> Bolda Punjab -*ਔਰਤਾਂ ਨੂੰ ਜਲਦੀ ਹੀ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*
IMG-LOGO
ਹੋਮ ਪੰਜਾਬ : *ਔਰਤਾਂ ਨੂੰ ਜਲਦੀ ਹੀ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਣਗੇ:...

*ਔਰਤਾਂ ਨੂੰ ਜਲਦੀ ਹੀ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*

**ਰੈਲੀ ਵਿੱਚ ਭਾਰੀ ਇਕੱਠ ਸਾਬਤ ਕਰਦਾ ਹੈ ਕਿ ਲੋਕਾਂ ਨੇ ਭਗਵੰਤ ਮਾਨ ਨੂੰ ਦੁਬਾਰਾ ਮੁੱਖ ਮੰਤਰੀ ਚੁਣਨ ਦਾ ਮਨ ਬਣਾ ਲਿਆ ਹੈ: ਮਨੀਸ਼ ਸਿਸੋਦੀਆ*

*ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 169 ਲਾਪਤਾ ਸਰੂਪ ਬਰਾਮਦ; ਇਹ ਪ੍ਰਾਪਤੀ ਨਹੀਂ, ਸਗੋਂ ਸਾਡਾ ਫ਼ਰਜ਼ ਹੈ*

Shabdish Thind - Jan 14, 2026 07:11 PM
IMG

  ਵਿਸ਼ਵਜੀਤ ਸਿੰਘ  ਥਿੰਦ

ਸ੍ਰੀ ਮੁਕਤਸਰ ਸਾਹਿਬ, 14 ਜਨਵਰੀ 2026 ,

ਮਾਘੀ ਦੇ ਪਵਿੱਤਰ ਮੌਕੇ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ੍ਰੀ ਮੁਕਤਸਰ ਸਾਹਿਬ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਵੱਡੇ ਜਨਤਕ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 169 ਲਾਪਤਾ ਹੋਏ ਸਰੂਪਾਂ ਦੀ ਬਰਾਮਦਗੀ 'ਤੇ ਪੰਜਾਬ ਸਰਕਾਰ ਦਾ ਸਟੈਂਡ ਦੁਹਰਾਇਆ। ਸਿੱਖ ਇਤਿਹਾਸ ਅਤੇ ਕੁਰਬਾਨੀ ਨਾਲ ਜੁੜੇ ਇਸ ਦਿਨ ਮੁੱਖ ਮੰਤਰੀ ਨੇ ਕਿਹਾ ਕਿ ਸਰੂਪਾਂ ਦੀ ਬਰਾਮਦਗੀ ਪ੍ਰਾਪਤੀ ਦੀ ਬਜਾਏ ਫ਼ਰਜ਼ ਦਾ ਮਸਲਾ ਹੈ।

ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਪੰਜਾਬ ਸਰਕਾਰ ਆਉਣ ਵਾਲੇ ਬਜਟ ਵਿੱਚ ਔਰਤਾਂ ਲਈ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਸਹਾਇਤਾ ਯੋਜਨਾ ਲਈ ਬਜਟ ਵਿੱਚ ਪ੍ਰਬੰਧ ਕਰੇਗੀ। ਉਨ੍ਹਾਂ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਹੈ। 'ਆਪ' ਆਗੂਆਂ ਨੇ ਕਿਹਾ ਕਿ ਮਾਘੀ ਮੌਕੇ ਇੱਥੇ ਹੋਇਆ ਇਕੱਠ ਸਰਕਾਰ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ।

ਮਾਘੀ ਮੌਕੇ ਇੱਕ ਵਿਸ਼ਾਲ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਨੇ ਹੁਣ ਤੱਕ ਪੰਜਾਬ ਦੇ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਹੈ। ਉਨ੍ਹਾਂ ਕਿਹਾ "ਅਸੀਂ ਲੋਕਾਂ ਨਾਲ ਕੀਤੇ ਹਰ ਵਾਅਦੇ ਦਾ ਸਨਮਾਨ ਕੀਤਾ ਹੈ ਅਤੇ ਹੁਣ ਅਸੀਂ ਸੂਬੇ ਦੀ ਹਰੇਕ ਔਰਤ ਨੂੰ ਇੱਕ ਹਜ਼ਾਰ ਰੁਪਏ ਦੇਣ ਦੀ ਯੋਜਨਾ ਸ਼ੁਰੂ ਕਰਾਂਗੇ। ਆਉਣ ਵਾਲੇ ਬਜਟ ਵਿੱਚ ਲੋੜੀਂਦੀ ਵਿਵਸਥਾ ਯਕੀਨੀ ਬਣਾਈ ਜਾਵੇਗੀ। ਇਹ ਸਰਕਾਰ ਸਾਰਿਆਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਪੰਜਾਬ ਦੇ ਲੋਕਾਂ ਨਾਲ ਕੀਤਾ ਗਿਆ ਹਰ ਵਾਅਦਾ ਹਰ ਹਾਲ ਵਿੱਚ ਪੂਰਾ ਕੀਤਾ ਜਾਵੇਗਾ।’’

