>
ਤਾਜਾ ਖਬਰਾਂ
ਜਗਦੀਸ਼ ਥਿੰਦ
ਮੱਖੂ/ਫਿਰੋਜ਼ਪੁਰ 8 ਜੂਨ 2026
ਮੱਖੂ ਦੇ ਬਹੁਚਰਚਿਤ ਗੁਰਚਰਨ ਗਾਬਾ ਕਤਲ ਕਾਂਡ ਦੇ ਮੁੱਖ ਦੋਸ਼ੀ ਵਿਸ਼ਨੂੰ ਠਾਕੁਰ ਦਾ ਫਿਰੋਜ਼ਪੁਰ ਪੁਲਿਸ ਵੱਲੋਂ ਐਨਕਾਊਂਟਰ ਕੀਤੇ ਜਾਣ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਕਾਬਲੇ ਦੌਰਾਨ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਮੁਲਜ਼ਮ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ।
ਸੀਨੀਅਰ ਪੁਲਿਸ ਕਪਤਾਨ (SSP) ਸ੍ਰ. ਭੁਪਿੰਦਰ ਸਿੰਘ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਮੁਲਜ਼ਮ ਵਿਸ਼ਨੂੰ ਨੂੰ ਹਥਿਆਰਾਂ ਦੀ ਰਿਕਵਰੀ ਲਈ ਰਾਜਸਥਾਨ ਸਰਹੰਦ ਫੀਡਰ ਨਹਿਰ ਦੇ ਨੇੜੇ ਲਿਜਾਇਆ ਗਿਆ ਸੀ। ਇਸੇ ਦੌਰਾਨ ਬਦਮਾਸ਼ ਵਿਸ਼ਨੂੰ ਠਾਕਰ ਨੇ ਉੱਥੇ ਲੁਕਾ ਕੇ ਰੱਖਿਆ .30 ਬੋਰ ਦਾ ਪਿਸਟਲ ਕੱਢ ਲਿਆ ਅਤੇ ਪੁਲਿਸ ਨੂੰ ਝਕਾਨੀ ਦੇ ਕੇ ਸਿੱਧੀ ਫਾਇਰਿੰਗ ਸ਼ੁਰੂ ਕਰ ਦਿੱਤੀ।
ਐਸ.ਐਸ.ਪੀ. ਅਨੁਸਾਰ ਪੁਲਿਸ ਪਾਰਟੀ ਵੱਲੋਂ ਮੁਲਜ਼ਮ ਨੂੰ ਆਤਮ-ਸਮਰਪਣ ਕਰਨ ਲਈ ਪਹਿਲਾਂ ਦੋ ਹਵਾਈ ਫਾਇਰ (ਵਾਰਨਿੰਗ) ਕੀਤੇ ਗਏ, ਪਰ ਜਦੋਂ ਉਹ ਨਾ ਰੁਕਿਆ ਅਤੇ ਲਗਾਤਾਰ ਫਾਇਰਿੰਗ ਕਰਦਾ ਰਿਹਾ, ਤਾਂ ਪੁਲਿਸ ਵੱਲੋਂ ਜਵਾਬੀ ਕਾਰਵਾਈ ਵਿੱਚ ਚਲਾਈ ਗੋਲੀ ਸਿੱਧੀ ਉਸ ਨੂੰ ਜਾ ਲੱਗੀ। ਗੋਲੀ ਲੱਗਣ ਕਾਰਨ ਉਹ ਗੰਭੀਰ ਰੂਪ ਵਿੱਚ ਫੱਟੜ ਹੋ ਗਿਆ।
ਦੱਸਣਯੋਗ ਹੈ ਕਿ ਉਕਤ ਕਾਤਲ ਮੂਲ ਰੂਪ ਵਿੱਚ ਰਾਜਸਥਾਨ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਖਿਲਾਫ ਪਹਿਲਾਂ ਵੀ ਕਈ ਸੰਗੀਨ ਮੁਕਦਮੇ ਦਰਜ ਹਨ। ਇਸ ਬਹੁਚਰਚਿਤ ਕਤਲ ਕਾਂਡ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਫਰਾਰ ਚੱਲ ਰਿਹਾ ਸੀ, ਜਿਸ ਨੂੰ ਬੀਤੇ ਦਿਨੀਂ ਪੁਲਿਸ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ ਜੰਮੂ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਫਿਲਹਾਲ ਪੁਲਿਸ ਵੱਲੋਂ ਇਲਾਕੇ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
Get all latest content delivered to your email a few times a month.