>
ਤਾਜਾ ਖਬਰਾਂ
ਬੋਲਦਾ ਪੰਜਾਬ ਇੰਟਰਨਲ ਸਟੋਰੀ
ਚੰਡੀਗੜ੍ਹ, 7 ਜੂਨ 2026:
ਪੰਜਾਬ ਵਿਜੀਲੈਂਸ ਬਿਊਰੋ ਉੱਪਰ ਕੇਂਦਰੀ ਜਾਂਚ ਏਜੰਸੀ (CBI) ਵੱਲੋਂ ਕੀਤੇ ਗਏ ਰੇਡ ਮਾਮਲੇ ਵਿੱਚ ਰਿਸ਼ਵਤ ਕਾਂਡ ਦੀਆਂ ਪਰਤਾਂ ਹੁਣ 'ਟਾਕੀਆਂ ਦੇ ਖਿੱਦੂ ਦੀਆਂ ਲੀਰਾਂ' ਵਾਂਗਰ ਖੁੱਲ੍ਹ ਰਹੀਆਂ ਹਨ। ਅੰਦਰੂਨੀ ਸੂਤਰਾਂ ਤੋਂ ਮਿਲੀ ਪੱਕੀ ਜਾਣਕਾਰੀ ਮੁਤਾਬਕ, ਪੰਜਾਬ ਵਿਜੀਲੈਂਸ ਮੁਖੀ ਦੇ ਕਾਬੂ ਆਏ ਰੀਡਰ ਓ.ਪੀ. ਰਾਣਾ ਨੇ ਪੁੱਛਗਿੱਛ ਦੌਰਾਨ ਆਪਣੇ ਵੱਡੇ ਗੁਨਾਹ ਕਬੂਲ ਕਰ ਲਏ ਹਨ। ਇਸ ਦੇ ਨਾਲ ਹੀ ਉਸ ਨੇ ਖੁਦ ਨੂੰ ਬਚਾਉਣ ਲਈ ਆਪਣੇ ਤੋਂ ਉੱਚ ਅਧਿਕਾਰੀਆਂ ਦੇ ਨਾਮ ਵੀ ਉਜਾਗਰ ਕੀਤੇ ਹਨ।
CBI ਹੁਣ ਮਲੋਟ ਦੀ ਤਿੱਕੜੀ ਨਾਲ ਸਬੰਧਿਤ ਇਸ ‘ਰਿਸ਼ਵਤ ਕਾਂਡ’ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਦੇ ਉੱਚ ਅਫ਼ਸਰਾਂ ਵੱਲ ਵਧਣ ਲੱਗੀ ਹੈ। ਹਾਲਾਂਕਿ, ਵਿਜੀਲੈਂਸ ਬਿਊਰੋ ਦੇ ਮੁਖੀ ਸ਼ਰਦ ਸੱਤਿਆ ਚੌਹਾਨ ਦੇ ਨਾਮ ਦੀ ਗੂੰਜ CBI ਵੱਲੋਂ ਦਰਜ FIR ਵਿੱਚ ਤਾਂ ਪਈ ਹੈ, ਪਰ ਸਿੱਧੇ ਤੌਰ ’ਤੇ ਉਨ੍ਹਾਂ ਖ਼ਿਲਾਫ਼ ਕੋਈ ਇਲਜ਼ਾਮ ਪੁਲਿਸ ਕੇਸ ਵਿੱਚ ਸਾਹਮਣੇ ਨਹੀਂ ਆਇਆ। ਵਿਜੀਲੈਂਸ ਮੁਖੀ ਦੇ ਰੀਡਰ ਓਮ ਪ੍ਰਕਾਸ਼ ਸਿੰਘ ਰਾਣਾ ਇਸ ਵੇਲੇ ਪੁਲਿਸ ਰਿਮਾਂਡ ’ਤੇ ਹਨ, ਜੋ ਕਿ 8 ਜੂਨ ਨੂੰ ਖ਼ਤਮ ਹੋ ਰਿਹਾ ਹੈ।
ਮੋਬਾਈਲ ਫੋਨ ਤੋਂ ਮਿਲੇ ਅਹਿਮ ਸੁਰਾਗ
CBI ਨੂੰ ਰੀਡਰ ਰਾਣਾ ਤੋਂ ਪੁੱਛਗਿੱਛ ਦੌਰਾਨ ਕਈ ਅਹਿਮ ਸੁਰਾਗ ਹੱਥ ਲੱਗੇ ਹਨ, ਜੋ ਵਿਜੀਲੈਂਸ ਦੇ ਉੱਚ ਅਫ਼ਸਰਾਂ ਦੀਆਂ ਮੁਸ਼ਕਲਾਂ ਵਧਾ ਸਕਦੇ ਹਨ ਅਤੇ ਇਸ ਰਿਸ਼ਵਤ ਕਾਂਡ ਨੂੰ ਨਵਾਂ ਮੋੜ ਦੇ ਸਕਦੇ ਹਨ। ਜਾਂਚ ਏਜੰਸੀ ਨੂੰ ਰਿਮਾਂਡ ਦੌਰਾਨ ਰੀਡਰ ਰਾਣਾ ਕੋਲੋਂ ਇੱਕ ਮੋਬਾਈਲ ਫ਼ੋਨ ਬਰਾਮਦ ਹੋਇਆ ਹੈ। ਇਸ ਡਿਵਾਈਸ ਦੀ ਜਾਂਚ ਦੌਰਾਨ ਮੁਲਜ਼ਮਾਂ ਵਿਚਾਲੇ ਰਿਸ਼ਵਤ ਦੀ ਮੰਗ ਅਤੇ ਅਪਰਾਧਿਕ ਸਾਜ਼ਿਸ਼ ਬਾਰੇ CBI ਨੂੰ ਕਈ ਅਹਿਮ ਭੇਤ ਹੱਥ ਲੱਗੇ ਹਨ। ਅਹਿਮ ਸੂਤਰਾਂ ਅਨੁਸਾਰ, ਵਿਜੀਲੈਂਸ ਦੇ ਇੱਕ ਉੱਚ ਅਧਿਕਾਰੀ ਨਾਲ ਮੁਲਜ਼ਮਾਂ ਦੀ ਹੋਈ ਅਹਿਮ ਚੈੱਟ (Chat) ਵੀ ਸਾਹਮਣੇ ਆਈ ਹੈ।
ਸੋਮਵਾਰ ਨੂੰ ਹੋਵੇਗਾ ਆਹਮੋ-ਸਾਹਮਣਾ
ਨਵੇਂ ਖ਼ੁਲਾਸੇ ਹੋਣ ਮਗਰੋਂ CBI ਹੁਣ ਸੋਮਵਾਰ ਨੂੰ ਮਾਡਲ ਜੇਲ੍ਹ ਚੰਡੀਗੜ੍ਹ ਵਿੱਚ ਬੰਦ ਮਲੋਟ ਦੇ ਰਾਘਵ ਗੋਇਲ ਅਤੇ ਡਰਾਈਵਰ ਅੰਕਿਤ ਵਧਵਾ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਰਹੀ ਹੈ। CBI ਵੱਲੋਂ ਰਾਘਵ ਗੋਇਲ, ਅੰਕਿਤ ਵਧਵਾ ਅਤੇ ਰੀਡਰ ਰਾਣਾ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਮਲੋਟ ਦੇ ਵਿਕਾਸ ਗੋਇਲ, ਉਸ ਦਾ ਪੁੱਤਰ ਰਾਘਵ ਗੋਇਲ ਅਤੇ ਅੰਕਿਤ ਵਧਵਾ 20 ਜੂਨ ਤੱਕ ਨਿਆਇਕ ਹਿਰਾਸਤ ਵਿੱਚ ਹਨ। ਕੇਂਦਰੀ ਏਜੰਸੀ ਅਨੁਸਾਰ, ਮਲੋਟ ਦੇ ਇਹ ਪਿਉ-ਪੁੱਤ ਵਿਜੀਲੈਂਸ ਦੇ ਵਿਚੋਲੇ (Middlemen) ਵਜੋਂ ਕੰਮ ਕਰਦੇ ਸਨ।
ਘਬਰਾਹਟ ਦਾ ਮਾਹੌਲ: ਸੂਤਰਾਂ ਅਨੁਸਾਰ, ਵਿਜੀਲੈਂਸ ਬਿਊਰੋ ਪੰਜਾਬ ਦੇ ਅਫ਼ਸਰਾਂ ਵਿੱਚ CBI ਦੀ ਤੇਜ਼ੀ ਨਾਲ ਅੱਗੇ ਵਧ ਰਹੀ ਜਾਂਚ ਨੂੰ ਲੈ ਕੇ ਕਾਫ਼ੀ ਘਬਰਾਹਟ ਪਾਈ ਜਾ ਰਹੀ ਹੈ। ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇਕਰ ਕੇਂਦਰੀ ਏਜੰਸੀ ਨੇ ਵਿਜੀਲੈਂਸ ਬਿਊਰੋ ਦੇ ਉੱਚ ਅਫ਼ਸਰਾਂ ਨੂੰ ਲਪੇਟੇ ਵਿੱਚ ਲਿਆ, ਤਾਂ ਇਸ ਨਾਲ ਪੰਜਾਬ ਸਰਕਾਰ ਦੀ ‘ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ’ ਨੂੰ ਸਿੱਧੀ ਸੱਟ ਵੱਜੇਗੀ।
ਕਿਵੇਂ ਹੋਈ ਸੀ ਗ੍ਰਿਫ਼ਤਾਰੀ?