ਇਸ ਪਵਿੱਤਰ ਸਥਾਨ ਦੀ ਇਤਿਹਾਸਕ ਮਹੱਤਤਾ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਧਰਤੀ ਭਾਈ ਮਹਾਂ ਸਿੰਘ ਜੀ ਦੀ ਅਗਵਾਈ ਹੇਠ ਸਿੱਖ ਯੋਧਿਆਂ ਦੀ ਮਹਾਨ ਕੁਰਬਾਨੀ ਦੀ ਗਵਾਹ ਹੈ ਅਤੇ ਸਮੁੱਚੀ ਸਿੱਖ ਸੰਗਤ ਉਨ੍ਹਾਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕਰ ਰਹੀ ਹੈ। ਉਨ੍ਹਾਂ ਕਿਹਾ, “ਲੋਕ ਇੱਥੇ ਸੂਬੇ ਭਰ ਤੋਂ ਇਕੱਠੇ ਹੋਏ ਹਨ ਅਤੇ ਇਸ ਇਕੱਠ ਦਾ ਹਿੱਸਾ ਬਣ ਕੇ ਖ਼ੁਦ ਨੂੰ ਸੁਭਾਗਾ ਮੰਨ ਰਹੇ ਹਨ। ਇਹ ਪਵਿੱਤਰ ਧਰਤੀ ਅਤੇ ਇੱਥੇ ਹੋਈਆਂ ਕੁਰਬਾਨੀਆਂ ਦੁਨੀਆ ਭਰ ਦੇ ਹਰ ਸਿੱਖ ਦੇ ਦਿਲ ਵਿੱਚ ਵਸਦੀਆਂ ਹਨ ਅਤੇ ਜ਼ੁਲਮ ਤੇ ਬੇਇਨਸਾਫ਼ੀ ਵਿਰੁੱਧ ਖੜ੍ਹੇ ਹੋਣ ਲਈ ਪ੍ਰੇਰਿਤ ਕਰਦੀਆਂ ਹਨ।”

ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਬੰਨ੍ਹਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਕਮਜ਼ੋਰ ਯਾਦਦਾਸ਼ਤ ਤੋਂ ਪੀੜਤ ਹਨ ਅਤੇ ਚੋਣਾਂ ਤੋਂ ਬਾਅਦ ਪੰਜਾਬ ਨੂੰ ਲੁੱਟਣ ਲਈ ਸਿਰਫ਼ ਆਪਣੀ ਵਾਰੀ ਦੀ ਉਡੀਕ ਕਰ ਰਹੀਆਂ ਹਨ। ਉਨ੍ਹਾਂ ਕਿਹਾ "'ਝਾੜੂ', ਜੋ ਕਿ 'ਆਪ' ਦਾ ਪ੍ਰਤੀਕ ਹੈ, ਨੇ ਸਿਆਸੀ ਪ੍ਰਣਾਲੀ ਨੂੰ ਸਾਫ਼ ਕਰ ਦਿੱਤਾ ਹੈ ਅਤੇ ਇਸੇ ਕਰਕੇ ਰਵਾਇਤੀ ਪਾਰਟੀਆਂ ਹੈਰਾਨ ਹਨ। ਇਹ ਆਗੂ ਮੇਰੇ 'ਤੇ ਸਿਰਫ਼ ਇਸ ਲਈ ਹਮਲਾ ਕਰ ਰਹੇ ਹਨ ਕਿਉਂਕਿ ਮੈਂ ਇੱਕ ਆਮ ਪਰਿਵਾਰ ਤੋਂ ਹਾਂ, ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰ ਪਾ ਰਹੇ ਹਨ।’’

