> Bolda Punjab -ਭਾਜਪਾ ਆਗੂ ਦੇ ਬੇਟੇ ਦੀ ਭਾਰੀ ਮਾਤਰਾ ਵਿੱਚ ਹਥਿਆਰਾਂ ਨਾਲ ਗ੍ਰਿਫ਼ਤਾਰੀ ਭਗਵਾ ਪਾਰਟੀ ਦਾ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦਾ ਜਿਊਂਦਾ-ਜਾਗਦਾ ਸਬੂਤ: ਕੁਲਦੀਪ ਧਾਲੀਵਾਲ
IMG-LOGO
ਹੋਮ ਪੰਜਾਬ : ਭਾਜਪਾ ਆਗੂ ਦੇ ਬੇਟੇ ਦੀ ਭਾਰੀ ਮਾਤਰਾ ਵਿੱਚ ਹਥਿਆਰਾਂ ਨਾਲ...

ਭਾਜਪਾ ਆਗੂ ਦੇ ਬੇਟੇ ਦੀ ਭਾਰੀ ਮਾਤਰਾ ਵਿੱਚ ਹਥਿਆਰਾਂ ਨਾਲ ਗ੍ਰਿਫ਼ਤਾਰੀ ਭਗਵਾ ਪਾਰਟੀ ਦਾ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦਾ ਜਿਊਂਦਾ-ਜਾਗਦਾ...

ਬੀਐੱਸਐੱਫ ਅਤੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਭਾਜਪਾ ਐੱਸਸੀ ਮੋਰਚਾ ਦੇ ਆਗੂ ਦੇ ਬੇਟੇ ਨੂੰ ਗ੍ਰਿਫ਼ਤਾਰ ਕੀਤਾ,ਕੀ ਸੁਨੀਲ ਜਾਖੜ ਅਤੇ ਤਰੁਣ ਚੁੱਘ ਆਪਣੇ ਅਪਰਾਧਿਕ ਆਗੂਆਂ...

ਪੰਜਾਬ ਦੀ ਸਰਹੱਦੀ ਸੁਰੱਖਿਆ ਬੀਐੱਸਐੱਫ ਅਤੇ ਅਮਿਤ ਸ਼ਾਹ ਦੇ ਕੰਟਰੋਲ ਹੇਠ ਹੈ, ਫਿਰ ਸੂਬੇ ਵਿੱਚ ਹਥਿਆਰ ਅਤੇ ਨਸ਼ੇ ਕਿਵੇਂ ਦਾਖਲ ਹੋ ਰਹੇ ਹਨ? ਕੁਲਦੀਪ ਸਿੰਘ...

Shabdish Thind - Jun 24, 2026 12:16 AM
IMG

ਸ਼ਬਦੀਸ਼ ਥਿੰਦ 

ਚੰਡੀਗੜ੍ਹ, 23 ਜੂਨ 

 

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦਾ ਸਿੱਧਾ ਦੋਸ਼ ਲਗਾਇਆ ਹੈ। ਧਾਲੀਵਾਲ ਨੇ ਕਿਹਾ ਕਿ ਕਰੀਬ ਇੱਕ ਮਹੀਨਾ ਪਹਿਲਾਂ ਜਦੋਂ ਬੰਬ ਧਮਾਕੇ ਹੋਏ ਸੀ, ਉਦੋਂ ਵੀ ਉਨ੍ਹਾਂ ਨੇ ਡੰਕੇ ਦੀ ਚੋਟ 'ਤੇ ਕਿਹਾ ਸੀ ਕਿ ਭਾਜਪਾ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ। ਅੱਜ ਉਨ੍ਹਾਂ ਦੀ ਉਹ ਗੱਲ 100% ਸੱਚ ਸਾਬਤ ਹੋ ਗਈ ਹੈ। 

 

ਮੰਗਲਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਪੰਜਾਬ ਵਿੱਚ ਕੀਤੇ ਜਾ ਰਹੇ ਇਤਿਹਾਸਕ ਲੋਕ-ਪੱਖੀ ਕੰਮਾਂ ਤੋਂ ਭਾਜਪਾ ਬੁਰੀ ਤਰ੍ਹਾਂ ਬੌਖਲਾ ਗਈ ਹੈ। ਇਸੇ ਘਬਰਾਹਟ ਵਿੱਚ ਪੰਜਾਬ ਨੂੰ ਅਸਥਿਰ ਕਰਨ ਲਈ ਭਾਜਪਾ ਖ਼ਤਰਨਾਕ ਚਾਲਾਂ ਚੱਲ ਰਹੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਨਵ-ਨਿਯੁਕਤ ਸ਼ਹਿਰੀ ਪ੍ਰਧਾਨ ਸਰਬਜੋਤ ਵੀ ਮੌਜੂਦ ਸਨ।

 

ਧਾਲੀਵਾਲ ਨੇ ਸਨਸਨੀਖੇਜ਼ ਖੁਲਾਸਾ ਕਰਦਿਆਂ ਦੱਸਿਆ ਕਿ ਬੀਤੀ 19 ਜੂਨ ਨੂੰ ਅਜਨਾਲਾ ਨੇੜਲੇ ਪਿੰਡ ਹਰੜ ਖੁਰਦ ਤੋਂ ਬੀਐੱਸਐੱਫ ਅਤੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਰੋਹਨ ਨਾਮ ਦੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇਸ਼ ਧ੍ਰੋਹੀ ਕੋਲੋਂ ਇੱਕ ਏਕੇ-47 ਰਾਈਫਲ, ਇੱਕ ਮੇਡ-ਇਨ-ਅਮੈਰਿਕਾ ਅਤਿ-ਆਧੁਨਿਕ ਬੁਲੇਟਪਰੂਫ ਜੈਕਟ, 25 ਪਿਸਤੌਲ ਅਤੇ 368 ਕਾਰਤੂਸ ਬਰਾਮਦ ਹੋਏ ਹਨ। ਧਾਲੀਵਾਲ ਨੇ ਕਿਹਾ ਕਿ ਇਹ ਕੋਈ ਹੋਰ ਨਹੀਂ, ਸਗੋਂ ਅੰਮ੍ਰਿਤਸਰ ਭਾਜਪਾ ਐੱਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸ਼ਿਵ ਕੁਮਾਰ ਦਾ ਬੇਟਾ ਹੈ। ਇਹ ਉਹੀ ਅੰਮ੍ਰਿਤਸਰ ਸ਼ਹਿਰ ਹੈ ਜਿੱਥੋਂ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਨਵ-ਨਿਯੁਕਤ ਰਾਜ ਸਭਾ ਮੈਂਬਰ ਤਰੁਣ ਚੁੱਘ ਆਉਂਦੇ ਹਨ। ਉਨ੍ਹਾਂ ਦੇ ਨੱਕ ਹੇਠ ਭਾਜਪਾ ਦੇ ਵੱਡੇ ਆਗੂ ਦਾ ਬੇਟਾ ਇੰਨੇ ਵੱਡੇ ਪੱਧਰ 'ਤੇ ਹਥਿਆਰਾਂ ਦੀ ਤਸਕਰੀ ਵਿੱਚ ਲਿਪਤ ਹੈ।

 

ਧਾਲੀਵਾਲ ਨੇ ਜਾਂਚ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਫੜਿਆ ਗਿਆ ਮੁਲਜ਼ਮ ਆਸਟ੍ਰੇਲੀਆ ਵਿੱਚ ਬੈਠੇ ਅਨਮੋਲ ਨਾਮ ਦੇ ਇੱਕ ਵਿਅਕਤੀ ਦੇ ਸੰਪਰਕ ਵਿੱਚ ਸੀ ਅਤੇ ਇਸ ਤੋਂ ਪਹਿਲਾਂ ਹਥਿਆਰਾਂ ਅਤੇ ਡਰੱਗਜ਼ ਦੀਆਂ ਕਰੀਬ 7 ਤੋਂ 8 ਖੇਪਾਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਪਹੁੰਚਾ ਚੁੱਕਾ ਹੈ। ਉਨ੍ਹਾਂ ਸਿੱਧਾ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਪੁੱਛਿਆ ਕਿ ਅੰਤਰਰਾਸ਼ਟਰੀ ਸਰਹੱਦ ਤੋਂ ਲੈ ਕੇ 50 ਕਿਲੋਮੀਟਰ ਦਾ ਇਲਾਕਾ ਸਿੱਧੇ ਤੌਰ 'ਤੇ ਬੀਐੱਸਐੱਫ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਆਉਂਦਾ ਹੈ, ਤਾਂ ਫਿਰ ਇੰਨੀ ਵੱਡੀ ਮਾਤਰਾ ਵਿੱਚ ਹਥਿਆਰ ਦੇਸ਼ ਦੇ ਅੰਦਰ ਕਿਵੇਂ ਆ ਰਹੇ ਹਨ? ਕੀ ਅਮਿਤ ਸ਼ਾਹ ਦਾ ਖੁਫੀਆ ਅਤੇ ਸੁਰੱਖਿਆ ਤੰਤਰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ, ਜਾਂ ਫਿਰ ਪੰਜਾਬ ਨੂੰ ਦਹਿਲਾਉਣ ਲਈ ਜਾਣਬੁੱਝ ਕੇ ਢਿੱਲ ਦਿੱਤੀ ਜਾ ਰਹੀ ਹੈ?

 

