਗ ਵੀ ਸਾਫ਼ ਦਿਖਾਉਂਦੇ ਹਨ ਕਿ ਕਿਸੇ ਵਿਅਕਤੀ ਦੇ ਚਿਹਰੇ 'ਤੇ ਮਾਸਕ ਲਾਇਆ ਗਿਆ ਹੈ। ਗਰਦਨ ਦੀ ਹਰਕਤ ਵੀ ਮਾਸਕ ਕਾਰਨ ਬਣਨ ਵਾਲੀਆਂ ਤੈਹਾਂ (ਵੱਟਾਂ) ਨੂੰ ਉਜਾਗਰ ਕਰਦੀ ਹੈ। ਮਾਸਕ ਰਾਹੀਂ ਅੱਖਾਂ ਨੂੰ ਉਸੇ ਤਰ੍ਹਾਂ ਨਹੀਂ ਦਿਖਾਇਆ ਜਾ ਸਕਦਾ ਸੀ, ਇਸੇ ਕਰਕੇ ਉਨ੍ਹਾਂ ਨੂੰ ਲੁਕਾਉਣ ਲਈ ਕਾਲੀਆਂ ਐਨਕਾਂ ਦੀ ਵਰਤੋਂ ਕੀਤੀ ਗਈ ਹੈ। ਕੋਈ ਵੀ ਵੀਡੀਓ ਨੂੰ ਜ਼ੂਮ ਕਰਕੇ ਇਨ੍ਹਾਂ ਵੇਰਵਿਆਂ ਦੀ ਪੁਸ਼ਟੀ ਕਰ ਸਕਦਾ ਹੈ।”

ਉਨ੍ਹਾਂ ਕਿਹਾ, “ਇਹ ਮਾਸਕ ਵਿਸ਼ੇਸ਼ ਤੌਰ 'ਤੇ ਤਿਆਰ ਕਰਵਾ ਕੇ ਮੰਗਵਾਇਆ ਗਿਆ ਸੀ। ਜਿਸ ਦਿਨ ਇਸ ਦੀ ਡਿਲੀਵਰੀ ਹੋਈ, ਕੈਨੇਡਾ ਸਥਿਤ ਬਲੈਕਮੇਲਰ ਜਗਮਨ ਸਮਰਾ ਨੇ ਮਾਸਕ ਨੂੰ ਆਪਣੇ ਹੱਥ 'ਤੇ ਰੱਖ ਕੇ ਆਪਣੀ ਕਾਰ ਦੇ ਅੰਦਰ ਇੱਕ ਵੀਡੀਓ ਰਿਕਾਰਡ ਕੀਤੀ। ਉਸ ਨੇ ਮਾਸਕ ਦਿਖਾਉਂਦੇ ਹੋਏ ਤਸਵੀਰਾਂ ਵੀ ਖਿੱਚੀਆਂ ਅਤੇ ਸਮਝਾਇਆ ਕਿ ਇਹ ਕਿਸੇ ਦੂਜੇ ਵਿਅਕਤੀ ਦੇ ਚਿਹਰੇ 'ਤੇ ਕਿਵੇਂ ਫਿੱਟ ਬੈਠਦਾ ਹੈ।”