ਲੋਕਤੰਤਰ ਵਿੱਚ ਲੋਕ ਸਭ ਤੋਂ ਉੱਪਰ ਹੋਣ 'ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਨਤਾ ਨੇ ਮੌਕਾਪ੍ਰਸਤ ਨੇਤਾਵਾਂ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਟਿੱਪਣੀ ਕੀਤੀ, ‘’ਇਸ ਰੈਲੀ ਵਿੱਚ ਭਾਰੀ ਇਕੱਠ ਲੋਕਾਂ ਦੇ ਸਰਕਾਰ ਅਤੇ ਇਸ ਦੀਆਂ ਨੀਤੀਆਂ ਪ੍ਰਤੀ ਪਿਆਰ ਅਤੇ ਸਨੇਹ ਨੂੰ ਦਰਸਾਉਂਦਾ ਹੈ। ਹੋਰ ਪਾਰਟੀਆਂ ਵੀ ਰੈਲੀਆਂ ਕਰ ਰਹੀਆਂ ਹਨ, ਪਰ ਸੁਖਬੀਰ ਬਾਦਲ ਦੀ ਰੈਲੀ ਹੁਣ ਤੱਕ ਖ਼ਤਮ ਹੋ ਚੁੱਕੀ ਹੋਵੇਗੀ ਕਿਉਂਕਿ ਸ਼ਾਇਦ ਹੀ ਕੋਈ ਉੱਥੇ ਗਿਆ ਹੋਵੇਗਾ।’’

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਕਾਲੀਆਂ ਵੱਲੋਂ ਕਿਰਾਏ 'ਤੇ ਲਈਆਂ ਗਈਆਂ ਬੱਸਾਂ ਵਿੱਚ ਲਿਆਂਦੇ ਗਏ ਲੋਕ ਵੀ 'ਆਪ' ਰੈਲੀ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਅੱਗੇ ਕਿਹਾ ਕਿ ਵਿਰੋਧੀ ਧਿਰ ਸੂਬਾ ਸਰਕਾਰ ਨੂੰ ਬਦਨਾਮ ਕਰਨ ਲਈ ਹਨੇਰੇ ਵਿੱਚ ਹੱਥ ਮਾਰ ਰਹੀ ਹੈ ਅਤੇ ਸਰਕਾਰ ਦੇ ਲੋਕ-ਪੱਖੀ ਤੇ ਪੰਜਾਬ-ਪੱਖੀ ਸਟੈਂਡ ਤੋਂ ਈਰਖਾ ਕਰ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ, "ਮੈਂ ਕਿਸੇ ਵੀ ਕੀਮਤ 'ਤੇ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗਾ।"

ਸ਼ਾਸਨ ਦੀਆਂ ਤਰਜੀਹਾਂ ਦੀ ਨਿਸ਼ਾਨਦੇਹੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਸਰਕਾਰ ਦੀ ਭੂਮਿਕਾ ਬੱਚਿਆਂ ਦੇ ਸੁਪਨਿਆਂ ਨੂੰ ਖੰਭ ਦੇਣਾ ਹੁੰਦਾ ਹੈ ਤਾਂ ਜੋ ਉਹ ਜ਼ਿੰਦਗੀ ਵਿੱਚ ਸਫਲਤਾ ਦੀਆਂ ਨਵੀਆਂ ਕਹਾਣੀਆਂ ਲਿਖ ਸਕਣ। ਉਨ੍ਹਾਂ ਕਿਹਾ "ਮੇਰੇ ਵੱਲੋਂ ਦਸਤਖ਼ਤ ਕੀਤੀ ਗਈ ਹਰ ਫਾਈਲ ਦਾ ਉਦੇਸ਼ ਆਮ ਆਦਮੀ ਅਤੇ ਸੂਬੇ ਨੂੰ ਲਾਭ ਪਹੁੰਚਾਉਣਾ ਹੈ। 63,000 ਤੋਂ ਵੱਧ ਨੌਜਵਾਨਾਂ ਨੂੰ ਭ੍ਰਿਸ਼ਟਾਚਾਰ ਜਾਂ ਸਿਫ਼ਾਰਸ਼ ਤੋਂ ਬਿਨਾਂ ਪੂਰੀ ਤਰ੍ਹਾਂ ਯੋਗਤਾ ਦੇ ਆਧਾਰ 'ਤੇ ਨੌਕਰੀਆਂ ਦਿੱਤੀਆਂ ਗਈਆਂ ਹਨ। ਸਾਡੀ ਸਰਕਾਰ ਵੱਲੋਂ ਲਿਆ ਗਿਆ ਹਰ ਫੈਸਲਾ ਪੰਜਾਬ ਦੀ ਤਰੱਕੀ ਅਤੇ ਲੋਕਾਂ ਦੀ ਖ਼ੁਸ਼ਹਾਲੀ 'ਤੇ ਕੇਂਦਰਿਤ ਹੈ।’’

ਜਨਤਕ ਸੇਵਾਵਾਂ ਨੂੰ ਮਜ਼ਬੂਤ ​​ਕਰਨ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਕੁਸ਼ਲਤਾ ਵਧਾਉਣ ਲਈ 10,000 ਤੋਂ ਵੱਧ ਨਵੇਂ ਪੁਲਿਸ ਕਰਮਚਾਰੀ ਭਰਤੀ ਕੀਤੇ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਸਹਾਇਤਾ ਲਈ ਕਈ ਜਨਤਕ ਲਾਇਬ੍ਰੇਰੀਆਂ ਖੋਲ੍ਹੀਆਂ ਗਈਆਂ ਹਨ, ਸਾਰੇ ਖੇਤਰਾਂ ਨੂੰ ਨਿਰਵਿਘਨ ਬਿਜਲੀ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ 90 ਫੀਸਦੀ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਟੇਲਾਂ 'ਤੇ ਸਥਿਤ ਪਿੰਡਾਂ ਨੂੰ ਵੀ ਪਹਿਲੀ ਵਾਰ ਨਹਿਰੀ ਪਾਣੀ ਮਿਲਿਆ ਹੈ, ਜਿਸ ਨੂੰ ਵਿਰੋਧੀ ਨੇਤਾਵਾਂ ਨੇ ਕਦੇ ਵੀ ਤਰਜੀਹ ਨਹੀਂ ਦਿੱਤੀ। ਉਨ੍ਹਾਂ ਕਿਹਾ, "ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ 12 ਨੂੰ 5 ਨਾਲ ਗੁਣਾ ਕਰਨ 'ਤੇ ਕੀ ਨਤੀਜਾ ਆਉਂਦਾ ਹੈ, ਉਹ ਸੱਤਾ ਵਿੱਚ ਆਉਣ ਦੇ ਦਿਨ-ਦਿਹਾੜੇ ਸੁਪਨੇ ਦੇਖ ਰਹੇ ਹਨ।" ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਦੇ ਲੋਕ ਹੁਣ ਇੱਕ ਗਲਤ ਸਰਕਾਰ ਨੂੰ ਚੁਣ ਕੇ ਪਛਤਾ ਰਹੇ ਹਨ, ਜਿਸ ਨੇ ਆਮ ਆਦਮੀ ਪਾਰਟੀ ਦੇ ਸ਼ਾਸਨ ਦੌਰਾਨ ਲਏ ਗਏ ਲੋਕ-ਪੱਖੀ ਫੈਸਲਿਆਂ ਨੂੰ ਰੋਕ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਆਪਣੀਆਂ ਨੁਕਸਦਾਰ ਨੀਤੀਆਂ ਕਾਰਨ 'ਬ੍ਰੇਨ ਡਰੇਨ' ਲਈ ਜ਼ਿੰਮੇਵਾਰ ਸਨ, ਪਰ ਜਦੋਂ ਤੋਂ ਉਨ੍ਹਾਂ ਦੀ ਸਰਕਾਰ ਨੇ ਅਹੁਦਾ ਸੰਭਾਲਿਆ ਹੈ, ਉਦੋਂ ਤੋਂ 'ਰਿਵਰਸ ਮਾਈਗ੍ਰੇਸ਼ਨ' (ਵਾਪਸੀ) ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ, "ਪੰਜਾਬ ਦੇ ਸੂਝਵਾਨ, ਬਹਾਦਰ ਅਤੇ ਮਿਹਨਤੀ ਲੋਕ ਇਨ੍ਹਾਂ ਆਗੂਆਂ ਦੇ ਦੋਹਰੇ ਕਿਰਦਾਰ ਤੋਂ ਚੰਗੀ ਤਰ੍ਹਾਂ ਜਾਣੂ ਹਨ, ਜਿਨ੍ਹਾਂ ਨੂੰ ਉਨ੍ਹਾਂ ਵੱਲੋਂ ਪਹਿਲਾਂ ਨਕਾਰਿਆ ਜਾ ਚੁੱਕਾ ਹੈ। ਅੱਜ ਪੰਜਾਬ ਹਰ ਖੇਤਰ ਵਿੱਚ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ ਕਿਉਂਕਿ ਸਾਡੀ ਸਰਕਾਰ ਨੇ ਸਰਵਪੱਖੀ ਵਿਕਾਸ ਲਈ ਠੋਸ ਕਦਮ ਚੁੱਕੇ ਹਨ, ਜਿਸ ਵਿੱਚ ਸਿਹਤ, ਸਿੱਖਿਆ ਅਤੇ ਬਿਜਲੀ ਦੇ ਖੇਤਰ ਵਿੱਚ ਇਤਿਹਾਸਕ ਪਹਿਲਕਦਮੀਆਂ ਸ਼ਾਮਲ ਹਨ।"

