>
ਤਾਜਾ ਖਬਰਾਂ
ਬੋਲਦਾ ਪੰਜਾਬ ਬਿਊਰੋ
ਗੁਰੂਹਰਸਹਾਏ, 6 ਜੂਨ:
ਦੁਨੀਆਂ ਭਰ ਵਿੱਚ ਵੱਸਦੇ ਕੰਬੋਜ ਭਾਈਚਾਰੇ ਵੱਲੋਂ ਇੱਕਜੁੱਟ ਹੋ ਕੇ ਕੰਬੋਜ ਫਾਊਂਡੇਸ਼ਨ ਅਤੇ ਸ਼ਹੀਦ ਊਧਮ ਸਿੰਘ ਐਜੂਕੇਸ਼ਨਲ ਸੋਸਾਇਟੀ ਦੀ ਅਗਵਾਈ ਹੇਠ "ਊਧਮ ਸਿੰਘ ਸ਼ਹੀਦ ਸਕਿੱਲ ਡਿਵੈਲਪਮੈਂਟ ਐਂਡ ਇੰਟਰਪ੍ਰਨਿਊਰਸ਼ਿਪ ਯੂਨੀਵਰਸਿਟੀ" ਦੀ ਸਥਾਪਨਾ ਕੀਤੀ ਜਾ ਰਹੀ ਹੈ। ਇਸ ਯੂਨੀਵਰਸਿਟੀ ਦੀ ਇਮਾਰਤ ਬਣ ਕੇ ਮੁਕੰਮਲ ਤਿਆਰ ਹੋ ਚੁੱਕੀ ਹੈ ਅਤੇ ਸਬੰਧਤ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਕੇ ਫਾਈਲ ਪੰਜਾਬ ਸਰਕਾਰ ਨੂੰ ਸੌਂਪੀ ਜਾ ਚੁੱਕੀ ਹੈ। ਪੰਜਾਬ ਸਰਕਾਰ ਵੱਲੋਂ ਇਸ ਯੂਨੀਵਰਸਿਟੀ ਦੇ ਐਕਟ ਨੂੰ ਪਾਸ ਕਰਨ ਦੇ ਨਾਲ ਹੀ ਦੇਸ਼ ਦੇ ਮਹਾਨ ਸ਼ਹੀਦ ਊਧਮ ਸਿੰਘ ਜੀ ਦੇ ਨਾਮ 'ਤੇ ਪੰਜਾਬ ਵਿੱਚ ਇੱਕ ਆਧੁਨਿਕ ਸਹੂਲਤਾਂ ਵਾਲੀ ਨਵੀਂ ਸਕਿੱਲ ਯੂਨੀਵਰਸਿਟੀ ਹੋਂਦ ਵਿੱਚ ਆ ਜਾਵੇਗੀ। ਅਗਲੇ ਮਹੀਨੇ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਇਸ ਯੂਨੀਵਰਸਿਟੀ ਵਿੱਚ ਰੈਗੂਲਰ ਕਲਾਸਾਂ ਵੀ ਸ਼ੁਰੂ ਕਰ ਦਿੱਤੀਆਂ ਜਾਣਗੀਆਂ।
ਇਸ ਸਬੰਧੀ ਆਪਣਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਇੰਟਰਨੈਸ਼ਨਲ ਸਰਵ ਕੰਬੋਜ ਮਹਾਂਸਭਾ ਦੇ ਰਾਸ਼ਟਰੀ ਪ੍ਰਧਾਨ ਅਤੇ ਕੰਬੋਜ ਫਾਊਂਡੇਸ਼ਨ ਦੇ ਸੂਬਾਈ ਮੀਤ ਪ੍ਰਧਾਨ ਹਰਜਿੰਦਰ ਹਾਂਡਾ ਨੇ ਆਖਿਆ ਕਿ ਜਿੱਥੇ ਦੇਸ਼ਾਂ-ਵਿਦੇਸ਼ਾਂ ਵਿੱਚ ਬੈਠੇ ਕੰਬੋਜ ਭਾਈਚਾਰੇ ਦੇ ਲੋਕ ਅਤੇ ਸ਼ਹੀਦਾਂ ਨੂੰ ਪਿਆਰ ਕਰਨ ਵਾਲੇ ਦੇਸ਼ ਪ੍ਰੇਮੀ ਅੱਡੀ-ਚੋਟੀ ਦਾ ਜ਼ੋਰ ਲਾ ਕੇ ਇਸ ਯੂਨੀਵਰਸਿਟੀ ਲਈ ਵਿੱਤੀ ਅਤੇ ਹਰ ਤਰ੍ਹਾਂ ਦੀ ਸਹਾਇਤਾ ਕਰ ਰਹੇ ਹਨ, ਉੱਥੇ ਹੀ ਕੁਝ ਤਾਕਤਾਂ ਵੱਲੋਂ ਇਸ ਵੱਡੇ ਕਾਰਜ ਨੂੰ ਰੋਕਣ ਲਈ ਕੋਝੇ ਹੱਥਕੰਡੇ ਵਰਤੇ ਜਾ ਰਹੇ ਹਨ।
