>
ਤਾਜਾ ਖਬਰਾਂ
ਬਿਊਰੋ ਚੀਫ
ਅੰਮ੍ਰਿਤਸਰ, 2 ਮਾਰਚ 2026 - ਕਮਿਊਨਿਟੀ ਹੈਲਥ ਸੈਂਟਰ ਲੋਪੋਕੇ 'ਚ 13 ਜਨਵਰੀ 2026 ਨੂੰ ਵਿਨੋਦ ਕੁਮਾਰ ਨਾਂ ਦੇ ਨੌਜਵਾਨ ਵੱਲੋਂ ਹਸਪਤਾਲ ਦੇ ਸਟਾਫ਼ ਤੋਂ ਤੰਗ ਆ ਕਿ ਆਪਣੀ ਜੀਵਨ ਲੀਲਾ ਖ਼ਤਮ ਕਰਨ ਦੇ ਮਾਮਲੇ ਸਬੰਧੀ ਬਣਾਏ ਗਏ ਮੈਡੀਕਲ ਬੋਰਡ ਦੀ ਜਾਂਚ ਰਿਪੋਰਟ ‘ਤੇ ਗੰਭੀਰ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਬੋਰਡ ਦੇ ਵਿਚ ਡਾ. ਜੋਧਵੀਰ ਸਿੰਘ – ਐਮ.ਐਸ. ਸਰਜਰੀ, ਸਿਵਲ ਹਸਪਤਾਲ ਅੰਮ੍ਰਿਤਸਰ,ਡਾ. ਸਾਮਿਆ ਕੋਹਲੀ – ਐਮ.ਡੀ. ਐਨੇਸਥੀਸੀਆ,ਡਾ. ਈਸ਼ਾ ਧਵਨ – ਐਮ.ਡੀ. ਸਾਇਕੈਟਰੀ,ਡਾ. ਰਜਨੀਸ਼ ਕੁਮਾਰ – ਐਮ.ਡੀ. ਮੈਡੀਸਨ
ਡਾ. ਰਜਿੰਦਰ ਪਾਲ ਕੌਰ – ਸਹਾਇਕ ਸਿਵਲ ਸਰਜਨ ਮੈਂਬਰ ਸ਼ਾਮਲ ਸਨ ਜਿਨ੍ਹਾਂ ਵੱਲੋਂ ਸੀਐਚਸੀ ਲੋਪੋਕੇ ਦੇ ਟ੍ਰੀਟਿੰਗ ਡਾਕਟਰ ਡਾ. ਸਾਹਿਲ ਭਾਰਦਵਾਜ ਅਤੇ ਸਟਾਫ਼ ਐਸ/ਐਨ ਗਗਨਪ੍ਰੀਤ ਕੌਰ, ਐਸ/ਐਨ ਪਰਮਜੀਤ ਕੌਰ, ਐਸ/ਐਨ ਨਵਨੀਤ ਕੌਰ ਨੂੰ ਬਿਆਨ ਦੇਣ ਲਈ ਤਲਬ ਕੀਤਾ ਗਿਆ ਸੀ। ਉਹਨਾਂ ਵੱਲੋਂ ਜੋ ਬਿਆਨ ਦਿੱਤੇ ਨੂੰ ਹੀ ਅਧਾਰ ਬਣਾ ਕਿ ਸਿੱਟਾ ਕੱਢ ਦਿੱਤਾ ਜੱਦੋਂ ਕਿ ਪੀੜਤ ਪਰਿਵਾਰ ਵੱਲੋਂ ਦਿੱਤੇ ਗਏ ਸਬੂਤਾਂ ਨੂੰ ਬਿਲਕੁਲ ਦਰਕਿਨਾਰ ਕਰ ਦਿੱਤਾ ਗਿਆ। ਪੀੜਤ ਪਰਿਵਾਰ ਨੇ ਇਸ ਰਿਪੋਰਟ ਨੂੰ ਰੱਦ ਕਰਕੇ ਨਵਾਂ ਹਾਈ ਪਾਵਰ ਅਤੇ ਸੁਤੰਤਰ ਮੈਡੀਕਲ ਬੋਰਡ ਬਣਾਉਣ ਦੀ ਮੰਗ ਕੀਤੀ ਹੈ।