ਬੁਨਿਆਦੀ ਢਾਂਚੇ ਦੇ ਵਿਕਾਸ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 49,000 ਕਿਲੋਮੀਟਰ ਤੋਂ ਵੱਧ ਸੜਕਾਂ ਦਾ ਕੰਮ ਪੂਰੀ ਰਫ਼ਤਾਰ ਨਾਲ ਚੱਲ ਰਿਹਾ ਹੈ। ਔਰਤਾਂ ਦੀ ਸਹਾਇਤਾ ਸਕੀਮ ਨੂੰ ਦੁਹਰਾਉਂਦੇ ਹੋਏ ਉਨ੍ਹਾਂ ਕਿਹਾ ਕਿ ਹਰ ਔਰਤ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਆਉਣ ਵਾਲੇ ਬਜਟ ਰਾਹੀਂ ਪੂਰਾ ਕੀਤਾ ਜਾਵੇਗਾ, ਜਿਵੇਂ ਕਿ ਹਰ ਵਾਅਦੇ ਨੂੰ ਨਿਭਾਇਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸੁਖਬੀਰ (ਬਾਦਲ) ਦਾਅਵਾ ਕਰਦੇ ਹਨ ਕਿ ਸਾਰਾ ਵਿਕਾਸ ਉਨ੍ਹਾਂ ਦੇ ਰਾਜ ਦੌਰਾਨ ਹੋਇਆ, ਪਰ ਉਨ੍ਹਾਂ ਨੇ ਬਰਗਾੜੀ ਅਤੇ ਬਹਿਬਲ ਕਲਾਂ ਦੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਜਾਣਬੁੱਝ ਕੇ ਅਣਗੌਲਿਆ ਕੀਤਾ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨਿੱਜੀ ਸਿਆਸੀ ਹਿੱਤਾਂ ਲਈ ਧਰਮ ਦੀ ਵਰਤੋਂ ਕਰਨ ਨਾਲ ਆਮ ਲੋਕਾਂ ਦੀ ਮਾਨਸਿਕਤਾ ਨੂੰ ਗਹਿਰੀ ਸੱਟ ਵੱਜੀ ਹੈ ਅਤੇ ਇਹ ਇੱਕ ਨਾ-ਮੁਆਫ਼ੀਯੋਗ ਗੁਨਾਹ ਹੈ। ਉਨ੍ਹਾਂ ਕਿਹਾ, "ਉਹ ਸਿੱਖ ਪੰਥ ਅਤੇ ਪੰਜਾਬ ਦੀਆਂ ਦੁਸ਼ਮਣ ਤਾਕਤਾਂ ਨਾਲ ਮਿਲੇ ਹੋਏ ਹਨ।" ਉਨ੍ਹਾਂ ਅੱਗੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਲਾਪਤਾ ਸਰੂਪਾਂ ਦੇ ਮਾਮਲੇ ਦੀ ਜਾਂਚ ਕਰ ਰਹੀ ਸਿੱਟ ਨੇ ਬੰਗਾ ਨੇੜੇ ਇੱਕ ਧਾਰਮਿਕ ਸਥਾਨ ਤੋਂ 169 ਸਰੂਪ ਬਰਾਮਦ ਕੀਤੇ ਹਨ, ਜਿਨ੍ਹਾਂ ਵਿੱਚੋਂ 139 ਦਾ ਕੋਈ ਸਰਕਾਰੀ ਰਿਕਾਰਡ ਨਹੀਂ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ "ਇਹ ਕੋਈ ਪ੍ਰਾਪਤੀ ਨਹੀਂ ਸਗੋਂ ਸਾਡਾ ਫ਼ਰਜ਼ ਹੈ।’’ ਉਨ੍ਹਾਂ ਅੱਗੇ ਕਿਹਾ ਕਿ ਸਰੂਪਾਂ ਦੀ ਛਪਾਈ ਕਰਵਾਉਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਹੈ ਅਤੇ ਅਜਿਹੀਆਂ ਸੰਸਥਾਵਾਂ ਅਕਾਲੀਆਂ ਕਾਰਨ ਆਪਣੀ ਡਿਊਟੀ ਨਿਭਾਉਣ ਵਿੱਚ ਨਾਕਾਮ ਰਹੀਆਂ ਹਨ। ਉਨ੍ਹਾਂ ਕਿਹਾ, "ਇਹ ਆਗੂ ਅਜਿਹੇ ਗੁਨਾਹਾਂ ਲਈ ਮੁਆਫ਼ੀ ਦੇ ਹੱਕਦਾਰ ਨਹੀਂ ਹਨ।"