ਸ੍ਰੀ ਹਾਂਡਾ ਨੇ ਸਿੱਧਾ ਦੋਸ਼ ਲਗਾਉਂਦਿਆਂ ਕਿਹਾ ਕਿ ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਦੇ ਚਾਂਸਲਰ ਨਿਰਮਲ ਸਿੰਘ ਰਾਇਤ ਵੱਲੋਂ ਇਸ ਨਵੀਂ ਬਣ ਰਹੀ ਯੂਨੀਵਰਸਿਟੀ ਦੇ ਸੰਸਥਾਪਕ ਚਾਂਸਲਰ ਡਾਕਟਰ ਸੰਦੀਪ ਸਿੰਘ ਕੌੜਾ ਖ਼ਿਲਾਫ਼ ਯੋਜਨਾਬੱਧ ਤਰੀਕੇ ਨਾਲ ਝੂਠੇ ਅਤੇ ਤੱਥਹੀਣ ਦੋਸ਼ ਲਗਾ ਕੇ ਲੋਕਾਂ ਵਿੱਚ ਭਰਮ-ਭੁਲੇਖੇ ਪੈਦਾ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੁਝ ਤਾਕਤਾਂ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਕਿ ਅਗਲੀ ਪੀੜ੍ਹੀ ਨੂੰ ਹੁਨਰਮੰਦ ਅਤੇ ਰੋਜ਼ਗਾਰ ਦੇ ਯੋਗ ਬਣਾਉਣ ਵਾਲੀ ਇਸ ਯੂਨੀਵਰਸਿਟੀ ਦੇ ਫਾਊਂਡਰ ਚਾਂਸਲਰ ਡਾ. ਸੰਦੀਪ ਕੌੜਾ ਨੂੰ ਝੂਠੇ ਕੇਸਾਂ ਵਿੱਚ ਉਲਝਾਇਆ ਜਾਵੇ, ਪਰ ਦੇਸ਼ ਦਾ ਕਾਨੂੰਨੀ ਸਿਸਟਮ ਜਲਦ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰੇਗਾ।
ਉਨ੍ਹਾਂ ਸਪੱਸ਼ਟ ਕੀਤਾ ਕਿ ਦੇਸ਼ਾਂ-ਵਿਦੇਸ਼ਾਂ ਵਿੱਚ ਬੈਠਾ ਸਮੁੱਚਾ ਕੰਬੋਜ ਭਾਈਚਾਰਾ ਪੂਰੀ ਤਰ੍ਹਾਂ ਚੌਕਸ ਹੈ ਅਤੇ ਮੋਢੇ ਨਾਲ ਮੋਢਾ ਜੋੜ ਕੇ ਡਾ. ਸੰਦੀਪ ਕੌੜਾ ਦੇ ਨਾਲ ਚੱਟਾਨ ਵਾਂਗ ਖੜ੍ਹਾ ਹੈ। ਸ਼ਹੀਦ ਦੇ ਨਾਮ 'ਤੇ ਬਣ ਰਹੀ ਇਸ ਯੂਨੀਵਰਸਿਟੀ ਖ਼ਿਲਾਫ਼ ਕਿਸੇ ਵੀ ਸਾਜ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਹਰਜਿੰਦਰ ਹਾਂਡਾ ਨੇ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੇ ਮਹਾਨ ਸ਼ਹੀਦ ਦੀ ਯਾਦ ਵਿੱਚ ਬਣ ਰਹੀ ਇਸ ਸੰਸਥਾ ਨੂੰ ਸਫਲ ਬਣਾਉਣ ਲਈ ਹਰ ਸੰਭਵ ਸਹਿਯੋਗ ਦੇਣ।
Get all latest content delivered to your email a few times a month.