ਮਜੀਠਾ ਰੋਡ ਸਥਿਤ ਮੂਨ ਐਵੇਨਿਊ ਦੇ ਰਹਿਣ ਵਾਲੇ ਪਰਵੀਨ ਕੁਮਾਰ ਨੇ ਸਿਵਲ ਸਰਜਨ ਅੰਮ੍ਰਿਤਸਰ ਨੂੰ ਨੂੰ ਦਿੱਤੀ ਇੱਕ ਵਿਸਥਾਰਪੂਰਕ ਅਰਜ਼ੀ ਵਿੱਚ ਦੋਸ਼ ਲਗਾਇਆ ਹੈ ਕਿ ਮੌਜੂਦਾ ਜਾਂਚ ਰਿਪੋਰਟ ਵਿੱਚ “ਗੰਭੀਰ ਵਿਰੋਧਾਭਾਸ ਹੋਣ ਤੋਂ ਇਲਾਵਾ ਦਸਤਾਵੇਜ਼ ਗੁੰਮ ਕੀਤੇ ਗਏ ਹਨ ਅਤੇ ਬਹੁਤ ਸਾਰੇ ਸਬੂਤ ਅਣਦੇਖੇ ਕੀਤੇ ਗਏ ਹਨ।ਜਿਸ ਤੋਂ ਜਾਂਚ ਦੀ ਪਾਰਦਰਸ਼ਤਾ ਅਤੇ ਨਿਰਪੱਖਤਾ ‘ਤੇ ਸਵਾਲ ਖੜ੍ਹੇ ਹੁੰਦੇ ਹਨ। ਉਹਨਾਂ ਇਹ ਵੀ ਦੱਸਿਆ ਹੈ ਕਿ ਰਿਪੋਰਟ ਦੇਣ ਸਮੇਂ ਮਰੀਜ਼ ਦੀ ਅਸਲ ਸ਼ਿਕਾਇਤ ਨੂੰ ਹੀ ਅਣਦੇਖਾ ਕੀਤਾ ਗਿਆ। ਮਰੀਜ਼ ਕਹਿੰਦਾ ਰਿਹਾ, " ਸਾਹ ਬੰਦ ਹੋ ਰਿਹਾ ਮੈਨੂੰ ਸ਼ਹਿਰ ਲੈ ਜਾਓ.... ਪਰ ਡਾਕਟਰ ਉਸ ਦੇ ਢਿੱਡ ਪੀੜ ਹੋਣ ਦਾ ਇਲਾਜ਼ ਕਰਦੇ ਰਹੇ।ਮਰੀਜ਼ ਅਤੇ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਉਣ ਵਾਲੇ ਅਣਜਾਣ ਵਿਆਕਤੀ ਵੱਲੋਂ ਸਾਹ ਬੰਦ ਹੋਣ ਦੀ ਗੱਲ ਬਾਰ ਬਾਰ ਕਹੀ ਗਈ ਇੱਕ ਵਾਰ ਵੀ ਪੇਟ ਵਿਚ ਦਰਦ ਹੋਣ ਦੀ ਗੱਲ ਨਹੀਂ ਕਹੀ ਪਰ ਡਾਕਟਰਾਂ ਵੱਲੋਂ ਆਪਣੇ ਬਿਆਨ ਅਤੇ ਮੈਡੀਕਲ ਬੋਰਡ ਵੱਲੋਂ ਆਪਣੀ ਪੜਤਾਲ ਰਿਪੋਰਟ ਵਿਚ ਪੇਟ ਦਰਦ ਦੀ ਗੱਲ ਤੇ ਹੀ ਜ਼ੋਰ ਦੇ ਕਿ ਜਾਂਚ ਨੂੰ ਆਪਣੇ ਹਿਸਾਬ ਨਾਲ ਮੋੜ ਕਿ ਇੱਕ ਦੂਜੇ ਨੂੰ ਬਚਾਉਣ ਦੀ ਦੀ ਅਸਫਲ ਕੋਸ਼ਿਸ਼ ਕੀਤੀ ਹੈ। ਸਾਰੀ ਰਿਪੋਰਟ "ਪੇਟ ਦਰਦ" ਦੇ ਆਲੇ-ਦੁਆਲੇ ਘੁਮਾਈ ਗਈ ਹੈ।ਇੱਥੋਂ ਤਕ ਆਕਸੀਜਨ ਦੇਣ ਜਾਂ ਐਮਰਜੈਂਸੀ ਮੈਨੇਜਮੈਂਟ ਦਾ ਰਿਕਾਰਡ ਨਹੀਂ, ਦਾ ਵੀ ਪੜਤਾਲ ਰਿਪੋਰਟ ਵਿਚ ਵੇਰਵਾ ਦਰਜ ਨਹੀਂ।