 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਬਾਅਦ ਵਿੱਚ ਇਹੀ ਮਾਸਕ ਕਿਸੇ ਹੋਰ ਵਿਅਕਤੀ 'ਤੇ ਲਾ ਕੇ ਫਰਜ਼ੀ ਵੀਡੀਓ ਸ਼ੂਟ ਕੀਤੀ ਗਈ। ਵੀਡੀਓ ਵਿੱਚ ਦਿਖਾਇਆ ਗਿਆ ਕਮਰਾ ਕੈਨੇਡਾ ਦੇ ਐਬਟਸਫੋਰਡ ਦੇ ਇੱਕ ਹੋਟਲ ਦਾ ਕਮਰਾ ਹੈ। ਮੈਂ ਨਵੰਬਰ, 2016 ਤੋਂ ਬਾਅਦ ਕੈਨੇਡਾ ਗਿਆ ਹੀ ਨਹੀਂ। ਉਦੋਂ ਤੋਂ ਮੈਂ ਚੋਣਾਂ ਲੜ ਰਿਹਾ ਹਾਂ ਅਤੇ ਫਿਰ ਸੰਸਦ ਮੈਂਬਰ ਬਣਿਆ। ਹੋਟਲ ਦੇ ਕਮਰੇ ਦਾ ਡਿਜ਼ਾਈਨ ਖ਼ੁਦ ਉਸਾਰੀ ਦੀ ਉਸ ਸ਼ੈਲੀ ਨੂੰ ਦਰਸਾਉਂਦਾ ਹੈ ਜੋ 2017-18 ਤੋਂ ਬਾਅਦ ਹੀ ਆਮ ਹੋਈ ਸੀ। ਹੋਟਲ ਦੇ ਕਮਰੇ ਦੇ ਅੰਦਰ ਗੁਰੂ ਸਾਹਿਬ ਦੀਆਂ ਤਸਵੀਰਾਂ ਕੌਣ ਰੱਖਦਾ ਹੈ?”

 

ਉਨ੍ਹਾਂ ਅੱਗੇ ਕਿਹਾ, “ਇਸੇ ਵਿਅਕਤੀ ਨੇ ਅਰਵਿੰਦ ਕੇਜਰੀਵਾਲ ਦਾ ਵੀ ਮਾਸਕ ਆਰਡਰ ਕੀਤਾ ਸੀ। ਅਸੀਂ ਆਉਣ ਵਾਲੇ ਦਿਨਾਂ ਵਿੱਚ ਉਹ ਸਬੂਤ ਵੀ ਪੇਸ਼ ਕਰਾਂਗੇ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ, “ਅਸੀਂ ਇਹ ਵੀ ਖ਼ੁਲਾਸਾ ਕਰਾਂਗੇ ਕਿ ਇਸ ਆਪ੍ਰੇਸ਼ਨ ਨੂੰ ਕਿਸ ਨੇ ਫਾਇਨਾਂਸ ਕੀਤਾ, ਇਹ ਫਰਜ਼ੀ ਵੀਡੀਓਜ਼ ਬਣਾਉਣ ਲਈ ਕਿਸ ਨੇ ਭੁਗਤਾਨ ਕੀਤਾ, ਇਨ੍ਹਾਂ ਨੂੰ ਕਿਸ ਨੇ ਪ੍ਰੋਡਿਊਸ ਕੀਤਾ ਅਤੇ ਕਿਸ ਨੇ ਡਾਇਰੈਕਟ ਕੀਤਾ। ਉਹ ਖ਼ੁਲਾਸੇ ਵੀ ਹੈਰਾਨ ਕਰਨ ਵਾਲੇ ਹੋਣਗੇ। ਅਸੀਂ ਜਨਤਾ ਦੇ ਸਾਹਮਣੇ ਸਭ ਰੱਖਣ ਤੋਂ ਪਹਿਲਾਂ ਸਿਰਫ਼ ਕੁਝ ਬਾਕੀ ਬਚੇ ਵੇਰਵਿਆਂ ਦੀ ਪੁਸ਼ਟੀ ਕਰਨਾ ਚਾਹੁੰਦੇ ਹਾਂ।”

 

ਉਨ੍ਹਾਂ ਕਿਹਾ, “ਇਸੇ ਹੋਟਲ ਦੇ ਕਮਰੇ ਦੀ ਵਰਤੋਂ ਮੇਰੇ ਨਾਲ ਜੋੜੀਆਂ ਜਾ ਰਹੀਆਂ ਹੋਰ ਕਥਿਤ ਨਿੱਜੀ ਵੀਡੀਓਜ਼ ਨੂੰ ਸ਼ੂਟ ਕਰਨ ਲਈ ਕੀਤੀ ਗਈ ਸੀ। ਇਹ ਸਾਰੀਆਂ ਵੀਡੀਓਜ਼ ਇੱਕੋ ਦਿਨ, ਉਸੇ ਵਿਅਕਤੀ ਨੂੰ ਮਾਸਕ ਪਹਿਨਾ ਕੇ ਸ਼ੂਟ ਕੀਤੀਆਂ ਗਈਆਂ ਸਨ। ਇਸੇ ਕਰਕੇ ਮੈਂ ਲਗਾਤਾਰ ਇਹ ਕਹਿ ਰਿਹਾ ਹਾਂ ਕਿ ਉਨ੍ਹਾਂ ਵੀਡੀਓਜ਼ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਮੈਂ ਨਹੀਂ ਹਾਂ। ਸਰੀਰ ਦੀ ਬਣਾਵਟ, ਹਾਵ-ਭਾਵ, ਤੁਰਨ ਦਾ ਤਰੀਕਾ ਅਤੇ ਬੈਠਣ-ਖੜ੍ਹੇ ਹੋਣ ਦਾ ਅੰਦਾਜ਼ ਮੇਰੇ ਨਾਲ ਮੇਲ ਨਹੀਂ ਖਾਂਦਾ।”

 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅੱਜ ਜੋ ਸਬੂਤ ਅਸੀਂ ਪੇਸ਼ ਕੀਤੇ ਹਨ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਭੇਜੇ ਜਾਣਗੇ ਅਤੇ ਬੇਨਤੀ ਕੀਤੀ ਜਾਵੇਗੀ ਕਿ ਇਸ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ। ਮਾਸਕ ਪਹਿਨੇ ਹੋਏ ਕਿਸੇ ਵਿਅਕਤੀ ਨੂੰ ਸਿੱਧਾ ਭਗਵੰਤ ਮਾਨ ਕਿਵੇਂ ਐਲਾਨਿਆ ਜਾ ਸਕਦਾ ਹੈ?”

 

ਜਗਮਨ ਸਮਰਾ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਉਹ ਸੰਗਰੂਰ ਦੇ ਨੇੜਲੇ ਪਿੰਡ ਦਾ ਰਹਿਣ ਵਾਲਾ ਹੈ, ਜੋ ਨੇਪਾਲ ਦੇ ਰਸਤਿਓਂ ਫਰੀਦਕੋਟ ਜੇਲ੍ਹ ਵਿੱਚੋਂ ਫਰਾਰ ਹੋ ਗਿਆ ਸੀ ਅਤੇ ਅਖ਼ੀਰ ਕੈਨੇਡਾ ਪਹੁੰਚ ਗਿਆ ਸੀ। ਉਹ ਇੱਕ ਬਲੈਕਮੇਲਰ ਹੈ, ਨਸ਼ਿਆਂ ਨਾਲ ਉਸ ਦਾ ਨਾਮ ਜੁੜਦਾ ਹੈ ਅਤੇ ਉਹ ਕਈ ਵਾਰ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ।”

 

ਹੋਰ ਦੋਸ਼ਾਂ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਦੋ ਆਈ.ਪੀ.ਐਸ. (ਆਈ.ਪੀ.ਐਸ.) ਅਧਿਕਾਰੀਆਂ ਦੇ ਗੁਰੂਗ੍ਰਾਮ ਜਾਣ ਦੇ ਦੋਸ਼ ਵੀ ਝੂਠੇ ਹਨ। ਏਜੰਸੀਆਂ ਰਾਹੀਂ ਲੋਕਾਂ ਤੋਂ ਕੁਝ ਵੀ ਅਖਵਾਇਆ ਜਾ ਸਕਦਾ ਹੈ। ਜਦੋਂ ਵੀ ਅਸੀਂ ਸਬੂਤ ਪੇਸ਼ ਕਰਦੇ ਹਾਂ ਤਾਂ ਨਵੇਂ ਦੋਸ਼ ਲਗਾ ਕੇ ਇਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।”

 

