>
ਤਾਜਾ ਖਬਰਾਂ
ਬੋਲਦਾ ਪੰਜਾਬ ਬਿਊਰੋ
ਲੁਧਿਆਣਾ, 15 ਅਕਤੂਬਰ : ਲੁਧਿਆਣਾ ਪੁਲਿਸ ਅਤੇ ਕਾਨੂੰਨ ਤੋਂ ਬੇਖੌਫ ਬਦਮਾਸ਼ਾਂ ਦੀ ਇੱਕ ਹੋਰ ਰੂਹ ਕੰਬਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜਿਸ ’ਚ ਬਦਮਾਸ਼ਾਂ ਨੇ ਕਾਰੋਬਾਰੀ ਨੂੰ ਸੜਕ ਤੇ ਘੇਰ ਕੇ ਫਿਲਮੀ ਅੰਦਾਜ਼ ’ਚ ਉਸ ਦੀ ਕੁੱਟਮਾਰ ਕੀਤੀ। ਜਾਨ ਬਚਾ ਕੇ ਭੱਜ ਰਹੇ ਕਾਰੋਬਾਰੀ ਦਾ ਪਿੱਛਾ ਕਰ ਕੇ ਉਸ ਨੂੰ ਸੜਕ ’ਤੇ ਘੇਰਨ ਮਗਰੋਂ ਉਸ ਨੂੰ ਸੜਕ ’ਤੇ ਹੀ ਸੁੱਟ ਕੇ ਪਹਿਲਾਂ ਲੱਤ ਤੋੜੀ ਤੇ ਫੇਰ ਪਿੱਠ ’ਤੇ ਸੂਏ ਵਰਗੇ ਹਥਿਆਰ ਨਾਲ ਕਈ ਫੱਟ ਮਾਰੇ। ਇਸ ਜਾਨਲੇਵਾ ਹਮਲੇ ’ਚ ਫੱਟੜ ਹੋਏ ਸਾਗਰ ਨਾਮ ਦੇ ਨੌਜਵਾਨ ਨੂੰ ਇਲਾਜ ਲਈ ਸਥਾਨਕ ਦਿਆਨੰਦ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਮਾਨਸਿਕ ਤੇ ਸਰੀਰਕ ਤੌਰ ’ਤੇ ਫੱਟੜ ਹੋ ਚੁੱਕੇ ਇਸ ਨੌਜਵਾਨ ਤੋਂ ਬਿਆਨ ਲੈ ਕੇ ਪੁਲਿਸ ਨੇ ਹਮਲਾਵਰਾਂ ਖਿਲਾਫ ਕਾਰਵਾਈ ਆਰੰਭ ਦਿੱਤੀ ਹੈ। ਪੀੜਤ ਮੁਤਾਬਕ ਉਸ ਉੱਪਰ ਗੈਂਗਸਟਰ ਮੋਵਿਸ਼ ਬੈਂਸ ਤੇ ਉਸ ਦੇ ਸਾਥੀਆਂ ਨੇ ਰੰਜਿਸ਼ ਦੇ ਚੱਲਦੇ ਇਹ ਹਮਲਾ ਕੀਤਾ ਸੀ। ਵਾਰਦਾਤ ਵਾਲੀ ਥਾਂ ’ਤੇ ਆਸ-ਪਾਸ ਸੀਸੀਟੀਵੀ ਕੈਮਰੇ ਤੋਂ ਮਿਲੀ ਫੁਟੇਜ ਬਦਮਾਸ਼ਾਂ ਦੀ ਗੁੰਡਾਗਰਦੀ ਦੀ ਮੂੰਹ ਬੋਲਦੀ ਤਸਵੀਰ ਬਿਆਨ ਕਰਦੀ ਹੈ। ਵਾਰਦਾਤ ਗਾਂਧੀ ਨਗਰ ’ਚ ਹੋਲਸੇਲ ਰੈਡੀਮੇਟ ਕੱਪੜਿਆਂ ਦਾ ਕਾਰੋਬਾਰ ਕਰਨ ਵਾਲੇ ਨੌਜਵਾਨ ਕਾਰੋਬਾਰੀ ਸਾਗਰ ਨਾਲ ਹੋਈ ਜਦ ਉਹ ਆਪਣੇ ਕਿਸੇ ਦੋਸਤ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਦੁਕਾਨ ਤੋਂ ਘਰ ਵਾਪਸ ਜਾ ਰਿਹਾ ਸੀ। ਇਸ ਦੌਰਾਨ ਕੁਝ ਅਣਪਛਾਤੇ ਬਦਮਾਸ਼ਾਂ ਨੇ ਉਸ ਨੂੰ ਰਾਹ ’ਚ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਜਾਨ ਬਚਾਉਣ ਲਈ ਮੋਟਰਸਾਈਕਲ ਭਜਾ ਲਿਆ ਘਬਰਾਹਟ ’ਚ ਮੋਟਰਸਾਈਕਲ ਤੇ ਉਹ ਸੜਕ ’ਤੇ ਡਿੱਗ ਪਏ। ਸੜਕ ’ਤੇ ਡਿੱਗਦੇ ਹੀ ਪਿੱਛਾ ਕਰ ਰਹੇ ਹਥਿਆਰਬੰਦਾਂ ਨੇ ਉਸ ਨੂੰ ਸੜਕ ’ਤੇ ਹੀ ਘੇਰ ਕੇ ਕੁੱਟਮਾਰ ਸ਼ੁਰੂ ਕਰ ਦਿੱਤੀ। ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਪਹਿਲਾਂ ਸਾਗਰ ਦੀ ਲੱਤ ਤੋੜੀ ਤੇ ਪਿੱਠ ’ਚ ਸੂਏ ਮਾਰੇ। ਕਿਸੇ ਤਰ੍ਹਾਂ ਜਾਨ ਬਚਾ ਕੇ ਸਾਗਰ ਮੌਕੇ ਤੋਂ ਨਿਕਲਿਆ ਤੇ ਉਸ ਨੂੰ ਫੱਟੜ ਹਾਲਤ ’ਚ ਦਿਆਨੰਦ ਹਸਪਤਾਲ ਭਰਤੀ ਕਰਵਾਇਆ ਗਿਆ। ਬਾਕਸ-- ਗੈਂਗਸਟਰ ਮੋਵਿਸ਼ ਬੈਂਸ ਨੇ ਰੰਜਿਸ਼ ’ਚ ਕੀਤਾ ਹਮਲਾ ਹੋਲਸੇਲ ਰੈਡੀਮੇਟ ਕੱਪੜਾ ਕਾਰੋਬਾਰੀ ਸਾਗਰ ਨੇ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੈਂਗਸਟਰ ਮੋਵਿਸ਼ ਬੈਂਸ ਨੇ ਉਸ ਉੱਪਰ ਰੰਜਿਸ਼ ਦੇ ਚਲਦੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਉੱਪਰ ਜਾਨਲੇਵਾ ਹਮਲਾ ਕੀਤਾ, ਜਿਸ ਮੌਕੇ ਉਸ ਉੱਪਰ ਹਮਲਾ ਹੋਇਆ ਉਸ ਵੇਲੇ ਉਹ ਆਪਣੇ ਦੋਸਤ ਤਰੁਣ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੀ ਮਾਸੀ ਦੇ ਘਰ ਵੱਲ ਜਾ ਰਿਹਾ ਸੀ।। ਰਸਤੇ ’ਚ ਮੋਵਿਸ਼ ਤੇ ਉਸ ਦੇ ਸਾਥੀਆਂ ਨੇ ਦੋਨਾਂ ਨਾਲ ਕੁੱਟਮਾਰ ਕੀਤੀ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਹਮਲਾਵਰ ਉਸ ਦੀ ਜੇਬ ’ਚੋਂ ਕਰੀਬ 70 ਹਜ਼ਾਰ ਰੁਪਏ ਨਕਦੀ ਧੱਕੇ ਨਾਲ ਕੱਢ ਕੇ ਲੈ ਗਏ। ਸਾਗਰ ਨੇ ਦੱਸਿਆ ਕਿ ਉਸ ਦੇ ਤਾਏ ਦੇ ਲੜਕੇ ਨਾਲ ਮੋਵਿਸ਼ ਦਾ ਕੁਝ ਸਮਾਂ ਪਹਿਲਾਂ ਝਗੜਾ ਹੋਇਆ ਸੀ। ਸ਼ਾਇਦ ਇਸ ਰੰਜਿਸ਼ ਦੇ ਚੱਲਦੇ ਹੀ ਮੋਵਿਸ਼ ਨੇ ਉਸ ਨਾਲ ਇਹ ਵਾਰਦਾਤ ਅੰਜਾਮ ਦਿੱਤੀ ਹੈ। ਹਾਲਾਂਕਿ ਤਾਏ ਦੇ ਲੜਕੇ ਨਾਲ ਮੋਵਿਸ਼ ਦੀ ਰੰਜਿਸ਼ ਤੋਂ ਉਸ ਦਾ ਕੋਈ ਲੈਣ-ਦੇਣ ਵੀ ਨਹੀਂ ਸੀ। ਸਾਗਰ ਨੇ ਦਾਅਵਾ ਕੀਤਾ ਕਿ ਮੋਵਿਸ਼ ਨਾਲ ਆਏ ਸਿਵਾ ਭੱਟੀ, ਕਨਿਕ ਤੇ ਹੋਰ ਸਾਥੀ ਕੋਲ ਪਿਸਤੌਲ ਤੇ ਤੇਜ਼ਧਾਰ ਹਥਿਆਰ ਸਨ। ਉਸ ਨਾਲ ਕੁੱਟਮਾਰ ਕਰਨ ਦੌਰਾਨ ਉਸ ਦੇ ਸਿਰ ’ਚ ਪਿਸਟਲ ਦੇ ਬੱਟ ਮਾਰੇ ਗਏ ਤੇ ਜਦੋਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਪਿੱਠ ’ਚ ਤਾਬੜਤੋੜ ਸੂਏ ਮਾਰਨੇ ਸ਼ੁਰੂ ਕਰ ਦਿੱਤੇ। ਉਸ ਨਾਲ ਕੁੱਟ ਮਾਰ ਕਰਦੇ ਹੋਏ ਬਦਮਾਸ਼ਾਂ ਨੇ ਉਸ ਦੇ ਦੋਸਤ ਉਪਰ ਵੀ ਹਮਲਾ ਕਰ ਕੇ ਕੁੱਟਮਾਰ ਕੀਤੀ। ਬਾਕਸ-- ਗੈਂਗਸਟਰਾਂ ਤੋਂ ਦੱਸਿਆ ਜਾਨ ਨੂੰ ਖਤਰਾ ਫੱਟੜ ਕਾਰੋਬਾਰੀ ਸਾਗਰ ਮੁਤਾਬਕ ਉਸ ਉੱਪਰ ਹਮਲਾ ਕਰਨ ਵਾਲੇ ਮੋਵਿਸ਼ ਬੈਂਸ ਤੇ ਉਸ ਦੇ ਬਾਕੀ ਸਾਥੀਆਂ ਖਿਲਾਫ ਪਹਿਲਾਂ ਤੋਂ ਹੀ ਕਈ ਅਪਰਾਧਿਕ ਮਾਮਲੇ ਦਰਜ ਹਨ। ਕਰੀਬ ਡੇਢ ਦੋ ਸਾਲ ਪਹਿਲਾਂ ਵੀ ਇਸ ਗੈਂਗਸਟਰ ਨੇ ਉਸ ਦੇ ਤਾਏ ਦੇ ਲੜਕੇ ਉਪਰ ਜਾਨਲੇਵਾ ਹਮਲਾ ਕੀਤਾ ਸੀ ਪਰ ਲੋਕਾਂ ਦੇ ਡਰ ਕਾਰਨ ਅੱਗੇ ਨਾ ਆਉਣ ਕਾਰਨ ਇਹ ਗੈਂਗਸਟਰ ਬੇਖੌਫ ਗੁੰਡਾਗਰਦੀ ਕਰ ਰਹੇ ਹਨ। ਨਸ਼ਾ ਤਸਕਰਾਂ ਤੇ ਹੋਰ ਕਈ ਤਰ੍ਹਾਂ ਦੇ ਮਾਫੀਆ ਨਾਲ ਨਿਕਟ ਸਬੰਧਾਂ ਕਾਰਨ ਗੈਂਗਸਟਰ ਨੂੰ ਪੈਸੇ ਦੇ ਦਮ ਤੇ ਬਚਾ ਲਿਆ ਜਾਂਦਾ ਹੈ ਪਰ ਇਸ ਵਾਰ ਹੁਣ ਪੀੜਤ ਅਤੇ ਉਸ ਦੇ ਪਰਿਵਾਰ ਦੀ ਜਾਨ ਨੂੰ ਖਤਰਾ ਹੈ। ਪੀੜਤ ਨੇ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰ ਕੇ ਸੰਗੀਨ ਦੋਸ਼ਾਂ ’ਚ ਨਾਮਜ਼ਦ ਕੀਤਾ ਜਾਵੇ। ਬਾਕਸ-- ਸੀਸੀਟੀਵੀ ਕੈਮਰਿਆਂ ’ਚ ਕੈਦ ਹੋਏ ਹਮਲਾਵਰ ਜ਼ਿਕਰਯੋਗ ਹੈ ਕਿ ਕਾਰੋਬਾਰੀ ਉੱਪਰ ਹੋਏ ਹਮਲੇ ਦੇ ਮਾਮਲੇ ਨਾਲ ਜੁੜੇ ਕਈ ਹਮਲਾਵਰਾਂ ਦੇ ਚਿਹਰੇ ਨਜ਼ਦੀਕ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਚੁੱਕੇ ਹਨ। ਪੀੜਤ ਪਰਿਵਾਰ ਵੱਲੋਂ ਵੀ ਉਦਮ ਕਰ ਕੇ ਕਈ ਥਾਵਾਂ ਤੋਂ ਸੀਸੀਟੀਵੀ ਫੁਟੇਜ ਪੁਲਿਸ ਨੂੰ ਦਿੱਤੀ ਗਈ ਹੈ, ਜਿਸ ’ਚ ਹਮਲਾਵਰ ਵਾਰਦਾਤ ਕਰ ਕੇ ਭੱਜਦੇ ਨਜ਼ਰ ਆਏ। ਥਾਣਾ ਡਵੀਜ਼ਨ ਨੰਬਰ 4 ਦੇ ਮੁੱਖ ਅਫਸਰ ਗਗਨਦੀਪ ਸਿੰਘ ਮੁਤਾਬਕ ਵਾਰਦਾਤ ਸਬੰਧੀ ਸ਼ਿਕਾਇਤ ਮਗਰੋਂ ਗੈਂਗਸਟਰ ਤੇ ਉਸ ਸਾਥੀਆਂ ਖਿਲਾਫ ਪਰਚਾ ਦਰਜ ਕਰ ਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਹੱਥ ਸੀਸੀਟੀਵੀ ਕੈਮਰਿਆਂ ਦੀਆਂ ਕੁਝ ਫੁਟੇਜ ਆਈਆਂ ਹਨ, ਜਿਸ ਦੇ ਆਧਾਰ ’ਤੇ ਹਮਲਾਵਰਾਂ ਦੀ ਸ਼ਨਾਖਤ ਤੇ ਗ੍ਰਿਫਤਾਰੀ ਲਈ ਉੱਦਮ ਕੀਤੇ ਜਾ ਰਹੇ ਹਨ।
Get all latest content delivered to your email a few times a month.