ਸ਼ਿਕਾਇਤਕਰਤਾ ਦੇ ਅਨੁਸਾਰ ਮੈਡੀਕਲ ਬੋਰਡ ਨੇ ਮਰੀਜ਼ ਦੀ ਮੌਤ ਨਾਲ ਸੰਬੰਧਿਤ ਮਹੱਤਵਪੂਰਨ ਮੈਡੀਕਲ ਰਿਕਾਰਡ, ਸਟਾਫ ਦੇ ਬਿਆਨ ਅਤੇ ਹੋਰ ਦਸਤਾਵੇਜ਼ੀ ਸਬੂਤਾਂ ਦੀ ਢੰਗ ਨਾਲ ਜਾਂਚ ਨਹੀਂ ਕੀਤੀ। ਇੱਥੋਂ ਤਕ ਪੋਸਟ ਮਾਰਟਮ ਦੀ ਰਿਪੋਰਟ ਅਤੇ ਕਾਲ ਰਿਕਾਰਡਿੰਗ ਦਾ ਵੀ ਜ਼ਿਕਰ ਤਕ ਨਹੀਂ ਕੀਤਾ ਗਿਆ।ਬੋਰਡ ਦੀ ਰਿਪੋਰਟ ਮੁਤਾਬਕ ਮਰੀਜ਼ ਨੂੰ 13 ਜਨਵਰੀ 2026 ਨੂੰ ਸਵੇਰੇ 11:35 ਵਜੇ ਸੀ ਐਚ ਸੀ ਲੋਪੋਕੇ ਦੀ ਐਮਰਜੈਂਸੀ ਵਿੱਚ ਲਿਆਂਦਾ ਗਿਆ ਅਤੇ 11:55 ਵਜੇ ਸਵੇਰੇ ਗੁਰੂ ਨਾਨਕ ਦੇਵ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਪਰ ਸ਼ਿਕਾਇਤਕਰਤਾ ਨੇ ਰਿਪੋਰਟ ਵਿੱਚ ਦਰਸਾਏ ਗਏ ਘਟਨਾ-ਕ੍ਰਮ ਦੀ ਸੰਭਾਵਨਾ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਕੇਵਲ 20 ਮਿੰਟਾਂ ਦੇ ਅੰਦਰ ਮਰੀਜ਼ ਦੀ ਜਾਂਚ, ਟੀਕੇ ਲਗਾਉਣਾ, ਸਰਜਨ ਨਾਲ ਸਲਾਹ ਅਤੇ ਰੈਫਰ ਕਰਨ ਦਾ ਫ਼ੈਸਲਾ ਹੋਣਾ ਵਾਸਤਵਿਕ ਨਹੀਂ ਲੱਗਦਾ।ਅਸਲ ਵਿਚ ਉਸ ਨੂੰ ਹਸਪਤਾਲ ਪਹੁੰਚੇ ਨੂੰ ਦੋ ਘੰਟੇ ਹੋ ਗਏ ਸਨ। ਉਸਨੂੰ ਸਾਹ ਲੈਣ ਵਿੱਚ ਭਾਰੀ ਤਕਲੀਫ਼ ਹੋ ਰਹੀ ਸੀ। ਇਸ ਦੇ ਬਾਵਜੂਦ ਮੈਡੀਕਲ ਰਿਕਾਰਡ ਵਿੱਚ ਆਕਸੀਜਨ ਦੇਣ ਜਾਂ ਈ ਸੀ ਜੀ,ਨਬਜ਼, ਬਲੱਡ ਪ੍ਰੈਸ਼ਰ ਜਾਂ ਬਲੱਡ ਸ਼ੂਗਰ ਵਰਗੀਆਂ ਐਮਰਜੈਂਸੀ ਜਾਂਚਾਂ ਦਾ ਕੋਈ ਜ਼ਿਕਰ ਨਹੀਂ ਹੈ।