>
ਤਾਜਾ ਖਬਰਾਂ
ਜਗਦੀਸ਼ ਥਿੰਦ ਬਿਊਰੋ ਚੀਫ ਬੋਲਦਾ ਪੰਜਾਬ
ਗੁਰੂ ਹਰਸਹਾਏ/ਫਿਰੋਜ਼ਪੁਰ, 12 ਜਨਵਰੀ 2026
ਕਾਂਗਰਸ ਵਿਧਾਇਕ ਦਲ ਦੇ ਆਗੂ ਅਤੇ ਸੀਨੀਅਰ ਕਾਂਗਰਸੀ ਨੇਤਾ ਸ੍ਰੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਹਰ ਮੁਹਾਜ਼ ‘ਤੇ ਲੁੱਟਿਆ ਤੇ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਉਹ ਇੱਥੇ ਯੂਥ ਕਾਂਗਰਸ ਆਗੂ ਜੋਗਿੰਦਰਪਾਲ ਭਾਟਾ ਦੇ ਗ੍ਰਹਿ ਵਿਖੇ ਆਯੋਜਿਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਬਾਜਵਾ ਨੇ ਦੱਸਿਆ ਕਿ ਕਾਂਗਰਸ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਪਾਰਟੀ ਦੀ ਸਾਂਝੀ ਲੀਡਰਸ਼ਿਪ ਹੇਠ ਲੜੇਗੀ ਅਤੇ ਪਾਰਟੀ ਦੇ ਸਾਰੇ ਸੀਨੀਅਰ ਆਗੂ ਮੁੱਖ ਮੰਤਰੀ ਦੇ ਸੰਭਾਵੀ ਚਿਹਰੇ ਹਨ। ਉਨ੍ਹਾਂ ਕਿਹਾ ਕਿ ਪੂਰੀ ਏਕਜੁਟਤਾ ਨਾਲ ਕਾਂਗਰਸ ਪਾਰਟੀ ਚੋਣ ਮੈਦਾਨ ਵਿੱਚ ਉਤਰੇਗੀ ਅਤੇ ਸਪਸ਼ਟ ਤੇ ਇੱਕਤਰਫ਼ਾ ਜਿੱਤ ਹਾਸਲ ਕਰੇਗੀ।
ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਦਿਆਂ ਸ੍ਰੀ ਬਾਜਵਾ ਨੇ ਕਿਹਾ ਕਿ ਝੂਠੇ ਲਾਰੇ ਅਤੇ ਅਧੂਰੇ ਵਾਅਦਿਆਂ ਦੇ ਸਹਾਰੇ ਸੱਤਾ ਵਿੱਚ ਆਈ ਆਪ ਸਰਕਾਰ ਨੇ ਪੰਜਾਬ ਦੇ ਗਰੀਬ ਅਤੇ ਹਾਸ਼ੀਏ ‘ਤੇ ਰਹਿੰਦੇ ਵਰਗਾਂ ਦਾ ਭਾਰੀ ਸ਼ੋਸ਼ਣ ਕੀਤਾ ਹੈ। ਉਨ੍ਹਾਂ ਦੱਸਿਆ ਕਿ ਚਾਰ ਸਾਲਾਂ ਦੇ ਕਾਰਜਕਾਲ ਬਾਵਜੂਦ ਵੀ ਸਸਤਾ ਰੇਤਾ ਮੁਹੱਈਆ ਕਰਵਾਉਣ ਦਾ ਵਾਅਦਾ ਪੂਰਾ ਨਹੀਂ ਹੋ ਸਕਿਆ ਅਤੇ ਮਾਈਨਿੰਗ ਪਾਲਸੀ ਤੱਕ ਤਿਆਰ ਨਹੀਂ ਕੀਤੀ ਗਈ।
ਸ੍ਰੀ ਬਾਜਵਾ ਨੇ ਕਿਹਾ ਕਿ ਅੱਜ ਕਿਸਾਨਾਂ ਨੂੰ ਖੇਤੀਬਾੜੀ ਦੀਆਂ ਮੁਢਲੀਆਂ ਲੋੜਾਂ, ਜਿਵੇਂ ਕਿ ਖਾਦਾਂ, ਹਾਸਲ ਕਰਨ ਲਈ ਵੀ ਖੱਜਲ-ਖਵਾਰ ਹੋਣਾ ਪੈ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਮਨਰੇਗਾ ਸਕੀਮ ਵਿੱਚ ਕੀਤੀਆਂ ਤਬਦੀਲੀਆਂ ‘ਤੇ ਕੜੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਲੱਖਾਂ ਲੋਕਾਂ ਦੀ ਰੋਜ਼ੀ-ਰੋਟੀ ਦਾ ਸਹਾਰਾ ਬਣੀ ਮਨਰੇਗਾ ਯੋਜਨਾ ਦਾ ਨਾਮ ਬਦਲ ਕੇ ਅਤੇ ਨਵੇਂ ਨਿਯਮ ਲਾਗੂ ਕਰਕੇ ਗਰੀਬਾਂ ਦੇ ਪੇਟ ‘ਤੇ ਲੱਤ ਮਾਰੀ ਗਈ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਸ਼ੁਰੂ ਕੀਤੇ ਗਏ "ਮਨਰੇਗਾ ਬਚਾਓ ਸੰਘਰਾਮ" ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਆਮ ਲੋਕ ਸ਼ਾਮਿਲ ਹੋ ਰਹੇ ਹਨ ਅਤੇ ਕੇਂਦਰ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ ਜਾਵੇਗਾ।