ਉਨ੍ਹਾਂ ਅੱਗੇ ਕਿਹਾ, “ਇਸ ਮਾਮਲੇ ਵਿੱਚ ਪਹਿਲਾਂ ਹੀ ਐਫ.ਆਈ.ਆਰ. ਦਰਜ ਕੀਤੀ ਜਾ ਚੁੱਕੀ ਹੈ। ਅੱਜ ਜੋ ਸਬੂਤ ਅਸੀਂ ਪੇਸ਼ ਕੀਤੇ ਹਨ, ਉਹ ਪੁਲਿਸ ਹਵਾਲੇ ਵੀ ਕੀਤੇ ਜਾਣਗੇ। ਅਸੀਂ ਇੰਟਰਪੋਲ ਰਾਹੀਂ ਇਸ ਵਿਅਕਤੀ ਨੂੰ ਵਾਪਸ ਲਿਆਉਣ ਦਾ ਅਮਲ ਸ਼ੁਰੂ ਕਰਾਂਗੇ।”

 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਮਾਮਲੇ ਨੂੰ ਪੰਜਾਬ ਵਿਧਾਨ ਸਭਾ ਦੀ ਕਮੇਟੀ ਕੋਲ ਵੀ ਉਠਾਇਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਜਗਮਨ ਸਮਰਾ ਨੇ ਇਸ ਤੋਂ ਪਹਿਲਾਂ ਇੱਕ ਸਾਬਕਾ ਕੇਂਦਰੀ ਖੇਤੀਬਾੜੀ ਮੰਤਰੀ ਦੇ ਪੁੱਤਰ ਨੂੰ ਬਲੈਕਮੇਲ ਕਰਕੇ ਮੋਟੀ ਰਕਮ ਦੀ ਮੰਗ ਕੀਤੀ ਸੀ ਅਤੇ ਕਿਸਾਨ ਅੰਦੋਲਨ ਦੌਰਾਨ ਆਗੂਆਂ ਨੂੰ ਵੀ ਨਿਸ਼ਾਨਾ ਬਣਾਇਆ ਸੀ।

 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅਜਿਹੀਆਂ ਫਰਜ਼ੀ ਵੀਡੀਓਜ਼ ਹਮੇਸ਼ਾ ਚੋਣਾਂ ਦੇ ਦਿਨਾਂ ਵਿੱਚ ਸਾਹਮਣੇ ਆਉਂਦੀਆਂ ਹਨ। ਪਿਛਲੀਆਂ ਚੋਣਾਂ ਦੌਰਾਨ ਵੀ ਮਨਘੜਤ ਵੀਡੀਓਜ਼ ਵਾਇਰਲ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਮੈਂ ਸ਼ਰਾਬ ਪੀਤੀ ਸੀ, ਡਿੱਗ ਰਿਹਾ ਸੀ, ਜਾਂ ਬਰਗਰ ਵੀ ਨਹੀਂ ਖਾ ਪਾ ਰਿਹਾ ਸੀ। ਇਹ ਚੋਣਾਂ ਵੇਲੇ ਦੇ ਹਥਿਆਰ ਹਨ ਕਿਉਂਕਿ ਮੇਰੇ ਵਿਰੋਧੀਆਂ ਕੋਲ ਪੇਸ਼ ਕਰਨ ਲਈ ਹੋਰ ਕੁਝ ਨਹੀਂ ਹੈ।”

 

ਅਖ਼ੀਰ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਦੇ ਲੋਕ ਸੱਚ ਜਾਣਦੇ ਹਨ। ਹਰ ਰੋਜ਼ ਜਦੋਂ ਮੈਂ ਪਿੰਡਾਂ ‘ਚ ਜਾਂਦਾ ਹਾਂ ਤਾਂ ਲੋਕ ਮੈਨੂੰ ਆਖ਼ਦੇ ਹਨ ਕਿ ਉਹ ਚੰਗੀ ਤਰ੍ਹਾਂ ਸਮਝਦੇ ਹਨ ਕਿ ਇਨ੍ਹਾਂ ਸਾਜ਼ਿਸ਼ਾਂ ਪਿੱਛੇ ਕੌਣ ਹੈ। ਜਨਤਾ ਸਭ ਕੁਝ ਜਾਣਦੀ ਹੈ।”

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.