ਅਰਜ਼ੀ ਵਿੱਚ ਇੱਕ ਹੋਰ ਮਹੱਤਵਪੂਰਨ ਸਵਾਲ ਇਹ ਉਠਾਇਆ ਗਿਆ ਹੈ ਕਿ 11:55 ਵਜੇ ਤੋਂ 12:50 ਵਜੇ ਤੱਕ ਦੇ ਸਮੇਂ ਦੌਰਾਨ ਜੋ ਕੁੱਝ ਹੋਰ ਵਾਪਰਿਆ ਤੇ ਪਰਦਾ ਪਾਉਣ ਲਈ ਸਿੱਧੇ ਮਰੀਜ਼ ਨੂੰ ਬਾਅਦ ਵਿੱਚ ਵਾਪਸ ਹਸਪਤਾਲ ਲਿਆ ਕੇ ਮ੍ਰਿਤ ਘੋਸ਼ਿਤ ਕੀਤਾ ਗਿਆ ਦਾ ਜ਼ਿਕਰ ਕਰ ਦਿੱਤਾ ਗਿਆ। ਰਿਪੋਰਟ ਵਿਚ ਇਸ ਤੋਂ ਪਹਿਲਾ ਵੀ ਕਿਸ ਤਰ੍ਹਾਂ ਦੀ ਮੈਡੀਕਲ ਕਾਰਵਾਈ ਅਮਲ ਵਿਚ ਲਿਆਂਦੀ ਗਈ ਦਾ ਵੀ ਕੋਈ ਰਿਕਾਰਡ ਦਰਜ ਨਹੀਂ ਹੈ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਜਾਂਚ ਰਿਪੋਰਟ ਦੌਰਾਨ ਡਾਕਟਰਾਂ ਜਾਂ ਸਟਾਫ ਵੱਲੋਂ ਕੀ ਕਾਰਵਾਈ ਕੀਤੀ ਗਈ ਦਾ ਕੋਈ ਸਪਸ਼ਟੀਕਰਨ ਨਹੀਂ ਮਿਲਦਾ ।ਅਰਜ਼ੀ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਪਰਿਵਾਰਕ ਮੈਂਬਰਾਂ ਨੇ ਬਾਅਦ ਵਿੱਚ ਹਸਪਤਾਲ ਕੰਪਲੈਕਸ ਦੇ ਅੰਦਰ ਪਾਣੀ ਦੀ ਟੈਂਕੀ ਦੀ ਗ੍ਰਿਲ ਨਾਲ ਵਿਨੋਦ ਕੁਮਾਰ ਨੂੰ ਲਟਕਦਾ ਹੋਇਆ ਲਭਿਆ । ਸ਼ਿਕਾਇਤਕਰਤਾ ਦੇ ਅਨੁਸਾਰ ਹਸਪਤਾਲ ਸਟਾਫ ਨੇ ਨਾ ਤਾਂ ਮਰੀਜ਼ ਨੂੰ ਹਸਪਤਾਲ ਤੋਂ ਬਾਹਰ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਨਾ ਹੀ ਪਰਿਵਾਰਕ ਮੈਂਬਰਾਂ ਦੀ ਮਦਦ ਕੀਤੀ ਜਦੋਂ ਉਹ ਉਸਨੂੰ ਲੱਭ ਰਹੇ ਸਨ।ਦਵਾਈਆਂ ਦੇ ਰਿਕਾਰਡ ਵਿੱਚ ਵੀ ਗ਼ੈਰ-ਇਕਸਾਰਤਾ ਦੇ ਦੋਸ਼ ਲਗਾਏ ਗਏ ਹਨ। ਜਿੱਥੇ ਅਧਿਕਾਰਕ ਦਸਤਾਵੇਜ਼ਾਂ ਵਿੱਚ ਦਰਸਾਇਆ ਗਿਆ ਹੈ ਕਿ ਮਰੀਜ਼ ਨੂੰ ਤਿੰਨ ਟੀਕੇ ਲਗਾਏ ਗਏ, ਉੱਥੇ ਇੱਕ ਸਟਾਫ ਮੈਂਬਰ ਨੇ ਜਾਂਚ ਦੌਰਾਨ ਕਥਿਤ ਤੌਰ ‘ਤੇ ਕਿਹਾ ਕਿ ਇੱਕ ਟੀਕਾ ਨਹੀਂ ਲਗਾਇਆ ਗਿਆ ਕਿਉਂਕਿ ਮਰੀਜ਼ ਬਿਸਤਰੇ ਤੋਂ ਚਲਾ ਗਿਆ ਸੀ।