ਜ਼ਿਕਰਯੋਗ ਹੈ ਕਿ CBI ਨੇ 11 ਮਈ ਨੂੰ ਮਲੋਟ ਦੇ ਪਿਉ-ਪੁੱਤ ਵਿਕਾਸ ਗੋਇਲ ਤੇ ਰਾਘਵ ਗੋਇਲ ਦੇ ਡਰਾਈਵਰ ਅੰਕਿਤ ਵਧਵਾ ਨੂੰ ਚੰਡੀਗੜ੍ਹ ਦੇ ਇੱਕ ਹੋਟਲ ਵਿੱਚੋਂ 13 ਲੱਖ ਰੁਪਏ ਦੀ ਨਗਦੀ ਅਤੇ ਮੋਬਾਈਲ ਫੋਨ ਸਮੇਤ ਦਬੋਚਿਆ ਸੀ। CBI ਨੇ ਇਸ ਟਰੈਪ ਕੇਸ ਤੋਂ ਥੋੜ੍ਹੇ ਸਮੇਂ ਮਗਰੋਂ ਹੀ ਵਿਕਾਸ ਗੋਇਲ ਤੇ ਰਾਘਵ ਗੋਇਲ ਨੂੰ ਅੰਬਾਲਾ ਲਾਗਿਓਂ ਗ੍ਰਿਫ਼ਤਾਰ ਕਰ ਲਿਆ ਸੀ, ਜਦੋਂ ਕਿ ਰੀਡਰ ਰਾਣਾ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਸੀ। ਬੀਤੇ ਦਿਨੀਂ ਰੀਡਰ ਰਾਣਾ ਨੇ CBI ਦੀ ਚੰਡੀਗੜ੍ਹ ਅਦਾਲਤ ਵਿੱਚ ਆਤਮ-ਸਮਰਪਣ (Surrender) ਕਰ ਦਿੱਤਾ ਸੀ।
ਰਾਣਾ ਦੀ ਤਾਇਨਾਤੀ 'ਤੇ ਵੀ ਉੱਠੇ ਸਵਾਲ
ਕੇਂਦਰੀ ਏਜੰਸੀ ਦੀ ਪੁੱਛਗਿੱਛ ਦੌਰਾਨ ਰੀਡਰ ਰਾਣਾ ਨੇ ਕਈ ਵੱਡੇ ਤੱਥ ਬੇਪਰਦ ਕੀਤੇ ਹਨ। ਚੇਤੇ ਰਹੇ ਕਿ ਰੀਡਰ ਰਾਣਾ ਦੀ ਵਿਜੀਲੈਂਸ ਮੁਖੀ ਦੇ ਰੀਡਰ ਵਜੋਂ ਤਾਇਨਾਤੀ ਗੈਰ-ਕਾਨੂੰਨੀ ਸੀ, ਕਿਉਂਕਿ 29 ਜੁਲਾਈ 2020 ਦੇ ਆਖ਼ਰੀ ਆਰਡਰ ਮੁਤਾਬਕ ਉਸ ਦੀ ਤਾਇਨਾਤੀ ADGP ਟ੍ਰੈਫ਼ਿਕ ਐੱਸ.ਐੱਸ. ਚੌਹਾਨ ਨਾਲ ਬਤੌਰ ਰੀਡਰ ਹੋਈ ਸੀ। ਸਰਕਾਰੀ ਰਿਕਾਰਡ ਅਨੁਸਾਰ ਰਾਣਾ ADGP ਟ੍ਰੈਫ਼ਿਕ ਦਾ ਰੀਡਰ ਸੀ, ਪ੍ਰੰਤੂ ਉਹ ਗੈਰ-ਕਾਨੂੰਨੀ ਤੌਰ 'ਤੇ ਵਿਜੀਲੈਂਸ ਮੁਖੀ ਦੇ ਰੀਡਰ ਵਜੋਂ ਕੰਮ ਕਰ ਰਿਹਾ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ 18 ਮਈ ਨੂੰ ਰੀਡਰ ਰਾਣਾ ਨੂੰ ਮੁਅੱਤਲ (Suspend) ਕਰ ਦਿੱਤਾ ਸੀ।
Get all latest content delivered to your email a few times a month.