'ਆਪ' ਬੁਲਾਰੇ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਈ ਵਾਰ ਪੱਤਰ ਲਿਖਿਆ ਹੈ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਬੈਠਕਾਂ ਕੀਤੀਆਂ ਹਨ ਕਿ ਪੰਜਾਬ ਦੀ 532 ਕਿਲੋਮੀਟਰ ਲੰਬੀ ਅੰਤਰਰਾਸ਼ਟਰੀ ਸਰਹੱਦ ਨੂੰ ਸੁਰੱਖਿਅਤ ਕਰਨ ਲਈ ਬੀਐੱਸਐੱਫ ਨੂੰ ਆਧੁਨਿਕ ਐਂਟੀ-ਡ੍ਰੋਨ ਸਿਸਟਮ ਦਿੱਤੇ ਜਾਣ। ਸਾਡੇ ਬੀਐੱਸਐੱਫ ਦੇ ਜਵਾਨ ਬਹੁਤ ਬਹਾਦਰ ਹਨ, ਪਰ ਜਦੋਂ ਡ੍ਰੋਨ ਰਾਹੀਂ ਆਧੁਨਿਕ ਹਥਿਆਰ ਅਤੇ ਡਰੱਗਜ਼ ਸੁੱਟੇ ਜਾ ਰਹੇ ਹੋਣ, ਤਾਂ ਬਿਨਾਂ ਤਕਨੀਕ ਦੇ ਉਹ ਕੀ ਕਰਨ? ਕੇਂਦਰ ਦੀ ਭਾਜਪਾ ਸਰਕਾਰ ਨੇ ਅੱਜ ਤੱਕ ਪੰਜਾਬ ਨੂੰ ਇਸ ਕੰਮ ਲਈ ਇੱਕ ਧੇਲਾ ਤੱਕ ਨਹੀਂ ਦਿੱਤਾ। ਇਸ ਦੇ ਉਲਟ, ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਪੱਧਰ 'ਤੇ 52 ਕਰੋੜ ਰੁਪਏ ਖਰਚ ਕਰਕੇ ਤਿੰਨ ਐਂਟੀ-ਡ੍ਰੋਨ ਸਿਸਟਮ ਸਰਹੱਦ 'ਤੇ ਲਗਵਾਏ ਹਨ। ਭਾਜਪਾ ਨਾ ਸਿਰਫ਼ ਪੰਜਾਬ ਦੇ ਫੰਡ ਰੋਕਣਾ ਚਾਹੁੰਦੀ ਹੈ, ਸਾਡਾ ਪਾਣੀ ਖੋਹਣਾ ਚਾਹੁੰਦੀ ਹੈ, ਬਲਕਿ ਹੁਣ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਹਥਿਆਰਾਂ ਦੀ ਦਲਦਲ ਵਿੱਚ ਧੱਕਣਾ ਚਾਹੁੰਦੀ ਹੈ।

 

ਧਾਲੀਵਾਲ ਨੇ ਪੰਜਾਬ ਭਾਜਪਾ ਦੇ ਆਗੂ ਸੁਨੀਲ ਜਾਖੜ, ਤਰੁਣ ਚੁੱਘ ਅਤੇ ਕੇਵਲ ਢਿੱਲੋਂ 'ਤੇ ਤਿੱਖਾ ਹਮਲਾ ਬੋਲਦਿਆਂ ਪੁੱਛਿਆ ਕਿ ਕੀ ਉਹ ਹੁਣ ਆਪਣੇ ਇਸ ਅਪਰਾਧੀ ਆਗੂ ਖ਼ਿਲਾਫ਼ ਕਾਰਵਾਈ ਕਰਨਗੇ? ਭਾਜਪਾ ਦੀ ਵੰਡਪਾਊ ਰਾਜਨੀਤੀ ਨੂੰ ਬੇਨਕਾਬ ਕਰਦਿਆਂ ਉਨ੍ਹਾਂ ਪਟਿਆਲਾ ਦੀ ਇੱਕ ਘਟਨਾ ਦਾ ਜ਼ਿਕਰ ਕੀਤਾ, ਜਿੱਥੇ ਭਾਜਪਾ ਆਗੂ ਕਰਨ ਕੌੜਾ ਨੇ ਮੁਸਲਿਮ ਭਾਈਚਾਰੇ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕੀਤੀ। ਧਾਲੀਵਾਲ ਨੇ ਕਿਹਾ ਕਿ ਇਹ ਲੋਕ ਦੇਸ਼ ਵਿੱਚ ਘੱਟ ਗਿਣਤੀਆਂ ਅਤੇ ਖੇਤਰੀ ਪਾਰਟੀਆਂ ਨੂੰ ਖ਼ਤਮ ਕਰਨਾ ਚਾਹੁੰਦੇ ਹਨ ਅਤੇ ਵਿਰੋਧੀ ਆਵਾਜ਼ਾਂ ਨੂੰ ਦਬਾਉਣ ਲਈ ਈਡੀ ਅਤੇ ਸੀਬੀਆਈ ਵਰਗੀਆਂ ਏਜੰਸੀਆਂ ਦੀ ਵਰਤੋਂ ਕਰ ਰਹੇ ਹਨ। 

 

ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਬੱਚਿਆਂ ਅਤੇ ਰਾਜ ਨੂੰ ਬਚਾ ਲਓ ਅਤੇ ਇਸ ਲੋਕ-ਵਿਰੋਧੀ ਭਾਜਪਾ ਨੂੰ ਕਦੇ ਮੂੰਹ ਨਾ ਲਗਾਓ। ਉਨ੍ਹਾਂ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ 'ਆਪ' ਅਤੇ ਪੰਜਾਬ ਦੇ ਲੋਕ ਭਾਜਪਾ ਦੀਆਂ ਇਨ੍ਹਾਂ ਘਿਨਾਉਣੀਆਂ ਹਰਕਤਾਂ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਣਗੇ।

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.