ਹਸਪਤਾਲ ਦੀ ਨਿਗਰਾਨੀ ਪ੍ਰਣਾਲੀ ਸੰਬੰਧੀ ਵੀ ਸਵਾਲ ਉਠਾਏ ਗਏ ਹਨ। ਹਾਲਾਂਕਿ ਜਾਂਚ ਰਿਪੋਰਟ ਵਿੱਚ ਹਸਪਤਾਲ ਵਿੱਚ ਸੀ ਸੀ ਟੀ ਵੀ ਕੈਮਰੇ ਹੋਣ ਦੀ ਗੱਲ ਮੰਨੀ ਗਈ ਹੈ, ਪਰ ਇਸ ਵਿੱਚ ਕਿਹਾ ਗਿਆ ਹੈ ਕਿ ਡੀ. ਵੀ.ਆਰ.ਰਿਕਾਰਡਿੰਗ ਡਿਵਾਈਸ ਉਪਲਬਧ ਨਹੀਂ ਸੀ। ਸ਼ਿਕਾਇਤਕਰਤਾ ਨੇ ਇਸ ਨੂੰ ਸ਼ੱਕੀ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਸਬੂਤਾਂ ਨੂੰ ਸੰਭਾਵਿਤ ਮਿਟਾਉਣ ਜਾਂ ਛਿੱਪਾਉਣ ਵੱਲ ਇਸ਼ਾਰਾ ਕਰਦਾ ਹੈ।ਅਰਜ਼ੀ ਵਿੱਚ ਜਾਂਚ ਕਾਰਵਾਈ ਦੌਰਾਨ ਦਸਤਾਵੇਜ਼ੀ ਸਬੂਤਾਂ ਦੀ ਸੰਭਾਲ ‘ਤੇ ਵੀ ਇਤਰਾਜ਼ ਜਤਾਇਆ ਗਿਆ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਪੁਲਿਸ ਨੂੰ ਦਿੱਤੀ ਗਈ ਜਾਣਕਾਰੀ ਸਬੰਧੀ ਇੱਕ ਲਿਖਤੀ ਦਸਤਾਵੇਜ਼ ਬੋਰਡ ਦੀ ਕਾਰਵਾਈ ਦੌਰਾਨ ਪੇਸ਼ ਕੀਤਾ ਗਿਆ ਸੀ, ਪਰ ਉਸਨੂੰ ਅੰਤਿਮ ਰਿਪੋਰਟ ਨਾਲ ਨੱਥੀ ਵੀ ਨਹੀਂ ਕੀਤਾ ਗਿਆ ਅਤੇ ਪੜਤਾਲ ਰਿਪੋਰਟ ਵਿਚ ਵੀ ਜ਼ਿਕਰ ਨਹੀਂ ਕੀਤਾ ਗਿਆ।
ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਗਾਇਆ ਕਿ ਮਰੀਜ਼ ਦੀ ਲਾਸ਼ ਪਰਿਵਾਰ ਨੂੰ ਬਿਨਾਂ ਉਹਨਾਂ ਕਾਨੂੰਨੀ ਕਾਰਵਾਈਆਂ ਦੇ ਹਵਾਲੇ ਕਰ ਦਿੱਤੀ ਗਈ ਜੋ ਆਮ ਤੌਰ ‘ਤੇ ਅਸਵਭਾਵਿਕ ਮੌਤ ਦੇ ਮਾਮਲਿਆਂ ਵਿੱਚ ਲਾਜ਼ਮੀ ਹੁੰਦੀਆਂ ਹਨ।ਅਰਜ਼ੀ ਵਿੱਚ ਭਾਰਤੀ ਸੰਵਿਧਾਨ ਦੇ ਆਰਟੀਕਲ 21 ਤਹਿਤ ਜੀਵਨ ਦੇ ਅਧਿਕਾਰ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਹੈ ਕਿ ਐਮਰਜੈਂਸੀ ਮੈਡੀਕਲ ਸਹਾਇਤਾ ਨਾ ਦੇਣਾ ਮੂਲ ਅਧਿਕਾਰਾਂ ਦੀ ਉਲੰਘਣਾ ਹੋ ਸਕਦੀ ਹੈ। ਇਸ ਵਿੱਚ ਐਮਰਜੈਂਸੀ ਹਾਲਾਤਾਂ ਵਿੱਚ ਤੁਰੰਤ ਮੈਡੀਕਲ ਸਹਾਇਤਾ ਦੇਣ ਬਾਰੇ ਮਾਣਯੋਗ ਸੁਪਰੀਮ ਕੋਰਟ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ।ਸ਼ਿਕਾਇਤਕਰਤਾ ਨੇ ਮੰਗ ਕੀਤੀ ਹੈ ਕਿ ਮੌਜੂਦਾ ਜਾਂਚ ਰਿਪੋਰਟ ਨੂੰ ਰੱਦ ਕੀਤਾ ਜਾਵੇ ਅਤੇ ਸੀਨੀਅਰ ਅਤੇ ਸੁਤੰਤਰ ਮੈਡੀਕਲ ਮਾਹਿਰਾਂ ਦਾ ਇੱਕ ਨਵਾਂ ਹਾਈ ਪਾਵਰ ਮੈਡੀਕਲ ਬੋਰਡ ਜਾਂਚ ਲਈ ਬਣਾਇਆ ਜਾਵੇ।ਉਨ੍ਹਾਂ ਨੇ ਇਹ ਵੀ ਬੇਨਤੀ ਕੀਤੀ ਹੈ ਕਿ ਨਵਾਂ ਬੋਰਡ ਐਮਰਜੈਂਸੀ ਰਜਿਸਟਰ, ਟ੍ਰੀਟਮੈਂਟ ਚਾਰਟ, ਦਵਾਈਆਂ ਦੇ ਰਿਕਾਰਡ, ਡਿਊਟੀ ਰੋਸਟਰ,ਸੀ ਸੀ ਟੀ ਵੀ ਸਿਸਟਮ ਰਿਕਾਰਡ, ਕਾਲ ਰਿਕਾਰਡਿੰਗ ਅਤੇ ਹੋਰ ਸਬੰਧਤ ਸਬੂਤਾਂ ਦੀ ਪੂਰੀ ਜਾਂਚ ਕਰੇ। ਅਰਜ਼ੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇ ਜਾਂਚ ਪ੍ਰਕਿਰਿਆ ਵਿੱਚ ਗੜਬੜੀਆਂ ਸਾਬਤ ਹੁੰਦੀਆਂ ਹਨ ਤਾਂ ਪਹਿਲਾਂ ਬਣੇ ਮੈਡੀਕਲ ਬੋਰਡ ਦੇ ਮੈਂਬਰਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇ।ਸ਼ਿਕਾਇਤਕਰਤਾ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿੱਚ ਪੂਰੀ ਪਾਰਦਰਸ਼ਤਾ ਨਾਲ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਜੋ ਜ਼ਿੰਮੇਵਾਰੀ ਤੈਅ ਹੋ ਸਕੇ ਅਤੇ ਸਿਹਤ ਪ੍ਰਣਾਲੀ ‘ਤੇ ਲੋਕਾਂ ਦਾ ਭਰੋਸਾ ਕਾਇਮ ਰਹੇ।
Get all latest content delivered to your email a few times a month.