ਸ੍ਰੀ ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਲਗਾਤਾਰ ਭੇਦਭਾਵ ਕਰ ਰਹੀ ਹੈ। ਕਿਸਾਨ ਵਿਰੋਧੀ ਕਾਨੂੰਨ ਬਣਾਉਣ, ਪੰਜਾਬ ਦੇ ਬਾਰਡਰ ਵਿਕਾਸ ਨਾਲ ਸੰਬੰਧਿਤ ਫੰਡ ਰੋਕਣ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਦਖ਼ਲਅੰਦਾਜ਼ੀ ਕਰਨ ਅਤੇ ਪੰਜਾਬ ਯੂਨੀਵਰਸਿਟੀ ਦੀਆਂ ਸੈਨਟ ਚੋਣਾਂ ਨਾ ਕਰਵਾਉਣ ਵਰਗੇ ਮੁੱਦਿਆਂ ‘ਤੇ ਕੇਂਦਰ ਦਾ ਰਵੱਈਆ ਸਪਸ਼ਟ ਤੌਰ ‘ਤੇ ਪੰਜਾਬ ਵਿਰੋਧੀ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਸਪਸ਼ਟ ਬਹੁਮਤ ਨਾਲ ਆਪਣੀ ਸਰਕਾਰ ਬਣਾਵੇਗੀ ਅਤੇ ਸਰਹੱਦੀ ਖੇਤਰਾਂ ਵਿੱਚ ਵਸਦੇ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਦੇ ਮਾਲਕਾਨਾ ਹੱਕ ਮੁੜ ਦਿੱਤੇ ਜਾਣਗੇ।
ਪੰਜਾਬ ਵਿੱਚ ਕਾਨੂੰਨ-ਵਿਵਸਥਾ ‘ਤੇ ਚਿੰਤਾ ਜ਼ਾਹਰ ਕਰਦਿਆਂ ਸ੍ਰੀ ਬਾਜਵਾ ਨੇ ਕਿਹਾ ਕਿ ਅੱਜ ਸੂਬੇ ਵਿੱਚ ਕਾਨੂੰਨ ਦਾ ਰਾਜ ਲਗਭਗ ਖ਼ਤਮ ਹੋ ਚੁੱਕਾ ਹੈ ਅਤੇ ਗੁੰਡਾਗਰਦੀ ਦੇ ਸਹਾਰੇ ਫ਼ਰੋਤੀਆਂ ਦੀਆਂ ਉਗਰਾਹੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ‘ਤੇ ਪੰਜਾਬ ਵਿੱਚ ਮੁੜ ਅਮਨ ਅਤੇ ਸ਼ਾਂਤੀ ਸਥਾਪਿਤ ਕੀਤੀ ਜਾਵੇਗੀ।
ਇਸ ਮੌਕੇ ਪੰਜਾਬ ਦੇ ਕਾਲੇ ਦੌਰ ਨੂੰ ਯਾਦ ਕਰਦਿਆਂ ਸ੍ਰੀ ਬਾਜਵਾ ਨੇ ਕਿਹਾ ਕਿ ਉਸ ਸਮੇਂ ਵੀ ਕਾਂਗਰਸ ਪਾਰਟੀ ਦੇ ਵੱਡੇ ਨੇਤਾਵਾਂ ਨੇ ਕੁਰਬਾਨੀਆਂ ਦੇ ਕੇ ਪੰਜਾਬ ਨੂੰ ਮੁੜ ਵਸਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
ਇਸ ਪ੍ਰੈੱਸ ਕਾਨਫਰੰਸ ਦੌਰਾਨ ਐਡਵੋਕੇਟ ਸ਼ਵਿੰਦਰ ਸਿੰਘ ਸਿੱਧੂ, ਗੁਰਿੰਦਰ ਸਿੰਘ ਧਵਨ (ਸਾਬਕਾ ਸਰਪੰਚ), ਦਵਿੰਦਰ ਸਿੰਘ ਚੱਕ ਜਾਨੀਸਰ, ਸ਼੍ਰੀ ਹੰਸ ਰਾਜ ਬੱਟੀ, ਬਲਵਿੰਦਰ ਪਾਲ ਭਾਟਾ (ਸਾਬਕਾ ਸਰਪੰਚ), ਸੋਹਣ ਸਿੰਘ ਬੱਟੀ, ਅਮਰੀਕ ਸਿੰਘ ਥਿੰਦ, ਰਮਨ ਬਹਿਲ, ਸੋਹਨ ਲਾਲ ਕੌਂਸਲਰ, ਪਵਨ ਕੁਮਾਰ, ਰੋਸ਼ਨ ਭੱਠੇਜਾ, ਸੁਖਜਿੰਦਰ ਪਾਲ ਭਾਟਾ (ਸਾਬਕਾ ਸਰਪੰਚ), ਜਰਨੈਲ ਸਿੰਘ, ਗੁਰਮੁਖ ਸਿੰਘ, ਸਿੰਦਰ ਸਿੰਘ ਸਮੇਤ ਹੋਰ ਕਈ ਸੀਨੀਅਰ ਕਾਂਗਰਸੀ ਆਗੂ ਮੌਜੂਦ ਸਨ।
Get all latest content delivered to your email a few times a month.