>
ਤਾਜਾ ਖਬਰਾਂ
ਡਾ: ਰਮਨਦੀਪ ਕੌਰ
ਚੰਡੀਗੜ੍ਹ, 17 ਅਕਤੂਬਰ : ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੂੰ ਸੀ.ਬੀ.ਆਈ. ਚੰਡੀਗੜ੍ਹ ਨੇ ਵੀਰਵਾਰ ਨੂੰ ਇੱਕ ਸਕ੍ਰੈਪ ਡੀਲਰ ਤੋਂ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਅੱਜ ਭੁੱਲਰ ਨੂੰ ਸੀ.ਬੀ.ਆਈ. ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਤੇ ਵਿਚੋਲੇ ਦੋਵਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਪੇਸ਼ੀ ਤੋਂ ਪਹਿਲਾਂ ਉਨ੍ਹਾਂ ਦਾ ਮੈਡੀਕਲ ਕਰਵਾਇਆ ਗਿਆ। ਡੀ.ਆਈ.ਜੀ. ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਅਦਾਲਤ ਇਨਸਾਫ਼ ਕਰੇਗੀ। ਘਰ ਵਿੱਚ ਮਿਲੀ ਨਕਦ ਰਕਮ, ਸੰਪਤੀ ਅਤੇ ਗਹਿਣਿਆਂ ਦਾ ਜਵਾਬ ਅਸੀਂ ਦੇਵਾਂਗੇ। ਉਨ੍ਹਾਂ ਕਿਹਾ ਕਿ ਮੈਂ ਆਪਣਾ ਪੱਖ ਅਦਾਲਤ ਵਿੱਚ ਰੱਖਾਂਗਾ। ਵਿਚੋਲੇ ਅਤੇ ਡੀ.ਆਈ.ਜੀ. ਦੋਵਾਂ ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਜੱਜ ਅਲਕਾ ਮੁਲਕ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸੀ.ਬੀ.ਆਈ. ਚੰਡੀਗੜ੍ਹ ਦੀਆਂ 8 ਟੀਮਾਂ ਨੇ ਵੀਰਵਾਰ ਨੂੰ ਅੰਬਾਲਾ, ਮੋਹਾਲੀ, ਚੰਡੀਗੜ੍ਹ ਤੇ ਰੋਪੜ ਸਮੇਤ 7 ਥਾਵਾਂ 'ਤੇ ਛਾਪੇ ਮਾਰੇ। ਡੀ.ਆਈ.ਜੀ. ਭੁੱਲਰ ਦੇ ਦਫ਼ਤਰ, ਘਰ, ਫਾਰਮ ਹਾਊਸ ਤੇ ਹੋਰ ਥਾਵਾਂ ਦੀ ਤਲਾਸ਼ੀ ਲਈ ਗਈ। ਮੋਹਾਲੀ ਵਿਖੇ ਕੰਪਲੈਕਸ ਦਫ਼ਤਰ ਤੇ ਚੰਡੀਗੜ੍ਹ ਸੈਕਟਰ-40 ਦੇ ਮਕਾਨ ਨੰਬਰ 1489 'ਤੇ ਸੀ.ਬੀ.ਆਈ. ਦੀ ਟੀਮ ਸਵੇਰੇ ਤੋਂ ਹੀ ਰਿਸ਼ਵਤ ਮਾਮਲੇ ਦੀ ਜਾਂਚ ਕਰਦੀ ਰਹੀ। ਸੀ.ਬੀ.ਆਈ. ਨੇ ਇਸ ਮਾਮਲੇ ਵਿੱਚ ਭੁੱਲਰ ਦੇ ਵਿਚੋਲੇ ਕ੍ਰਿਸ਼ਨੂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜੋ ਡੀ.ਆਈ.ਜੀ. ਦੇ ਕਹਿਣ 'ਤੇ ਸਕ੍ਰੈਪ ਡੀਲਰ ਕੋਲੋਂ ਉਸ ਦੇ ਖ਼ਿਲਾਫ਼ ਦਰਜ ਐਫ.ਆਈ.ਆਰ. 'ਤੇ ਕਾਰਵਾਈ ਨਾ ਕਰਨ ਦੇ ਬਦਲੇ ਹਰ ਮਹੀਨੇ ਮੰਥਲੀ ਵਸੂਲਣ ਜਾਂਦਾ ਸੀ। ਸੀ.ਬੀ.ਆਈ. ਚੰਡੀਗੜ੍ਹ ਦੇ ਐਂਟੀ ਕਰਪਸ਼ਨ ਬਿਊਰੋ ਨੇ ਵੀਰਵਾਰ ਨੂੰ ਬੀ.ਐੱਨ.ਐੱਸ.-2023 ਦੀ ਧਾਰਾ 61(2) ਅਤੇ ਪੀ.ਸੀ. ਐਕਟ 1988 ਦੀਆਂ ਧਾਰਾਵਾਂ 7 ਤੇ 7ਏ ਹੇਠ ਮਾਮਲਾ ਦਰਜ ਕੀਤਾ ਹੈ।
Get all latest content delivered to your email a few times a month.