ਆਰਥਿਕ ਰਾਹਤ ਅਤੇ ਸਿਹਤ ਸੰਭਾਲ ਪਹਿਲਕਦਮੀਆਂ 'ਤੇ ਚਾਨਣਾ ਪਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ 19 ਟੋਲ ਪਲਾਜ਼ੇ ਬੰਦ ਕੀਤੇ ਜਾ ਚੁੱਕੇ ਹਨ, ਜਿਸ ਨਾਲ ਲੋਕਾਂ ਦੇ ਰੋਜ਼ਾਨਾ 64 ਲੱਖ ਰੁਪਏ ਬਚ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਭਰ ਵਿੱਚ 881 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ, ਜੋ ਮੁਫ਼ਤ ਇਲਾਜ ਅਤੇ ਦਵਾਈਆਂ ਮੁਹੱਈਆ ਕਰਵਾ ਰਹੇ ਹਨ ਅਤੇ ਜਲਦੀ ਹੀ 'ਮੁੱਖ ਮੰਤਰੀ ਸਿਹਤ ਯੋਜਨਾ' ਸ਼ੁਰੂ ਕੀਤੀ ਜਾਵੇਗੀ ਤਾਂ ਜੋ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ (ਨਗਦੀ ਰਹਿਤ) ਇਲਾਜ ਦਿੱਤਾ ਜਾ ਸਕੇ।

ਇਕੱਠ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕ ਭਲਾਈ ਲਈ ਮਿਸਾਲੀ ਕਦਮ ਚੁੱਕੇ ਹਨ। ਉਨ੍ਹਾਂ ਕਿਹਾ, "ਇਸ ਰੈਲੀ ਵਿੱਚ ਲੋਕਾਂ ਦੀ ਭਾਰੀ ਸ਼ਮੂਲੀਅਤ ਸਪੱਸ਼ਟ ਦਰਸਾਉਂਦੀ ਹੈ ਕਿ ਲੋਕਾਂ ਨੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਇੱਕ ਹੋਰ ਮੌਕਾ ਦੇਣ ਦਾ ਮਨ ਬਣਾ ਲਿਆ ਹੈ। ਇਸ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦੀ ਦੇਸ਼ ਭਰ ਵਿੱਚ ਸ਼ਲਾਘਾ ਹੋਈ ਹੈ ਅਤੇ ਲੋਕ 'ਆਪ' ਦੀਆਂ ਲਗਾਤਾਰ ਲੋਕ-ਪੱਖੀ ਪਹਿਲਕਦਮੀਆਂ ਕਾਰਨ ਇਸ ਨੂੰ ਮੁੜ ਚੁਣਨ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।"

ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ, ਗੁਰਮੀਤ ਸਿੰਘ ਖੁੱਡੀਆਂ, ਡਾ. ਬਲਬੀਰ ਸਿੰਘ, ਡਾ. ਬਲਜੀਤ ਕੌਰ, ਹਰਭਜਨ ਸਿੰਘ ਈ.ਟੀ.ਓ., ਲਾਲਜੀਤ ਸਿੰਘ ਭੁੱਲਰ, ਲਾਲ ਚੰਦ ਕਟਾਰੂਚੱਕ, ਹਰਦੀਪ ਸਿੰਘ ਮੁੰਡੀਆਂ ਸਮੇਤ ਵਿਧਾਇਕ ਬਲਜਿੰਦਰ ਕੌਰ, ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਹੋਰ ਵੀ ਹਾਜ਼ਰ ਸਨ।

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.